ਸ਼ਹਿਰ ਨੂੰ ਹਰਿਆ-ਭਰਿਆ ਬਣਾਉਣ ਲਈ ਆਈ ਗ੍ਰਾਂਟ 'ਚ 13 ਲੱਖ ਰੁਪਏ ਤੋਂ ਵਧ ਦਾ ਗਬਨ
Posted on:- 10-9-2014
ਮਾਨਸਾ : ਪੰਜਾਬ
ਸਰਕਾਰ ਵੱਲੋਂ ਸ਼ਹਿਰ ਮਾਨਸਾ ਨੂੰ ਹਰਿਆ-ਭਰਿਆ ਬਣਾਉਣ ਲਈ ਬਠਿੰਡਾ ਡਿਵੈਲਪਮੈਂਟ ਅਥਾਰਟੀ
(ਬੀਡੀਏ) ਨੂੰ ਭੇਜੀ ਗਈ 51 ਲੱਖ 39 ਹਜ਼ਾਰ ਰੁਪਏ ਦੀ ਰਾਸ਼ੀ ਵਿੱਚੋਂ 13 ਲੱਖ ਦੇ ਕਰੀਬ
ਰਾਸ਼ੀ ਦਾ ਘਪਲਾ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ
ਪੰਜਾਬ ਸਰਕਾਰ ਵੱਲੋਂ ਮਾਨਸਾ ਸ਼ਹਿਰ ਨੂੰ ਹਰਿਆ-ਭਰਿਆ ਬਣਾਉਣ ਲਈ ਸ਼ਹਿਰ ਦੀਆਂ ਸੜਕਾਂ
ਦੁਆਲੇ ਬੂਟੇ ਲਗਾਉਣ ਲਈ 51 ਲੱਖ 39 ਹਜ਼ਾਰ ਰੁਪਏ ਦੀ ਰਾਸ਼ੀ ਬਠਿੰਡਾ ਡਿਵਲਪਮੈਂਟ ਅਥਾਰਟੀ
(ਬੀਡੀਏ) ਰਾਹੀਂ ਭੇਜੀ ਗਈ ਸੀ ਅਤੇ ਬੀਡੀਏ ਬਠਿੰਡਾ ਦੇ ਅਧਿਕਾਰੀਆ ਵੱਲੋਂ ਸ਼ਹਿਰ ਮਾਨਸਾ
ਨੂੰ ਹਰਿਆ-ਭਰਿਆ ਬਣਾਉਣ ਲਈ ਠੇਕਾ ਵੈਸ ਕੰਸ਼ਟਰੱਕਸਨ ਕੰਪਨੀ ਨੂੰ ਦਿੱਤਾ ਗਿਆ ਸੀ।
ਠੇਕੇ
ਦੀਆਂ ਸ਼ਰਤਾਂ ਮੁਤਾਬਕ ਇਸ ਕੰਪਨੀ ਵੱਲੋਂ ਬੂਟੇ ਮਹਿਕਮੇ ਦੀ ਗਲਾਡਾ ਨਰਸਰੀ ਲੁਧਿਆਣਾ
ਪਾਸੋਂ ਖਰੀਦ ਕਰਨੇ ਸਨ, ਪਰ ਠੇਕੇਦਾਰ ਨੇ ਅਧਿਕਾਰੀ ਦੀ ਮਿਲੀਭੁਗਤ ਨਾਲ ਬੂਟੇ ਗਲਾਡਾ
ਨਰਸਰੀ ਲੁਧਿਆਣਾ ਪਾਸੋਂ ਖਰੀਦਣ ਦੀ ਬਜਾਏ ਸਹਾਰਨਪੁਰ ਅਤੇ ਮਲੇਰਕੋਟਲਾ ਦੀਆਂ ਨਰਸਰੀਆਂ
ਤੋਂ ਖਰੀਦ ਕੇ ਸ਼ਹਿਰ ਵਿੱਚ ਲਗਾਏ। ਠੇਕੇ ਦੀਆਂ ਸ਼ਰਤਾਂ ਮੁਤਾਬਕ ਬੂਟੇ ਨੂੰ ਸਹਾਰਾ ਦੇਣ ਲਈ
ਬੂਟੇ ਨਾਲ ਬਾਂਸ ਦੀਆਂ ਛਟੀਆਂ ਲਾਉਣੀਆਂ ਸਨ, ਉਹ ਵੀ ਨਹੀਂ ਲਾਈਆਂ ਗਈਆਂ। ਠੇਕੇਦਾਰ ਤੇ
ਬੀਡੀਏ ਦੇ ਅਧਿਕਾਰੀਆਂ ਨਾਲ ਮਿਲਕੇ ਮਾਨਸਾ ਸ਼ਹਿਰ ਵਿੱਚ 3134 ਬੂਟੇ ਅਤੇ 3082 ਟ੍ਰੀਗਾਰਡ
ਲੱਗੇ ਵਿਖਾਏ ਗਏ ਅਤੇ ਬੀਡੀਏ ਦੇ ਅਧਿਕਾਰੀਆਂ ਨੇ ਬਿਨਾਂ ਪੜਤਾਲ ਕੀਤੇ ਹੀ 204 ਰੁਪਏ
ਪ੍ਰਤੀ ਬੂਟੇ ਦੇ ਹਿਸਾਬ ਨਾਲ 3134 ਬੂਟਿਆਂ ਦੀ ਅਦਾਇਗੀ 6 ਲੱਖ 39 ਹਜ਼ਾਰ 336 ਰੁਪਏ ਅਤੇ
887 ਰੁਪਏ 21 ਪੈਸੇ ਪ੍ਰਤੀ ਟ੍ਰੀਗਾਰਡ ਦੇ ਹਿਸਾਬ ਨਾਲ 3082 ਟ੍ਰੀਗਾਰਡਾਂ ਦੀ ਅਦਾਇਗੀ
27 ਲੱਖ 34 ਹਜ਼ਾਰ 381 ਰੁਪਏ ਅਤੇ 10 ਲੱਖ 54 ਹਜ਼ਾਰ 707 ਰੁਪਏ ਬੂਟਿਆਂ ਦੀ ਸਾਂਭ-ਸੰਭਾਲ
ਦਾ ਖਰਚਾ ਵਿਖਾ ਕੇ ਬੂਟੇ ਲਾਉਣ ਵਾਲੀ ਕੰਪਨੀ ਨੂੰ 44 ਲੱਖ 28 ਹਜ਼ਾਰ 424 ਰੁਪਏ ਦੀ
ਅਦਾਇਗੀ ਕਰ ਦਿੱਤੀ ਗਈ। ਇਸ ਰਕਮ ਤੋਂ ਇਲਾਵਾ ਬੀਡੀਏ ਦੇ ਅਧਿਕਾਰੀਆਂ ਵੱਲੋਂ ਉੱਕਤ 3134
ਬੂਟਿਆਂ ਦਾ ਵੱਖਰਾ ਕੈਰਿਜ ਦਾ ਖਰਚਾ 53 ਰੁਪਏ ਪ੍ਰਤੀ ਬੂਟਾ ਵਿਖਾ ਕੇ 1 ਲੱਖ 66 ਹਜ਼ਾਰ
102 ਰੁਪਏ ਖਰਚਾ ਪਾਇਆ ਗਿਆ ਅਤੇ 3082 ਟ੍ਰੀਗਾਰਡਾ ਉੱਪਰ ਨੰਬਰਿੰਗ ਲਿਖਵਾਉਣ ਦਾ 28
ਰੁਪਏ 21 ਪੈਸੇ ਪ੍ਰਤੀ ਟ੍ਰੀਗਾਰਡ ਦੇ ਹਿਸਾਬ ਨਾਲ 86 ਹਜ਼ਾਰ 943 ਰੁਪਏ ਖਰਚਾ ਵੱਖਰੇ ਤੌਰ
'ਤੇ ਪਾਇਆ ਗਿਆ। ਜਦਕਿ ਉੱਕਤ ਦੋਵੇਂ ਵੱਖਰੇ ਪਾਏ ਗਏ ਖਰਚਿਆਂ ਦੀ ਡੀਐੱਨਆਈਟੀ/ਐਗਰੀਮੈਂਟ
ਵਿੱਚ ਕੋਈ ਤਜਵੀਜ਼ ਹੀ ਨਹੀਂ ਸੀ ਰੱਖੀ ਗਈ। ਬੀਡੀਏ ਦੇ ਅਧਿਕਾਰੀਆਂ ਵੱਲੋਂ ਆਪਣੇ ਚਹੇਤੇ
ਠੇਕੇਦਾਰ ਨਾਲ ਮਿਲ ਕੇ ਸਰਕਾਰ ਪਾਸੋਂ ਪ੍ਰਾਪਤ ਹੋਈ ਲੱਖਾਂ ਰੁਪਇਆਂ ਦੀ ਗ੍ਰਾਂਟ ਦਾ ਗਲਤ
ਇਸਤੇਮਾਲ ਕਰਕੇ ਸਰਕਾਰੀ ਖ਼ਜ਼ਾਨੇ ਨੂੰ ਚੰਗਾ ਰਗੜਾ ਚਾੜਿਆ ਗਿਆ।
ਵਿਜੀਲੈਂਸ ਬਿਊਰੋਂ
ਮਾਨਸਾ ਦੇ ਡੀਐਸਪੀ ਪਰਮਜੀਤ ਸਿੰਘ ਵਿਰਕ ਦੀ ਅਗਵਾਈ ਵਾਲੀ ਟੀਮ ਵੱਲੋਂ ਇਸ ਮਾਮਲੇ ਵਿੱਚ
ਕੀਤੀ ਪੜਤਾਲ ਦੌਰਾਨ ਕੰਪਨੀ ਵੱਲੋਂ ਵਿਖਾਏ 3082 ਟ੍ਰੀਗਾਰਡਾਂ ਵਿੱਚੋਂ 804 ਟ੍ਰੀਗਾਰਡ
ਘੱਟ ਪਾਏ ਗਏ ਹਨ ਅਤੇ 3134 ਬੂਟਿਆਂ ਵਿਚੋਂ 1125 ਬੂਟੇ ਘੱਟ ਲੱਗੇ ਹੋਏ ਸਾਹਮਣੇ ਆਏ ਹਨ।
ਪੜਤਾਲ ਦੌਰਾਨ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਕੰਪਨੀ ਵੱਲੋਂ ਬੂਟਿਆਂ ਦੀ ਠੇਕੇ ਦੀਆਂ
ਸ਼ਰਤਾਂ ਅਨੁਸਾਰ ਸਾਂਭ-ਸੰਭਾਲ ਨਹੀਂ ਕੀਤੀ ਗਈ ਅਤੇ ਸਮੇਂ ਸਿਰ ਖਾਦ ਪਾਣੀ ਨਹੀਂ ਦਿੱਤਾ
ਗਿਆ ਅਤੇ ਜੋ ਬੂਟੇ ਲੱਗੇ ਹੋਏ ਹਨ ਉਨ੍ਹਾਂ ਦੀ ਹਾਲਤ ਵੀ ਤਰਸ਼ਯੋਗ ਬਣੀ ਹੋਈ ਹੈ।
ਵਿਜੀਲੈਂਸ ਦੀ ਜਾਂਚ ਦੌਰਾਨ ਘੱਟ ਪਾਏ ਗਏ 845 ਟਰੀਗਾਰਡਾਂ ਦੀ ਕੀਮਤ 7 ਲੱਖ 49 ਹਜ਼ਾਰ
692 ਰੁਪਏ ਅਤੇ ਘੱਟ ਪਾਏ ਗਏ 1125 ਬੂਟਿਆਂ ਦੀ ਕੀਮਤ 2 ਲੱਖ 29 ਹਜ਼ਾਰ 500 ਰੁਪਏ ਅਤੇ
ਘੱਟ ਲੱਗੇ 1125 ਬੂਟਿਆਂ ਦੀ ਸਾਂਭ-ਸੰਭਾਲ ਦਾ ਖਰਚਾ 3 ਲੱਖ 39 ਹਜ਼ਾਰ 232 ਰੁਪਏ ਕੁੱਲ
13 ਲੱਖ 18 ਹਜ਼ਾਰ 424 ਰੁਪਏ ਦਾ ਗਬਨ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।
ਵਿਜੀਲੈਂਸ
ਵਿਭਾਗ ਮਾਨਸਾ ਨੇ ਇਸ ਗਬਨ ਮਾਮਲੇ ਵਿੱਚ ਵੈੱਸ ਕੰਸਟਰਕਸਨ ਕੰਪਨੀ ਬਠਿੰਡਾ ਦੇ ਮਾਲਕ
ਵਿਸਾਲ ਅੱਗਰਵਾਲ ਅਤੇ ਬੀਡੀਏ ਦੇ ਅਧਿਕਾਰੀਆਂ ਦੇ ਵਿਰੁੱਧ ਕਾਰਵਾਈ ਕੀਤੇ ਜਾਣ ਦੀ ਸਿਫਾਰਸ
ਕੀਤੀ ਹੈ।
ਇਹ ਵੀ ਪਤਾ ਲੱਗਿਆ ਹੈ ਕਿ ਵਿਜੀਲੈਂਸ ਮਾਨਸਾ ਵੱਲੋਂ ਭੇਜੀ ਪੜਤਾਲੀਆ
ਰਿਪੋਰਟ 'ਤੇ ਕਾਰਵਾਈ ਕਰਦਿਆਂ ਵਿਜੀਲੈਂਸ ਵਿਭਾਗ ਪੰਜਾਬ ਨੇ ਮੰਡਲ ਇੰਜੀਨੀਅਰ ਬੀਡੀਏ
ਵਾਸੂਦੇਵ ਆਨੰਦ, ਜਸਪਾਲ ਸਿੰਘ ਟਿਵਾਣਾ ਅਤੇ ਐੱਸਡੀਈ ਬੀਡੀਏ ਜੁਗਵੀਰ ਕੁਮਾਰ ਅਤੇ ਵਿਜੈ
ਕੁਮਾਰ ਸਿੰਗਲਾ ਵਿਰੁੱਧ ਵਿਭਾਗੀ ਕਾਰਵਾਈ ਕਰਨ ਅਤੇ ਖਜ਼ਾਨੇ ਦੇ ਹੋਏ ਵਿੱਤੀ ਨੁਕਸਾਨ ਦੀ
ਭਰਪਾਈ ਕਰਵਾਉਣ ਬਾਰੇ ਸਰਕਾਰ ਨੂੰ ਲਿਖਿਆ ਜਾ ਚੁੱਕਾ ਹੈ।
ਉੱਕਤ ਗਬਨ ਮਾਮਲੇ ਦੀ
ਪੁਸ਼ਟੀ ਕਰਦਿਆਂ ਮਾਨਸਾ ਦੇ ਡੀਐਸਪੀ ਵਿਜੀਲੈਂਸ ਪਰਮਜੀਤ ਸਿੰਘ ਵਿਰਕ ਨੇ ਦੱਸਿਆ ਕਿ ਪੜਤਾਲ
ਦੌਰਾਨ ਸਾਹਮਣੇ ਆਇਆ ਕਿ ਸਰਕਾਰ ਦਾ 13 ਲੱਖ 18 ਹਜ਼ਾਰ 424 ਰੁਪਏ ਦਾ ਵਿੱਤੀ ਨੁਕਸਾਨ
ਕੀਤਾ ਗਿਆ ਹੈ ਅਤੇ ਇਸ ਮਾਮਲੇ ਦੀ ਰਿਪੋਰਟ ਅਗਲੇਰੀ ਕਾਰਵਾਈ ਲਈ ਮੁੱਖ ਦਫਤਰ ਵਿਜੀਲੈਂਸ
ਨੂੰ ਭੇਜੀ ਜਾ ਚੁੱਕੀ ਹੈ।