ਚੋਣ ਕਮਿਸ਼ਨ ਵੱਲੋਂ ਭਾਜਪਾ ਸਾਂਸਦ ਯੋਗੀ ਅਦਿੱਤਿਆਨਾਥ 'ਤੇ ਸ਼ਿਕਾਇਤ ਦਰਜ ਕਰਨ ਦਾ ਹੁਕਮ
Posted on:- 11-09-2014
ਨਵੀਂ ਦਿੱਲੀ : ਚੋਣ
ਕਮਿਸ਼ਨ ਨੇ ਭਾਰਤੀ ਜਨਤਾ ਪਾਰਟੀ ਦੇ ਸਾਂਸਦ ਯੋਗੀ ਅਦਿੱਤਿਆਨਾਥ ਨੂੰ ਆਦਰਸ਼ ਚੋਣ ਜ਼ਾਬਤੇ
ਦੇ ਉਲੰਘਣ ਦਾ ਦੋਸ਼ੀ ਕਰਾਰ ਦਿੰਦਿਆਂ ਉਨ੍ਹਾਂ ਦੀ ਖਿਚਾਈ ਕੀਤੀ ਅਤੇ ਉਤਰ ਪ੍ਰਦੇਸ਼ ਦੇ
ਮੁੱਖ ਚੋਣ ਅਧਿਕਾਰੀ ਨੂੰ ਉਨ੍ਹਾਂ ਖਿਲਾਫ਼ ਸ਼ਿਕਾਇਤ ਦਰਜ ਕਰਨ ਦਾ ਹੁਕਮ ਦਿੱਤਾ ਹੈ।
ਕਮਿਸ਼ਨ
ਨੇ ਯੋਗੀ ਅਦਿੱਤਿਆਨਾਥ ਨੂੰ ਤਾੜਨਾ ਕੀਤੀ ਕਿ ਉਹ ਭਵਿੱਖ 'ਚ ਭੜਕਾਊ ਭਾਸ਼ਾ ਦਾ ਇਸਤੇਮਾਲ
ਨਾ ਕਰਨ।
ਕਮਿਸ਼ਨ ਨੇ ਯੋਗੀ ਅਦਿੱਤਿਆਨਾਥ ਨੂੰ ਉਤਰ ਪ੍ਰਦੇਸ਼ ਦੇ ਨੋਇਡਾ ਵਿਧਾਨ ਸਭਾ ਹਲਕੇ
'ਚ 7 ਸਤੰਬਰ ਨੂੰ ਦਿੱਤੇ ਗਏ ਭੜਕਾਊ ਭਾਸ਼ਣ 'ਤੇ ਬੀਤੇ ਮੰਗਲਵਾਰ ਨੂੰ ਨੋਟਿਸ ਜਾਰੀ
ਕਰਦਿਆਂ ਜਵਾਬ ਮੰਗਿਆ ਸੀ।
ਸਾਂਸਦ ਦੇ ਜਵਾਬ ਦਾ ਨੋਟਿਸ ਲੈਂਦਿਆਂ ਕਮਿਸ਼ਨ ਨੇ ਯੋਗੀ
ਅਦਿੱਤਿਆਨਾਥ ਦੀਆਂ ਦਲੀਲਾਂ ਨੂੰ ਖਾਰਜ਼ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਆਪਣੇ ਭਾਸ਼ਣ ਵਿੱਚ
ਧਰਮ ਦੇ ਆਧਾਰ 'ਤੇ ਪਾਰਟੀ ਦੇ ਹੱਕ 'ਚ ਵੋਟਾਂ ਮੰਗੀਆਂ ਸਨ। ਕਮਿਸ਼ਨ ਨੇ ਕਿਹਾ ਕਿ ਉਨ੍ਹਾਂ
ਦਾ ਭਾਸ਼ਣ ਧਾਰਮਿਕ ਭਾਵਨਾਵਾਂ ਭੜਕਾਉਣ ਅਤੇ ਤਣਾਅ ਪੈਦਾ ਕਰਨ ਵਾਲਾ ਸੀ।
ਚੋਣ ਕਮਿਸ਼ਨ
ਨੇ ਉਤਰ ਪ੍ਰਦੇਸ਼ ਦੇ ਮੁੱਖ ਚੋਣ ਅਧਿਕਾਰੀ ਨੂੰ ਅੱਜ ਭੇਜੇ ਗਏ ਇੱਕ ਪੱਤਰ ਵਿੱਚ ਪੁੱਛਿਆ
ਹੈ ਕਿ ਗੌਤਮ ਬੁੱਧ ਨਗਰ ਦੇ ਜ਼ਿਲ੍ਹਾ ਅਧਿਕਾਰੀ ਅਤੇ ਜ਼ਿਲ੍ਹਾ ਚੋਣ ਅਧਿਕਾਰੀ ਦੇ 8 ਸਤੰਬਰ
ਨੂੰ ਭੇਜੇ ਗਏ ਪੱਤਰ ਦੇ ਆਧਾਰ 'ਤੇ ਕੀ ਯੋਗੀ ਅਦਿੱਤਿਆਨਾਥ ਦੇ ਖਿਲਾਫ਼ ਇਸ ਮਾਮਲੇ ਵਿੱਚ
ਸ਼ਿਕਾਇਤ ਦਰਜ ਕੀਤੀ ਗਈ ਹੈ। ਚੋਣ ਕਮਿਸ਼ਨ ਨੇ ਹੁਕਮ ਦਿੱਤਾ ਕਿ ਜੇਕਰ ਹੁਣ ਤੱਕ ਅਜਿਹਾ
ਨਹੀਂ ਕੀਤਾ ਗਿਆ ਤਾਂ ਸਬੰਧਤ ਜ਼ਿਲ੍ਹੇ ਦੇ ਅਧਿਕਾਰੀਆਂ ਨੂੰ ਯੋਗੀ ਅਦਿੱਤਿਆਨਾਥ ਦੇ ਖਿਲਾਫ਼
ਲੋਕ ਨੁਮਾਇੰਦਾ ਕਾਨੂੰਨ ਦੀ ਧਾਰਾ 125 ਅਤੇ ਆਈਪੀਸੀ ਦੀ ਧਾਰਾ 153 ਏ, 295 ਏ ਅਤੇ 505
ਦੇ ਤਹਿਤ ਸ਼ਿਕਾਇਤ ਦਰਜ ਕਰਨ ਲਈ ਕਿਹਾ ਜਾਵੇ।
ਕਮਿਸ਼ਨ ਨੇ ਇਸ ਸਬੰਧ ਵਿੱਚ ਕੱਲ੍ਹ ਸ਼ਾਮ
5.00 ਵਜੇ ਤੱਕ ਪਾਲਣ ਰਿਪੋਰਟ ਭੇਜਣ ਨੂੰ ਕਿਹਾ ਹੈ। ਯੋਗੀ ਅਦਿੱਤਿਆਨਾਥ ਦੇ ਜਵਾਬ 'ਚ
ਕਮਿਸ਼ਨ ਨੇ ਕਿਹਾ ਕਿ ਉਨ੍ਹਾਂ ਦੀ ਇਹ ਦਲੀਲ ਸਹੀ ਨਹੀਂ ਹੈ ਕਿ ਉਨ੍ਹਾਂ ਦਾ ਭਾਸ਼ਣ ਕੁਲ
ਮਿਲਾ ਕੇ ਧਾਰਮਿਕ ਹੌਸਲਾ ਵਧਾਉਣ ਲਈ ਸੀ। ਕਮਿਸ਼ਨ ਨੇ ਯੋਗੀ ਅਦਿੱਤਿਆਨਾਥ ਦੇ ਜਵਾਬ ਵਿੱਚ
ਕਹੀ ਗਈ ਇਸ ਗੱਲ ਨੂੰ ਵੀ ਗਲਤ ਦੱਸਿਆ ਕਿ ਕਮਿਸ਼ਨ ਦੇ ਨੋਟਿਸ ਨਾਲ ਜ਼ਿਲ੍ਹਾ ਚੋਣ ਅਧਿਕਾਰੀ
ਦੀ ਰਿਪੋਰਟ ਦੀ ਕਾਪੀ ਨਹੀਂ ਲਗਾਈ ਗਈ ਸੀ। ਕਮਿਸ਼ਨ ਨੇ ਕਿਹਾ ਕਿ ਇਸ ਕਾਪੀ ਦੇ ਨਾਲ-ਨਾਲ
ਉਨ੍ਹਾਂ ਦੀ ਭਾਸ਼ਣ ਦੀ ਸੀਡੀ ਅਤੇ ਪ੍ਰੈਸ ਰਿਪੋਰਟ ਦੀ ਕਾਪੀ ਵੀ ਉਨ੍ਹ ਨੂੰ ਭੇਜੀ ਗਈ ਸੀ।
ਕਮਿਸ਼ਨ ਨੇ ਇਸ ਗੱਲ ਨੂੰ ਵੀ ਸਹੀ ਨਹੀਂ ਮੰਨਿਆ ਕਿ ਨੋਟਿਸ ਦਾ ਜਵਾਬ ਉਨ੍ਹਾਂ ਨੇ ਆਪਣੇ
ਦਸਤਖ਼ਤ ਨਾਲ ਨਹੀਂ, ਸਗੋਂ ਵਕੀਲ ਰਾਹੀਂ ਭੇਜਿਆ ਹੈ। ਕਮਿਸ਼ਨ ਨੇ ਕਿਹਾ ਕਿ ਇਸ ਤਰ੍ਹਾਂ
ਯੋਗੀ ਅਦਿੱਤਿਆਨਾਥ ਨੇ ਚੋਣ ਜ਼ਾਬਤੇ ਦਾ ਉਲੰਘਣ ਕੀਤਾ ਹੈ।