ਜੰਮੂ ਕਸ਼ਮੀਰ : ਹੜ੍ਹਾ ਦੀ ਮਾਰਚ 'ਚ ਲੱਖਾਂ ਲੋਕ ਉਡੀਕ ਰਹੇ ਨੇ ਮਦਦ
Posted on:- 11-09-2014
ਸ੍ਰੀਨਗਰ :
ਜੰਮੂ-ਕਸ਼ਮੀਰ ਵਿੱਚ ਪਾਣੀ ਦਾ ਪੱਧਰ ਹੌਲੀ-ਹੌਲੀ ਘਟਣਾ ਸ਼ੁਰੂ ਹੋ ਗਿਆ ਹੈ, ਜਿਸ ਨਾਲ ਰਾਹਤ
ਤੇ ਬਚਾਅ ਕਾਰਜਾਂ ਵਿੱਚ ਤੇਜ਼ੀ ਆਈ ਹੈ। ਫੌਜ ਨੇ ਅੱਜ ਦੋ ਹਜ਼ਾਰ ਹੋਰ ਲੋਕਾਂ ਨੂੰ
ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਅਤੇ ਉਨ੍ਹਾਂ ਸਥਾਨਾਂ 'ਤੇ ਰਾਹਤ ਸਮੱਗਰੀ ਪਹੁੰਚਾਈ ਜੋ
ਹਾਲੇ ਵੀ ਪਾਣੀ ਦੀ ਮਾਰ ਹੇਠ ਹਨ। ਹੜ੍ਹ ਪ੍ਰਭਾਵਤ ਕਸ਼ਮੀਰ ਘਾਟੀ 'ਚ ਹਾਲੇ ਵੀ 5 ਲੱਖ
ਤੋਂ ਵਧ ਲੋਕ ਵੱਖ-ਵੱਖ ਥਾਵਾਂ 'ਤੇ ਫਸੇ ਹੋਏ ਰਾਹਤ ਦੀ ਉਡੀਕ 'ਚ ਹਨ। ਹਾਲਾਂਕਿ ਜੇਹਲਮ
ਅਤੇ ਹੋਰ ਦਰਿਆਵਾਂ 'ਚ ਪਾਣੀ ਦਾ ਪੱਧਰ ਲਗਾਤਾਰ ਘਟ ਹੋ ਰਿਹਾ ਹੈ, ਜਿਸ ਨਾਲ ਥੋੜੀ ਰਾਹਤ
ਮਿਲੀ ਹੈ।
ਇੱਕ ਸੀਨੀਅਰ ਅਧਿਕਾਰੀ ਨੇ ਅੱਜ ਦੱਸਿਆ ਕਿ ਜੇਹਲਮ ਦਰਿਆ 'ਚ ਪਾਣੀ ਦਾ
ਪੱਧਰ 4 ਫੁੱਟ ਤੱਕ ਘੱਟ ਹੋਇਆ ਹੈ ਜੋ ਘਾਟੀ ਲਈ ਰਾਹਤ ਵਾਲੀ ਗੱਲ ਹੈ। ਪਰ ਸ੍ਰੀਨਗਰ ਸ਼ਹਿਰ
'ਚ ਹੁਣ ਵੀ ਵੱਡੀ ਚੁਣੌਤੀ ਹੈ, ਜਿੱਥੇ ਕਰੀਬ 5 ਲੱਖ ਲੋਕ ਫਸੇ ਹੋਏ ਹਨ, ਉਥੇ ਹੀ ਮੌਤਾਂ
ਦੀ ਗਿਣਤੀ 300 ਤੋਂ ਟੱਪ ਚੁੱਕੀ ਹੈ। ਸੰਚਾਰ ਵਿਵਸਥਾ ਕੁਝ ਹੱਦ ਤੱਕ ਕਾਇਮ ਹੋਈ ਹੈ।
ਫੌਜ ਦੀਆਂ ਕਈ ਟੀਮਾਂ ਦਿਨ-ਰਾਤ ਇੱਕ ਕਰਕੇ ਰਾਹਤ ਕੰਮਾਂ ਵਿੱਚ ਲੱਗੀਆਂ ਹੋਈਆਂ ਹਨ ਅਤੇ
ਸਿਰਫ਼ ਸ੍ਰੀਨਗਰ ਤੋਂ ਹੀ 800 ਤੋਂ ਵਧ ਲੋਕਾਂ ਨੂੰ ਸੁਰੱਖਿਅਤ ਕੱਢਿਆ ਗਿਆ ਹੈ। ਹੁਣ ਤੱਕ
ਘੱਟ ਤੋਂ ਘੱਟ 82 ਹਜ਼ਾਰ ਲੋਕਾਂ ਨੂੰ ਵੱਖ ਵੱਖ ਥਾਵਾਂ ਤੋਂ ਸੁਰੱਖਿਅਤ ਕੱਢ ਕੇ ਰਾਹਤ
ਕੈਂਪਾਂ ਵਿੱਚ ਪਹੁੰਚਾਇਆ ਗਿਆ ਹੈ। ਪੂਰੇ ਸੂਬੇ ਵਿੱਚ ਇਸ ਹੜ੍ਹ ਨਾਲ ਪ੍ਰਭਾਵਤ 5 ਲੱਖ
ਲੋਕ ਹਾਲੇ ਵੀ ਰਾਹਤ ਦੀ ਉਡੀਕ 'ਚ ਹਨ। ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ
ਇਲਾਕਿਆਂ ਵਿੱਚ ਵੀ ਖ਼ਾਣ ਦਾ ਸਾਮਾਨ ਪਹੁੰਚਾਇਆ ਜਾ ਰਿਹਾ ਹੈ, ਜਿੱਥੇ ਲੋਕਾਂ ਨੂੰ ਕੋਈ
ਰਾਹਤ ਸਮੱਗਰੀ ਨਹੀਂ ਪਹੁੰਚੀ ਜਾਂ ਉਹ ਫਸੇ ਹੋਏ ਹਨ। ਹੁਣ ਤੱਕ 807 ਟਨ ਖ਼ੁਰਾਕ ਸਮੱਗਰੀ
ਹੜ੍ਹ ਪ੍ਰਭਾਵਤ ਇਲਾਕਿਆਂ ਵਿੱਚ ਪਹੁੰਚਾਈ ਗਈ ਹੈ। ਲੈਫਟੀਨੈਂਟ ਜਨਰਲ ਡੀਐਸ ਹੁਡਾ ਨੇ
ਦੱਸਿਆ ਕਿ ਸ੍ਰੀਨਗਰ ਦੇ ਪੱਛਮੀ ਹਿੱਸੇ ਵਿੱਚ ਹਾਲਾਤ ਕਾਫ਼ੀ ਸੁਧਰੇ ਹਨ। ਸ੍ਰੀਨਗਰ ਵਿੱਚ
ਪਾਣੀ ਦਾ ਪੱਧਰ ਹੇਠਾਂ ਆਇਆ ਹੈ। ਇੱਥੇ ਪਾਣੀ 6 ਫੁੱਟ ਤੱਕ ਹੇਠਾਂ ਆਇਆ ਜੋ ਵੱਡੀ ਰਾਹਤ
ਵਾਲੀ ਗੱਲ ਹੈ, ਪਰ ਸ਼ਹਿਰ ਵਿੱਚ ਹੁਣ ਵੀ ਕਈ ਥਾਵਾਂ 'ਤੇ ਪਾਣੀ ਭਰਿਆ ਹੋਇਆ ਹੈ। ਉਨ੍ਹਾਂ
ਦੱਸਿਆ ਕਿ ਸ੍ਰੀਨਗਰ ਤੋਂ ਦੂਰ ਅਵੰਤੀਪੁਰਾ ਜਿਹੇ ਇਲਾਕਿਆਂ ਵਿੱਚ ਸੜਕਾਂ ਕੁਝ ਠੀਕ ਹੋਈਆਂ
ਹਨ, ਇਸ ਲਈ ਹੁਣ ਉਥੇ ਸੰਕਟ ਦੀ ਸਥਿਤੀ ਨਹੀਂ ਹੈ। ਫੌਜ ਦਾ ਕਹਿਣਾ ਹੈ ਕਿ ਕਈ ਲੋਕ ਹੁਣ
ਵੀ ਆਪਣੇ ਘਰਾਂ ਨੂੰ ਛੱਡ ਕੇ ਜਾਣਾ ਨਹੀਂ ਚਾਹੁੰਦੇ, ਇਸ ਲਈ ਹੁਣ ਰਾਹਤ ਕੰਮਾਂ ਵਿੱਚ
ਅਜਿਹੇ ਲੋਕਾਂ ਤੱਕ ਪਾਣੀ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇੱਕ ਸੀਨੀਅਰ ਫੌਜ
ਅਧਿਕਾਰੀ ਨੇ ਕਿਹਾ ਕਿ ਅਸੀਂ ਦੇਖ਼ ਰਹੇ ਹਾਂ ਕਿ ਪਾਣੀ ਦਾ ਪੱਧਰ ਘੱਟ ਹੋ ਰਿਹਾ ਹੈ ਅਤੇ
ਲੋਕ ਹੁਣ ਆਪਣੇ ਘਰਾਂ ਨੂੰ ਛੱਡ ਕੇ ਜਾਣਾ ਨਹੀਂ ਚਾਹ ਰਹੇ, ਇਸ ਲਈ ਅਸੀਂ ਬਚਾਅ ਕਾਰਜਾਂ
ਦੇ ਨਾਲ-ਨਾਲ ਅਜਿਹੇ ਲੋਕਾਂ ਤੱਕ ਰਾਹਤ ਸਮੱਗਰੀ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ।