ਮਹਾਰਾਸ਼ਟਰ 'ਚ ਸੀਟਾਂ ਨੂੰ ਲੈ ਕੇ ਸ਼ਿਵ ਸੈਨਾ ਤੇ ਭਾਜਪਾ 'ਚ ਖਿੱਚੋਤਾਣ ਸਿੱਖਰਾਂ 'ਤੇ
Posted on:- 15-09-2014
ਮੁੰਬਈ
: ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਲਈ ਸੀਟਾਂ ਦੀ ਵੰਡ ਨੂੰ ਲੈ ਕੇ ਸ਼ਿਵ ਸੈਨਾ ਤੇ ਭਾਜਪਾ
ਵਿਚ ਖਿਚੋਤਾਣ ਸਿਖਰਾਂ 'ਤੇ ਹੈ। ਭਾਰਤੀ ਜਨਤਾ ਪਾਰਟੀ ਦੇ ਨਾਲ ਸੀਟਾਂ ਦੀ ਵੰਡ ਦੇ ਮੁੱਦੇ
'ਤੇ ਆਪਣਾ ਰੁਖ ਹੋਰ ਸਖ਼ਤ ਕਰਦਿਆਂ ਸ਼ਿਵ ਸੈਨਾ ਮੁਖੀ ਉਧਵ ਠਾਕਰੇ ਨੇ ਅੱਜ ਸੂਬਾ ਵਿਧਾਨ
ਸਭਾ ਚੋਣਾਂ ਵਿਚ ਭਾਜਪਾ ਦੇ 135 ਸੀਟਾਂ 'ਤੇ ਚੋਣ ਲੜਨ ਦੇ ਪ੍ਰ੍ਰਸਤਾਵ ਨੂੰ ਖਾਰਜ ਕਰ
ਦਿੱਤਾ ਹੈ। ਉਧਵ ਠਾਕਰੇ ਨੇ ਕਿਹਾ ਕਿ ਜੇਕਰ ਸੀਟਾਂ ਦੀ ਵੰਡ ਬਾਰੇ ਗੱਲਬਾਤ ਅਸਫ਼ਲ ਰਹਿੰਦੀ
ਹੈ ਤਾਂ ਇਕੱਲਿਆਂ ਚੋਣਾਂ ਲੜਨ ਦਾ ਬਦਲ ਖੁੱਲ੍ਹਾ ਹੈ। ਸ਼ਿਵ ਸੈਨਾ ਮੁਖੀ ਉਧਵ ਠਾਕਰੇ ਨੇ
ਕਿਹਾ ਕਿ ਭਾਜਪਾ ਨੇ ਇਕ ਪ੍ਰਸਤਾਵ ਪੇਸ਼ ਕੀਤਾ ਹੈ ਜਿਸ ਤਹਿਤ ਉਹ 135 ਸੀਟਾਂ 'ਤੇ ਚੋਣ
ਲੜਨਾ ਚਾਹੁੰਦੀ ਹੈ ਅਤੇ ਮੈਂ ਇਸ ਨੂੰ ਖਾਰਜ ਕਰ ਦਿੱਤਾ ਹੈ। ਇਸੇ ਦਰਮਿਆਨ ਭਾਜਪਾ ਦੇ
ਜਨਰਲ ਸਕੱਤਰ ਰਾਜੀਵ ਪ੍ਰਤਾਪ ਰੂੜੀ ਸੋਮਵਾਰ ਸ਼ਾਮ ਨੂੰ ਮੁੰਬਈ ਪਹੁੰਚ ਰਹੇ ਹਨ।
ਕਿਆਸਅਰਾਈਆ ਲਗਾਇਆ ਜਾ ਰਹੀਆਂ ਹਨ ਕਿ ਰੂੜੀ ਸ਼ਿਵ ਸੈਨਾ ਮੁਖੀ ਉਧਵ ਠਾਰਕੇ ਨੂੰ ਮਿਲਣਗੇ।
ਸੂਤਰਾਂ ਮੁਤਾਬਕ ਸੀਟਾਂ ਦੀ ਵੰਡ 'ਤੇ ਸ਼ਿਵ ਸੈਨਾ ਦੇ ਅਡੀਅਲ ਵਤੀਰੇ ਨੂੰ ਲੈ ਕੇ ਰੂੜੀ
ਭਾਜਪਾ ਲੀਡਰਸ਼ਿਪ ਦੀ ਨਾਰਾਜ਼ਗੀ ਉਨ੍ਹਾਂ ਸਾਹਮਣੇ ਰੱਖਣਗੇ।
ਉਧਵ ਠਾਕਰੇ ਨੇ ਇਹ
ਕਹਿੰਦਿਆਂ ਇਕੱਲੇ ਹੀ ਚੋਣਾਂ ਲੜਨ ਦੇ ਆਪਣੇ ਇਰਾਦੇ ਦਾ ਸੰਕੇਤ ਦਿੱਤਾ ਕਿ ਹਰ ਚੀਜ ਦਾ
ਕੋਈ ਬਦਲ ਹੁੰਦਾ ਹੈ।
ਬਹਰਹਾਲ ਉਧਵ ਠਾਕਰੇ ਨੇ ਇਹ ਵੀ ਸਪੱਸ਼ਟ ਕੀਤਾ ਕੀ ਸੀਟਾਂ ਦੀ ਵੰਡ
ਲਈ ਕੋਈ ਫ਼ਾਰਮੂਲਾ ਤਹਿ ਕਰਨ ਸਬੰਧੀ ਗੱਲਬਾਤ ਹਾਲੇ ਵੀ ਚਲ ਰਹੀ ਹੈ। ਸ਼ਿਵ ਸੈਨਾ ਮੁਖੀ ਨੇ
ਸ਼ਨੀਵਾਰ ਨੂੰ ਕਿਹਾ ਸੀ ਕਿ ਜੇਕਰ ਭਗਵਾ ਗਠਜੋੜ ਮਹਾਰਾਸ਼ਟਰ ਵਿਚ ਸੱਤਾ ਵਿਚ ਆਉਣਾ ਹੈ ਤਾਂ
ਅਗਲਾ ਮੁੱਖ ਮੰਤਰੀ ਸ਼ਿਵ ਸੈਨਾ ਤੋਂ ਹੋਵੇਗਾ। ਉਧਵ ਨੇ ਕਿਹਾ ਕਿ ਭਾਜਪਾ ਨੇ ਇਕ ਪੇਸ਼ਕਸ਼
ਦਿੱਤੀ ਜਿਸ ਤਹਿਤ ਉਹ 135 ਸੀਟਾਂ 'ਤੇ ਚੋਣ ਲੜਨਾ ਚਹੁੰਦੇ ਸਨ, ਜਿਸ ਨੂੰ ਮੈਂ ਰੱਦ ਕਰ
ਦਿੱਤਾ। ਸ਼ਿਵ ਸੈਨਾ ਮੁਖੀ ਨੇ ਕੇਂਦਰ ਵਿਚ ਸੱਤਾਧਾਰੀ ਐਨਡੀਏ ਦੇ ਦੋ ਸਭ ਤੋਂ ਪੁਰਾਣੇ
ਸਹਿਯੋਗੀਆਂ ਵਿਚਾਲੇ ਤਣਾਅ ਨੂੰ ਜੱਗ–ਜਾਹਿਰ ਕਰਦਿਆਂ ਕਿਹਾ ਕਿ ਹਰੇਕ ਚੀਜ ਦਾ ਬਦਲ ਹੁੰਦਾ
ਹੈ। ਮੈਂ ਭਾਜਪਾ ਨੂੰ ਇਹ ਦੱਸ ਦਿੱਤਾ ਕਿ ਵਿਧਾਨ ਸਭਾ ਸੀਟਾਂ ਦੀ ਗਿਣਤੀ ਉਤੇ ਤੁਸੀਂ ਇਕ
ਬਿੰਦੂ ਤੋਂ ਜ਼ਿਆਦਾ ਅੱਗੇ ਨਹੀਂ ਜਾ ਸਕਦੇ।
ਇਸ ਤਰ੍ਹਾਂ ਦੀਆਂ ਖ਼ਬਰਾਂ ਵੀ ਆ ਰਹੀਆਂ
ਹਨ ਕਿ ਦੋਵੇਂ ਪਾਰਟੀਆਂ ਗਠਜੋੜ ਨਾ ਹੋਣ ਦੀ ਸੂਰਤ ਵਿਚ ਇਕੱਲਿਆਂ ਮੈਦਾਨ ਵਿਚ ਉਤਰਨ ਅਤੇ
ਉਮੀਦਵਾਰ ਐਲਾਨਣ ਦੀਆਂ ਤਿਆਰੀਆਂ ਵਿਚ ਜੁਟ ਗਈਆਂ ਹਨ।