ਭਾਰਤ ਤੇ ਵੀਅਤਨਾਮ ਦਰਮਿਆਨ ਵੱਖ–ਵੱਖ ਖੇਤਰਾਂ 'ਚ 7 ਸਮਝੌਤੇ
Posted on:- 15-09-2014
ਹਨੋਈ : ਭਾਰਤ
ਅਤੇ ਵੀਅਤਨਾਮ ਨੇ ਭਾਰਤ ਦੇ ਰਾਸ਼ਟਰਪਤੀ ਪ੍ਰਣਬ ਮੁਖਰਜੀ ਦੇ ਦੌਰੇ ਦੌਰਾਨ ਸੋਮਵਾਰ ਨੂੰ
ਇੱਥੇ ਵੱਖ–ਵੱਖ ਖੇਤਰਾਂ 'ਚ 7 ਸਮਝੌਤਿਆਂ 'ਤੇ ਹਸਤਾਖ਼ਰ ਕੀਤੇ, ਜਿਨ੍ਹਾਂ 'ਚ ਰਣਨੀਤਕ
ਦ੍ਰਿਸ਼ਟੀ ਨਾਲ ਮਹੱਤਵਪੂਰਨ ਤੇਲ ਖੇਤਰ ਵਿਚ ਸਹਿਯੋਗ ਵਧਾਉਣ ਦਾ ਇਕ ਸਮਝੌਤਾ ਵੀ ਸ਼ਾਮਲ ਹੈ।
ਭਾਰਤ ਦੇ ਰਾਸ਼ਟਰਪਤੀ ਪ੍ਰਣਬ ਮੁਖਰਜੀ ਅਤੇ ਵੀਅਤਨਾਮ ਦੇ ਰਾਸ਼ਟਰਪਤੀ ਤੁਓਂਗ ਤਾਨ
ਸਾਂਗ ਦੀ ਮੌਜੂਦਗੀ 'ਚ ਜਹਾਜ਼ ਸੇਵਾ, ਤੇਲ ਦੀ ਖੋਜ ਸਮੇਤ 7 ਸਮਝੌਤੇ ਕੀਤੇ ਗਏ। ਰਾਸ਼ਟਰਪਤੀ
ਪ੍ਰਣਬ ਮੁਖਰਜੀ ਵੀਅਤਨਾਮ ਦੇ ਚਾਰ ਰੋਜ਼ਾ ਦੌਰੇ 'ਤੇ ਗਏ ਹੋਏ ਹਨ।
ਜਹਾਜ਼ ਸੇਵਾ ਦਾ
ਸਮਝੌਤਾ ਭਾਰਤੀ ਜਹਾਜ਼ ਕੰਪਨੀ ਜੈਟ ਏਅਰਵੇਜ ਅਤੇ ਏਅਰ ਵੀਅਤਨਾਮ ਦੇ ਵਿਚਾਲੇ ਹੋਇਆ ਹੈ।
ਦੱਖਣੀ ਚੀਨ ਸਾਗਰ ਵਿਚ ਤੇਲ ਦੀ ਖੋਜ ਲਈ ਦੋ ਵਾਧੂ ਬਲਾਕ ਦਿੱਤੇ ਜਾਣ ਦੇ ਸਬੰਧ ਵਿਚ
ਭਾਰਤੀ ਕੰਪਨੀ ਓਐਨਜੀਸੀ ਦੀ ਇਕਾਈ ਓਵੀਐਲ ਅਤੇ ਪੈਟਰੋ ਵੀਅਤਨਾਮ ਦੇ ਦਰਮਿਆਨ ਸਮਝੌਤੇ 'ਤੇ
ਦਸਤਖ਼ਤ ਹੋਏ। ਦੋਵੇਂ ਦੇਸ਼ਾਂ ਨੇ ਰਣਨੀਤਕ ਭਾਈਵਾਲੀ ਦੇ ਆਧਾਰ 'ਤੇ ਦੁਵੱਲੇ ਸਬੰਧਾਂ ਨੂੰ
ਹੋਰ ਮਜ਼ਬੂਤ ਬਣਾਉਣ ਦਾ ਫੈਸਲਾ ਕੀਤਾ ਹੈ।
ਦੋਵੇਂ ਦੇਸ਼ਾਂ ਦੇ ਦਰਮਿਆਨ ਇਨ੍ਹਾਂ ਤੋਂ
ਇਲਾਵਾ ਰਾਜਨੀਤਕ, ਪ੍ਰਤੀਰੱਖਿਆ ਤੇ ਸੁਰੱਖਿਆ, ਆਰਥਿਕ, ਵਿਗਿਆਨ ਅਤੇ ਤਕਨੀਕ, ਸੱਭਿਆਚਾਰ
ਅਤੇ ਲੋਕਾਂ ਦੇ ਵਿਚਾਲੇ ਸੰਪਰਕ, ਖੇਤੀ ਖੇਤਰ ਵਿਚ ਸਹਿਯੋਗ, ਪਸ਼ੂ ਸਿਹਤ ਦੇ ਮਾਮਲੇ 'ਚ
ਆਮ, ਸੀਮਾ ਮਹਿਸੂਲ ਦੇ ਮਾਮਲੇ ਵਿਚ ਸਹਿਯੋਗ ਅਤੇ ਯੁਵਾ ਮਾਮਲਿਆਂ ਤੇ ਕੌਸ਼ਲ ਵਿਕਾਸ ਦੇ
ਸਬੰਧ ਵਿਚ ਸਮਝੌਤੇ ਹੋਏ ਹਨ। ਜਹਾਜ਼ ਸੇਵਾ ਦੇ ਖੇਤਰ ਵਿਚ ਹੋਏ ਸਮਝੌਤੇ ਤੋਂ ਬਾਅਦ ਜੈਟ
ਏਅਰਵੇਜ ਦੇ ਮੁਖੀ ਨਰੇਸ਼ ਗੋਇਲ ਨੇ ਦੱਸਿਆ ਕਿ ਪੰਜ ਨਵੰਬਰ ਤੋਂ ਵੀਅਤਨਾਮ ਲਈ ਰੋਜ਼ਾਨਾ
ਸਿੱਧੀ ਉਡਾਨ ਸ਼ੁਰੂ ਹੋ ਜਾਵੇਗੀ। ਇਸ ਲਈ ਬੁਕਿੰਗ ਸ਼ੁਰੂ ਹੋ ਗਈ ਹੈ।
ਪ੍ਰਣਬ ਮੁਖਰਜੀ
ਨੇ ਅੱਜ ਬੋਧ ਗਿਯਾ ਦੇ ਪ੍ਰਸਿੱਧ ਬੋਧੀ ਦਰਖ਼ਤ ਦਾ ਇਕ ਪੌਦਾ ਰਾਸ਼ਟਰਪਤੀ ਮਹਿਲ ਵਿਚ ਦਿੱਤਾ।
ਸ੍ਰੀ ਮੁਖਰਜੀ ਨੇ ਇਹ ਪੌਦਾ ਤਓਂਗ ਤਾਨ ਸਾਂਗ ਨੂੰ ਇਕ ਮੁਲਾਕਾਤ ਵਜੋਂ ਦਿੱਤਾ ਸੀ।
ਰਾਸ਼ਟਰਪਤੀ ਦੀ ਇਹ ਯਾਤਰਾ ਵੀਅਤਨਾਮ–ਭਾਰਤ ਦੁਵੱਲੇ ਸਬੰਧਾਂ ਦੇ ਪੰਜ ਦਹਾਕੇ ਪੂਰੇ ਹੋਣ ਦੇ
ਟੀਚੇ ਵਿਚ ਹੋ ਰਹੀ ਹੈ। ਭਾਰਤ ਅਤੇ ਵੀਅਤਨਾਮ ਵਿਚਾਲੇ ਬਹੁਤ ਪੁਰਾਣੇ ਅਤੇ ਭਾਵਨਾਤਮਕ
ਸਬੰਧ ਰਹੇ ਹਨ। ਸ੍ਰੀ ਮੁਖਰਜੀ ਦੇ ਨਾਲ ਇਕ ਵਫ਼ਦ ਵੀ ਵੀਅਤਨਾਮ ਗਿਆ ਹੈ, ਜਿਸ ਵਿਚ
ਪੈਟਰੋਲਿਮ ਅਤੇ ਕੁਦਰਤੀ ਗੈਸ ਮੰਤਰੀ ਧਰਮਿੰਦਰ ਪ੍ਰਧਾਨ, ਸਾਂਸਦ ਪੀਸੀ ਮੋਹਨ, ਸੂਪ੍ਰਿਆ
ਸੂਲੇ, ਭਰਤਹਰੀ ਮਹਿਤਾਬ, ਪ੍ਰਵੇਸ਼ ਵਰਮਾ, ਕੇਵੀ ਥਾਮਸ ਅਤੇ ਡਾਕਟਰ ਪੰਨੂਸਵਾਮੀ, ਵੈਨੂ
ਗੋਪਾਲ ਸ਼ਾਮਲ ਹਨ।
ਜ਼ਿਕਰਯੋਗ ਹੈ ਕਿ ਦੋਵੇਂ ਦੇਸ਼ਾਂ ਦੇ ਦਰਮਿਆਨ ਦੁਵੱਲਾ ਨਿਵੇਸ਼
ਸੁਰੱਖਿਆ ਸਮਝੌਤਾ 1997 ਵਿਚ ਹੋਇਆ ਸੀ । ਦੋਵੇਂ ਦੇਸ਼ਾਂ ਦੇ ਦੁਵੱਲੇ ਸਬੰਧਾਂ ਨੂੰ 2006
ਵਿਚ ਰਣਨੀਤਕ ਭਾਈਵਾਲੀ ਐਲਾਨ ਕੀਤਾ ਗਿਆ ਸੀ ਅਤੇ 2008 ਵਿਚ ਸੁਰੱਖਿਆ ਸਹਿਯੋਗ ਤੇ 2009
ਵਿਚ ਰੱਖਿਆ ਸਹਿਯੋਗ ਕਰਾਰ ਹੋਇਆ ਸੀ। ਦੋਵੇਂ ਦੇਸ਼ਾਂ ਨੇ 2011 ਵਿਚ ਵਾਤਾਵਰਣ ਸਬੰਧੀ ਤੇ
ਦਸਤਖ਼ਤ ਕੀਤੇ ਅਤੇ ਭਾਰਤ–ਆਸ਼ਿਆਨ ਵਸਤੂ ਮੁਕਤ ਵਪਾਰ ਕਰਾਰ ਹੋਇਆ ਸੀ। ਵੀਅਤਨਾਮ ਸੰਯੁਕਤ
ਰਾਸ਼ਟਰ ਸੁਰੱਖਿਆ ਕੌਂਸਲ ਵਿਚ ਭਾਰਤ ਦੀ ਪੱਕੀ ਮੈਂਬਰਸ਼ਿਪ ਦਾ ਸਮਰਥਨ ਕਰਦਾ ਹੈ। ਦੋਵੇਂ
ਦੇਸ਼ਾਂ ਦੇ ਦਰਮਿਆਨ ਦੁਵੱਲਾ ਵਪਾਰ 2013–14 ਵਿਚ 30 ਫ਼ੀਸਦੀ ਵੱਧ ਕੇ 8 ਅਰਬ ਡਾਲਰ ਪਹੁੰਚ
ਗਿਆ, ਜਿਸ ਨੂੰ 2020 ਤੱਕ 15 ਅਰਬ ਡਾਲਰ ਤੱਕ ਲੈ ਜਾਣ ਦਾ ਟੀਚਾ ਹੈ।