ਹਰਿਆਣਾ 'ਚ ਭਾਜਪਾ ਵੱਲੋਂ 60 ਸੀਟਾਂ ਜਿੱਤਣ ਦਾ ਦਾਅਵਾ
Posted on:- 16-09-2014
ਡੱਬਵਾਲੀ : ਮੱਧ ਪ੍ਰਦੇਸ਼ ਦੇ
ਮੰਤਰੀ ਅਤੇ ਹਰਿਆਣਾ ਭਾਜਪਾ ਦੇ ਚੋਣ ਇੰਚਾਰਜ਼ ਕੈਲਾਸ਼ ਵਿਜੈਵਰਗੀਏ ਨੇ ਕਿਹਾ ਕਿ ਹਰਿਆਣੇ
ਵਿੱਚ ਭਾਜਪਾ 60+ ਸੀਟਾਂ 'ਤੇ ਫਤਹਿ ਦਰਜ ਕਰਨ ਦਾ ਨਿਸ਼ਾਨਾ ਮਿੱਥਿਆ ਗਿਆ ਹੈ। ਭਾਜਪਾ ਨੇ
ਹਰਿਆਣੇ 'ਚ ਉਮੀਦਵਾਰਾਂ ਦੀ ਦੂਜੀ ਸੂਚੀ 21 ਸਤੰਬਰ ਨੂੰ ਜਾਰੀ ਕਰੇਗੀ।
ਉਹ ਅੱਜ
ਮੰਡੀ ਕਿੱਲਿਆਂਵਾਲੀ ਦੇ ਰੀਗਲ ਪੈਲਸ ਵਿਖੇ ਡੱਬਵਾਲੀ ਹਲਕੇ ਦੇ ਬੂਥ ਵਰਕਰ ਸੰਮੇਲਨ ਉਪਰੰਤ
ਪੱਤਰਕਾਰਾਂ ਗੱਲਬਾਤ ਕਰ ਰਹੇ ਸਨ। ਇਸ ਮੌਕੇ ਭਾਜਪਾ ਰਾਸ਼ਟਰੀ ਆਗੂ ਰਾਕੇਸ਼ ਜੈਨ, ਹਰਿਆਣਾ
ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਗਣੇਸ਼ੀ ਲਾਲ, ਜਿਲ੍ਹਾ ਇੰਚਾਰਜ਼ ਓਮ ਪ੍ਰਕਾਸ਼ (ਦਿੱਲੀ)
ਅਤੇ ਦੇਵ ਕੁਮਾਰ ਸ਼ਰਮਾ ਮੌਜੂਦ ਸਨ। ਉਨ੍ਹਾਂ ਕਿਹਾ ਵਿਧਾਨਸਭਾ ਚੋਣਾਂ ਲਈ ਰਣਨੀਤੀ ਤਿਆਰ
ਹੋ ਚੁੱਕੀ ਹੈ ਅਤੇ ਭਾਜਪਾ ਵੱਲੋਂ ਇਸਨੂੰ ਅਮਲੀਜਾਮਾ ਪਹਿਨਾਉਣ 'ਚ ਜੁਟੀ ਹੋਈ ਹੈ। ਇਹ
ਮੁਕਾਬਲਾ ਭ੍ਰਿਸ਼ਟਾਚਾਰ ਯੁਕਤ ਸਰਕਾਰ ਅਤੇ ਮਾਹੌਲ ਦੇ 3-ਜੀ (ਗੁਲਾਬੀ ਗੈਂਗ, ਗੁੰਡਾਗਰਦੀ
ਅਤੇ ਗ੍ਰੀਨ ਗਰਦੀ) ਅਤੇ ਭਾਜਪਾ ਦੇ ਏਜੰਡੇ 2-ਜੀ (ਗੁੱਡ ਗਵਰਨੈੱਸ) ਵਿੱਚਕਾਰ ਹੈ।
ਉਨ੍ਹਾਂ ਭਾਜਪਾ ਦੀ ਮੱਧ ਪ੍ਰਦੇਸ਼ ਸਰਕਾਰ ਅਤੇ ਹਰਿਆਣਾ ਦੀ ਹੁੱਡਾ ਸਰਕਾਰ ਦੇ ਮੁਕਾਬਲਤਨ
ਅੰਕੜੇ ਗਿਣਾਉਂਦਿਆਂ ਕਿਹਾ ਕਿ ਪਹਿਲਾਂ ਹਰਿਆਣੇ ਦੀ ਪਹਿਚਾਣ ਖੇਤੀ ਸੈਕਟਰ 'ਚ ਪਹਿਲੇ
ਨੰਬਰ 'ਤੇ ਹੁੰਦੀ ਸੀ, ਹੁਣ ਪਛੜ ਕਰ ਤੀਸਰੇ ਨੰਬਰ 'ਤੇ ਪੁੱਜ ਚੁੱਕੀ ਹੈ, ਜਦੋਂ ਕਿ ਮੱਧ
ਪ੍ਰਦੇਸ਼ ਪਹਿਲੇ ਨੰਬਰ 'ਤੇ।
ਉਨ੍ਹਾਂ ਕਿਹਾ ਕਿ ਹਰਿਆਣੇ ਦੀ ਪਛਾਣ ਭੂ-ਮਾਫੀਆ ਵਜੋਂ
ਬਣ ਚੁੱਕੀ ਹੈ। ਉਨ੍ਹਾਂ ਕਿਹਾ ਕਿ ਜਿਹੜੇ ਆਗੂ ਕੇਂਦਰ ਵਿੱਚ ਮੋਦੀ ਸਰਕਾਰ ਦੇ ਬਰਾਬਰ
ਖੁਦ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਦਾ ਉਮੀਦਵਾਰ ਮੰਨਦੇ ਸਨ ਅੱਜ ਉਨ੍ਹਾਂ ਨੂੰ ਆਪਣਾ
ਵਜੂਦ ਬਚਾਉਣ ਲਈ ਆਪਣੇ ਵਿਰੋਧੀਆਂ ਵਲੋਂ ਹੱਥ ਮਿਲਾਉਣਾ ਪੈ ਰਿਹਾ ਹੈ। ਉਨ੍ਹਾਂ ਦਾਅਵਾ
ਕੀਤਾ ਕਿ ਹਰਿਆਣੇ ਦੇ ਵਿਧਾਨਸਭਾ ਚੋਣਾ 'ਚ ਭਾਜਪਾ ਦੇ ਮੁਕਾਬਲੇ ਕੋਈ ਨਹੀਂ ਹੈ ਅਤੇ
ਕੇਂਦਰ ਵਾਂਗ ਹਰਿਆਣੇ 'ਚ ਵੀ ਵਿਰੋਧੀ ਧਿਰ ਦੀ ਕੁਰਸੀ ਖਾਲੀ ਰਹੇਗੀ। ਪੱਤਰਕਾਰਾਂ ਦੇ
ਸੁਆਲਾਂ ਦੇ ਜਵਾਬ 'ਚ ਸੂਬਾ ਚੋਣ ਇੰਚਾਰਜ ਨੇ ਦਾਅਵਾ ਕੀਤਾ ਕਿ ਰਾਜਸਥਾਨ, ਉੱਤਰ ਪ੍ਰਦੇਸ਼
ਤੇ ਬਿਹਾਰ ਦੀਆਂ ਜ਼ਿਮਨੀ ਚੋਣਾਂ ਦੇ ਨਤੀਜਿਆਂ 'ਚ ਭਾਜਪਾ ਨੂੰ ਮਿਲੀ ਹਾਰ ਦਾ ਹਰਿਆਣੇ ਦੇ
ਚੋਣ 'ਤੇ ਅਸਰ ਨਹੀਂ ਪਵੇਗਾ।
Ramesh Sethi
60 ਨਾਲੋ ਸਿਫਰ ਨੂ ਹਟਾ ਦਿਓ ਜੀ।