ਭਾਜਪਾ ਪ੍ਰਧਾਨ ਅਮਿਤ ਸ਼ਾਹ ਭੜਕਾਊ ਭਾਸ਼ਣ ਕਾਰਨ ਸੁਰਖੀਆਂ 'ਚ
Posted on:- 10-9-2014
ਮੁਜ਼ੱਫ਼ਰਨਗਰ : ਭਾਰਤੀ
ਜਨਤਾ ਪਾਰਟੀ ਦੇ ਪ੍ਰਧਾਨ ਅਮਿਤ ਸ਼ਾਹ ਦੇ ਖਿਲਾਫ਼ ਭੜਕਾਊ ਭਾਸ਼ਣ ਦੇਣ ਦੇ ਦੋਸ਼ਾਂ 'ਚ ਦਰਜ
ਮੁਕੱਦਮੇ 'ਚ ਨਵੀਂ ਮੰਡੀ ਕੋਤਵਾਲੀ ਪੁਲਿਸ ਨੇ ਅੱਜ ਸਥਾਨਕ ਅਦਾਲਤ ਵਿੱਚ ਦੋਸ਼ ਪੱਤਰ ਦਾਖ਼ਲ
ਕੀਤਾ ਹੈ। ਦੋਸ਼ ਪੱਤਰ ਵਿੱਚ ਪੁਲਿਸ ਨੇ 4 ਗੰਭੀਰ ਧਾਰਾਵਾਂ ਹੋਰ ਲਗਾ ਦਿੱਤੀਆਂ ਹਨ।
ਜ਼ਿਕਰਯੋਗ ਹੈ ਕਿ ਲੋਕ ਸਭਾ ਚੋਣਾਂ ਦੌਰਾਨ ਅਮਿਤ ਸ਼ਾਹ ਇੱਥੇ ਦਿੱਤੇ ਗਏ ਭੜਕਾਊ ਭਾਸ਼ਣ ਨੂੰ
ਦੇ ਕੇ ਸੁਰਖੀਆਂ ਵਿੱਚ ਆ ਗਏ ਸਨ।
ਅਮਿਤ ਸ਼ਾਹ (49) ਦੇ ਵਿਰੁੱਧ ਇੱਥੇ ਇੱਕ ਅਦਾਲਤ
ਵਿੱਚ ਧਰਮ, ਨਸਲ, ਜਾਤ ਅਤੇ ਭਾਈਚਾਰੇ ਦੇ ਆਧਾਰ 'ਤੇ ਕਥਿਤ ਤੌਰ 'ਤੇ ਵੋਟਾਂ ਮੰਗਣ ਕਾਰਨ
ਦੋਸ਼ ਪੱਤਰ ਦਾਖ਼ਲ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਜੇਕਰ ਅਮਿਤ ਸ਼ਾਹ ਦੋਸ਼ੀ ਪਾਏ ਗਏ ਤਾਂ
ਉਨ੍ਹਾਂ ਨੂੰ ਤਿੰਨ ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। ਲੋਕ ਸਭਾ ਚੋਣਾਂ ਦੌਰਾਨ ਇੱਥੇ
ਭੜਕਾਊ ਭਾਸ਼ਣ ਦੇਣ ਦੇ ਦੋਸ਼ ਵਿੱਚ ਚੋਣਾਂ ਸਬੰਧੀ ਜ਼ਿੰਮੇਵਾਰ ਸੰਭਾਲ ਰਹੇ ਚੱਕਬੰਦੀ
ਅਧਿਕਾਰੀ ਰਾਮ ਕੁਮਾਰ ਨੇ ਸ਼ਾਹ ਖਿਲਾਫ਼ ਲੋਕ ਨੁਮਾਇੰਦਾ ਅਧਿਨਿਯਮ ਸਮੇਤ ਕਈ ਧਾਰਾਵਾਂ 'ਚ
ਮੁਕੱਦਮਾ ਦਰਜ ਕਰਵਾਇਆ ਸੀ।
ਸਥਾਨਕ ਪੁਲਿਸ ਨੇ ਅਮਿਤ ਸ਼ਾਹ ਦੁਆਰਾ ਚਾਰ ਅਪ੍ਰੈਲ ਨੂੰ
ਦਿੱਤੇ ਗਏ ਭਾਸ਼ਣ ਦੀ ਇੱਕ ਵੀਡੀਓ ਕਲਿਪ ਨੂੰ ਆਧਾਰ ਮੰਨ ਕੇ ਚਾਰਜਸ਼ੀਟ ਤਿਆਰ ਕੀਤੀ ਹੈ,
ਜਿਸ ਵਿੱਚ ਉਨ੍ਹਾਂ 'ਤੇ ਫਿਰਕੂ ਦੰਗੇ ਫੈਲਾਉਣ, ਦੋ ਭਾਈਚਾਰਿਆਂ ਨੂੰ ਭੜਕਾਉਣ ਦੇ ਗੰਭੀਰ
ਦੋਸ਼ ਹਨ।
ਦੱਸਣਾ ਬਣਦਾ ਹੈ ਕਿ ਅਮਿਤ ਸ਼ਾਹ 'ਤੇ ਦੋਸ਼ ਹਨ ਕਿ ਉਨ੍ਹਾਂ ਨੇ ਦੰਗਾ
ਪ੍ਰਭਾਵਤ ਮੁਜ਼ੱਫ਼ਰਨਗਰ ਵਿੱਚ 4 ਅਪ੍ਰੈਲ ਨੂੰ ਭੜਕਾਊ ਭਾਸ਼ਣ ਦਿੱਤਾ ਸੀ। ਅਮਿਤ ਸ਼ਾਹ ਨੇ ਇਸੇ
ਸਾਲ 4 ਅਪ੍ਰੈਲ ਨੂੰ ਲੋਕ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਮੁਜ਼ੱਫ਼ਰਨਗਰ ਵਿੱਚ ਇੱਕ ਰੈਲੀ
ਵਿੱਚ ਕਿਹਾ ਸੀ ਕਿ ਆਮ ਚੋਣਾਂ ਪਿਛਲੇ ਸਾਲ ਮੁਜ਼ੱਫ਼ਰਨਗਰ ਵਿੱਚ ਫਿਰਕੂ ਦੰਗਿਆਂ 'ਚ ਹੋਏ
ਅਪਮਾਨ ਦਾ ਬਦਲਾ ਲੈਣ ਦਾ ਮੌਕਾ ਹੈ।
ਸ੍ਰੀ ਸ਼ਾਹ ਨੇ ਕਿਹਾ ਸੀ ''ਉਤਰ ਪ੍ਰਦੇਸ਼ ਅਤੇ
ਖਾਸ ਕਰ ਪੱਛਮੀ ਉਤਰ ਪ੍ਰਦੇਸ਼ ਲਈ ਇਹ ਚੋਣਾਂ ਸਨਮਾਨ ਦੀ ਲੜਾਈ ਹੈ। ਇਹ ਚੋਣਾਂ ਉਨ੍ਹਾਂ
ਲੋਕਾਂ ਨੂੰ ਸਬਕ ਸਿਖਾਉਣ ਦਾ ਮੌਕਾ ਹੈ, ਜਿਨ੍ਹਾਂ ਨੇ ਜੁਲਮ ਢਾਹੇ ਹਨ।'' ਅਮਿਤ ਸ਼ਾਹ ਨੇ
ਕਥਿਤ ਤੌਰ 'ਤੇ ਇਹ ਵੀ ਕਿਹਾ ਸੀ ''ਆਦਮੀ ਭੋਜਨ ਅਤੇ ਨੀਂਦ ਤੋਂ ਬਿਨਾਂ ਜੀਅ ਸਕਦਾ ਹੈ,
ਭੁੱਖਾ ਪਿਆਸਾ ਹੋਣ 'ਤੇ ਵੀ ਜੀਅ ਸਕਦਾ ਹੈ, ਪਰ ਬੇਇੱਜ਼ਤ ਹੋਣ 'ਤੇ ਉਹ ਜੀਅ ਨਹੀਂ
ਸਕਦਾ।'' ਸ੍ਰੀ ਸ਼ਾਹ 'ਤੇ ਦੋਸ਼ ਹਨ ਕਿ ਉਸੇ ਦਿਨ ਸ਼ਾਮਲੀ ਅਤੇ ਬਿਜਨੌਰ 'ਚ ਵੀ ਮੀਟਿੰਗਾਂ
ਦੌਰਾਨ ਉਨ੍ਹਾਂ ਨੇ ਅਜਿਹੀਆਂ ਹੀ ਭੜਕਾਊ ਤਕਰੀਰਾਂ ਕੀਤੀਆਂ।
ਚੋਣ ਕਮਿਸ਼ਨ ਨੇ ਅਪ੍ਰੈਲ
'ਚ ਹੀ ਅਮਿਤ ਸ਼ਾਹ ਨੂੰ ਉਨ੍ਹਾਂ ਦੇ ਬਦਲਾ ਲੈਣ ਵਾਲੇ ਬਿਆਨ 'ਤੇ ਚੋਣ ਜ਼ਾਬਤੇ ਦੀ ਉਲੰਘਣਾ
ਲਈ ਨੋਟਿਸ ਜਾਰੀ ਕੀਤਾ ਸੀ। ਜਾਰੀ ਨੋਟਿਸ ਵਿੱਚ ਕਿਹਾ ਗਿਆ ਸੀ ਕਿ ਪਹਿਲੇ ਨਜ਼ਰੇ ਉਨ੍ਹਾਂ
ਦੇ ਬਿਆਨਾਂ ਤੋਂ ਲੱਗਦਾ ਹੈ ਕਿ ਉਨ੍ਹਾਂ ਨੇ ਲੋਕਾਂ ਦੇ ਨਿੱਜੀ ਜੀਵਨ ਨਾਲ ਜੁੜੀਆਂ
ਅਲੋਚਨਾਵਾਂ ਕੀਤੀਆਂ ਅਤੇ ਵੋਟ ਪਾਉਣ ਲਈ ਜਾਤ ਤੇ ਭਾਈਚਾਰੇ ਨੂੰ ਅਪੀਲ ਕੀਤੀ ਅਤੇ
ਅਜਿਹੀਆਂ ਸਰਗਰਮੀਆਂ ਵਿੱਚ ਸ਼ਾਮਲ ਹੋਏ, ਜਿਨ੍ਹਾਂ ਨਾਲ ਜਾਤ, ਭਾਈਚਾਰੇ, ਧਰਮ ਜਾਂ ਭਾਸ਼ਾ
ਦੇ ਆਧਾਰ 'ਤੇ ਹਿੰਸਾ ਫੈਲ ਸਕਦੀ ਹੈ। ਸ੍ਰੀ ਸ਼ਾਹ ਦੇ ਬਿਆਨ ਦਾ ਭਾਜਪਾ ਨੇ ਬਚਾਅ ਕੀਤਾ
ਸੀ। ਭਾਜਪਾ ਆਗੂ ਅਤੇ ਸੀਨੀਅਰ ਵਕੀਲ ਚੰਦਰ ਵੀਰ ਸਿੰਘ ਨੇ ਦੱਸਿਆ ਕਿ ਚਾਰਜਸ਼ੀਟ 'ਤੇ
ਅਦਾਲਤ ਨੇ ਹਾਲੇ ਨੋਟਿਸ ਨਹੀਂ ਲਿਆ ਹੈ। ਭਾਜਪਾ ਕੌਮੀ ਪ੍ਰਧਾਨ ਦੇ ਖਿਲਾਫ਼ ਜਿਹੜੇ ਦੋਸ਼ਾਂ
ਵਿੱਚ ਚਾਰਜਸ਼ੀਟ ਦਾਖ਼ਲ ਕੀਤੀ ਗਈ ਹੈ, ਉਨ੍ਹਾਂ ਦਾ ਅਪਰਾਧ ਹੀ ਨਹੀਂ ਬਣਦਾ। ਇਸ ਦਾ ਜਵਾਬ
ਅਦਾਲਤ ਵਿੱਚ ਦਿੱਤਾ ਜਾਵੇਗਾ।