ਗੰਦਗੀ ਨਾਲ ਭਰੇ ਛੱਪੜ ਕਾਰਨ ਲੋਕ ਪ੍ਰੇਸ਼ਾਨ
Posted on:- 10-09-2014
-ਸ਼ਿਵ ਕੁਮਾਰ ਬਾਵਾ
ਹੁਸ਼ਿਆਰਪੁਰ: ਪਿੰਡ ਲਹਿਲੀ ਕਲਾਂ ਦੇ ਲੋਕ ਗੰਦਗੀ ਨਾਲ ਭਰੇ ਬਦਬੂ ਮਾਰਦੇ ਛੱਪੜ ਕਾਰਨ ਅਤਿ ਦੇ ਪ੍ਰੇਸ਼ਾਨ ਹਨ। ਪਿੰਡ ਦੇ ਪੀੜਤ ਲੋਕਾਂ ਕੁਲਦੀਪ ਰਾਮ, ਜਗਦੀਸ਼ ਰਾਏ, ਜਸਵੀਰ ਚੰਦ, ਕੇਵਲ ਕ੍ਰਿਸ਼ਨ, ਮਹਿੰਦਰ ਰਾਮ, ਗੁਰਦਿਆਲ ਸਿੰਘ, ਜੋਗਿੰਦਰਪਾਲ, ਸਵਰਨ ਕੌਰ, ਰਾਜ ਰਾਣੀ ਅਤੇ ਰੇਸ਼ਮ ਕੌਰ ਆਦਿ ਨੇ ਦੱਸਿਆ ਕਿ ਮਜੂਦਾ ਛੱਪੜ ਅਬਾਦੀ ਵਿਚ ਹੋਣ ਕਾਰਨ ਲੋਕ ਨਰਕ ਭਰਿਆ ਜੀਵਨ ਬਤੀਤ ਕਰਨ ਲਈ ਮਜਬੂਰ ਹਨ। ਮਾਰੂ ਕੀੜੇ ਮਕੌੜੇ ਅਤੇ ਖਤਰਨਾਕ ਬਿਮਾਰੀਆਂ ਦਾ ਸਹਿਮ ਹੈ।
ਇਸ ਗੰਦੇ ਪਾਣੀ ਦਾ ਕੋਈ ਢੁੱਕਵਾਂ ਨਿਕਾਸ ਨਾ ਹੋਣ ਕਾਰਨ ਆਲੇ ਦੁਆਲੇ ਦੇ ਵਸਦੇ ਬਹੁਤੇ ਘਰਾਂ ਵਿਚ ਲੱਗੇ ਨਲਕਿਆਂ ਅਤੇ ਸਬਮਰਸੀਬਲਾਂ ਦਾ ਪਾਣੀ ਵੀ ਪ੍ਰਦੂਸ਼ਤ ਹੋ ਚੁੱਕਾ ਹੈ। ਲੋਕ ਗੰਦੇ ਨਾ ਪੀਣਯੋਗ ਪਾਣੀ ਨਾਲ ਹੀ ਜ਼ਰੂਰੀ ਕੰਮ ਨਿਪਟਾ ਰਹੇ ਹਨ। ਪੀਣ ਵਾਲੇ ਪਾਣੀ ਵਿਚੋਂ ਬਦਬੂ ਆਉਦੀ ਹੈ ਅਤੇ ਪਾਣੀ ਥੋੜ੍ਹੇ ਸਮੇਂ ਬਾਅਦ ਹੀ ਪੀਲਾ ਪੈ ਜਾਂਦਾ ਹੈ। ਇਸ ਛੱਪੜ ਕੰਢੇ ਲੱਗਾ ਬਿਜਲੀ ਦਾ ਟਰ੍ਰਾਂਸਫਾਰਮ ਵੀ ਲੋਕਾਂ ਲਈ ਹਮੇਸ਼ਾਂ ਖਤਰਾ ਬਣਿਆ ਹੋਇਆ ਹੈ। ਇਸਦੀਆਂ ਤਾਰਾਂ ਸੜੀਆਂ ਰਹਿੰਦੀਆਂ ਹਨ ਤੇ ਉਹ ਵੀ ਪੂਰੀ ਤਰ੍ਹਾਂ ਝਾੜ ਝੀਂਡੇ ਵਿਚ ਘਿਰਿਆ ਹੋਇਆ ਹੈ।
ਸਮਾਜ ਸੇਵਕ ਜੈ ਗੋਪਾਲ ਧੀਮਾਨ ਅਤੇ ਦਵਿੰਦਰ ਸਿੰਘ ਥਿੰਦ ਨੇ ਪਿੰਡ ਦੇ ਲੋਕਾਂ ਨਾਲ ਉਕਤ ਗੰਦਗੀ ਨਾਲ ਭਰੇ ਛੱਪੜ ਦੇ ਗੰਦੇ ਪਾਣੀ ਦੇ ਨਿਕਾਸ ਸਬੰਧੀ ਵਿਚਾਰ ਵਿਟਾਦਰਾ ਕੀਤਾ ਅਤੇ ਇਸ ਸਬੰਧ ਵਿੱਚ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਮਿਲਕੇ ਤੁਰੰਤ ਹੱਲ ਕਰਵਾਉਣ ਦਾ ਫੈਸਲਾ ਕੀਤਾ। ਉਹਨਾਂ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਗੰਦੇ ਛੱਪੜਾਂ ਕਾਰਨ ਪਿੰਡਾਂ ਦੀ ਅੱਧੀ ਅਬਾਦੀ ਬਹੁਤ ਹੀ ਤੇਜੀ ਨਾਲ ਗੰਦਗੀ ਦੀ ਭੈੜੀ ਜਕੜ ਵਿਚ ਫਸ ਰਹੀ ਹੈ। ਇਸ ਪਾਸੇ ਵਲ ਜੇਕਰ ਸਮੇਂ ਸਿਰ ਧਿਆਨ ਨਾ ਦਿਤਾ ਗਿਆ ਤਾਂ ਪਿੰਡਾਂ ਵਿਚ ਮਲੇਰੀਆ, ਪੀਲੀਆ, ਕੈਂਸਰ, ਦਮੇ ਵਰਗੀਆਂ ਭਿਆਨਕ ਬੀਮਾਰੀਆਂ ਤੇਜ਼ੀ ਨਾਲ ਫੈਲਣਗੀਆਂ । ਪਿੰਡ ਦੇ ਲੋਕਾਂ ਨੇ ਦੱਸਿਆ ਕਿ ਗੰਦੇ ਛੱਪੜ ਕਾਰਨ ਉਹਨਾਂ ਦਾ ਜੀਣਾ ਬੇਹਾਲ ਬਣਿਆ ਹੋਇਆ ਹੈ। ਛੱਪੜਾਂ ਦਾ ਗੰਦਾ ਪਾਣੀ ਧਰਤੀ ਹੇਠਲਾ ਪਾਣੀ ਵੀ ਪ੍ਰਦੂਸ਼ਤ ਕਰ ਰਿਹਾ ਹੈ, ਧਰਤੀ ਸੀਵਰੇਜ ਦੇ ਗੰਦੇ ਪਾਣੀ ਨਾਲ ਭਰ ਰਹੀ ਹੈ। ਪਿੰਡਾਂ ਵਿਚ ਬਣੀਆਂ ਪੈਂਡੂ ਹੈਲਥ ਐਂਡ ਸੇਨੀਟੇਸ਼ਨ ਕਮੇਟੀਆਂ ਦੀ ਭੂਮਿਕਾ ਵੀ ਜੀਰੋ ਦੇ ਬਰਾਬਰ ਹੈ ਜਦੋਂ ਹਰ ਸਾਲ ਹਰੇਕ ਪਿੰਡ ਨੂੰ ਲਗਭਗ 10,000 ਰੁਪਿਆ ਸੈਨੀਟੇਸ਼ਨ ਦੇ ਕੰਮਾਂ ਲਈ ਮਿਲਦਾ ਹੈ। ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪਿੰਡ ਦੇ ਗੰਦਗੀ ਨਾਲ ਭਰੇ ਛੱਪੜ ਦੀ ਤੁਰੰਤ ਸਫਾਈ ਕਰਵਾਈ ਜਾਵੇ ਤਾਂ ਕਿ ਉਹ ਸੁੱਖ ਦਾ ਸਾਹ ਲੈ ਸਕਣ।
ਇਸ ਸਬੰਧ ਵਿੱਚ ਪਿੰਡ ਦੇ ਸਰਪੰਚ ਮੇਜਰ ਸਿੰਘ ਨੇ ਦੱਸਿਆ ਕਿ ਪੰਚਾਇਤ ਕੋਲ ਛੱਪੜ ਦੀ ਸਫਾਈ ਲਈ ਲੰਬੇ ਸਮੇਂ ਤੋਂ ਕੋਈ ਫੰਡ ਨਹੀਂ ਆਇਆ। ਉਹਨਾਂ ਕਿਹਾ ਕਿ ਜਦੋਂ ਵੀ ਇਸਦੀ ਸਫਾਈ ਲਈ ਸਰਕਾਰੀ ਗਰਾਂਟ ਆਵੇਗੀ ਉਹ ਬਰਸਾਤ ਦੇ ਮੌਸਮ ਤੋਂ ਬਾਅਦ ਇਸਦੀ ਸਫਾਈ ਕਰਵਾ ਦੇਣਗੇ। ਉਹਨਾਂ ਦੱਸਿਆ ਕਿ ਮੀਂਹ ਅਤੇ ਪਿੰਡ ਦੇ ਪਾਣੀ ਪੈਣ ਕਾਰਨ ਉਕਤ ਛੱਪੜ ਪੂਰਾ ਭਰਨ ਕਰਕੇ ਲੋਕਾਂ ਲਈ ਮੁਸੀਬਤ ਬਣਿਆਂ ਹੈ। ਉਹ ਇਸਦੀ ਸਫਾਈ ਸਬੰਧੀ ਬੀ ਡੀ ਪੀ ਓ (2) ਹੁਸ਼ਿਆਰਪੁਰ ਨੂੰ ਮਿਲਕੇ ਸਮੱਸਿਆ ਦਾ ਹੱਲ ਕਰਨ ਦੀ ਬੇਨਤੀ ਵੀ ਕਰਨਗੇ।