ਜੰਮੂ–ਕਸ਼ਮੀਰ 'ਚ ਹੜ੍ਹਾਂ ਦੀ ਸਥਿਤੀ ਹਾਲੇ ਵੀ ਗੰਭੀਰ, ਬਚਾਅ ਕਾਰਜ 'ਚ ਤੇਜ਼ੀ
Posted on:- 08-09-2014
ਸ੍ਰੀਨਗਰ
: ਜੰਮੂ ਕਸ਼ਮੀਰ ਵਿਚ ਹੜ੍ਹਾਂ ਦੀ ਸਥਿਤੀ ਹਾਲੇ ਵੀ ਗੰਭੀਰ ਬਣੀ ਹੋਈ ਹੈ ਅਤੇ ਵੱਖ–ਵੱਖ
ਥਾਵਾਂ 'ਤੇ ਫ਼ਸੇ ਹਜ਼ਾਰਾਂ ਲੋਕਾਂ ਨੂੰ ਕੱਢਣ ਲਈ ਅੱਜ ਰਾਹਤ ਤੇ ਬਚਾਅ ਕਾਰਜਾਂ 'ਚ ਹੋਰ
ਤੇਜ਼ੀ ਲਿਆਉਂਦੀ ਗਈ ਹੈ। ਸ੍ਰੀਨਗਰ ਦੇ ਜ਼ਿਆਦਾਤਰ ਹਿੱਸੇ ਹਾਲੇ ਵੀ ਜਲ ਥਲ ਹੋਏ ਪਏ ਹਨ।
ਸੰਚਾਰ ਵਿਵਸਥਾ ਬੁਰੀ ਤਰ੍ਹਾਂ ਲੜਖੜਾ ਚੁੱਕੀ ਹੈ ਅਤੇ ਪਾਣੀ ਦਾ ਉਚਾ ਪੱਧਰ ਇਕ ਵੱਡੀ
ਸਮੱਸਿਆ ਬਣਿਆ ਹੋਇਆ ਹੈ। ਭਾਰਤੀ ਥਲ ਸੈਨਾ ਨੇ ਹੜ੍ਹ ਪ੍ਰਭਾਵਤ ਜੰਮੂ ਤੇ ਕਸ਼ਮੀਰ ਵਿਚ ਫਸੇ
ਕਰੀਬ 20 ਹਜ਼ਾਰ ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਕੱਢ ਲਿਆ ਹੈ। ਫੌਜ ਨੇ ਦੱਸਿਆ ਕਿ ਜਲ
ਸੈਨਾ ਅਤੇ ਹਵਾਈ ਸੈਨਾ ਵੀ ਰਾਹਤ ਤੇ ਬਚਾਅ ਕਾਰਜਾਂ 'ਚ ਸੁਟੀ ਹੋਈ ਹੈ।
ਇਸ ਆਫ਼ਤ ਨਾਲ
ਨਜਿੱਠਣ ਦੇ ਅਧਿਕਾਰੀਆਂ ਵੱਲੋਂ ਕੀਤੇ ਜਾ ਰਹੇ ਯਤਨਾਂ ਦੇ ਦਰਮਿਆਨ ਅੱਜ ਉਧਮਪੁਰ
ਜ਼ਿਲ੍ਹੇ ਦੇ ਪਾਚੋਰੀ ਪਿੰਡ ਵਿਚ ਜ਼ਮੀਨ ਖਿਸਕਣ ਦੀ ਖ਼ਬਰ ਮਿਲੀ ਹੈ, ਜਿੱਥੇ ਫ਼ਸੇ ਹੋਏ ਕੁਝ
ਲੋਕਾਂ ਨੂੰ ਬਚਾਉਣ ਲਈ ਰਾਹਤ ਕਰਮੀ ਪਹੁੰਚ ਗਏ ਹਨ। ਸ੍ਰੀਨਗਰ ਦੇ ਜਲਥਲ ਹੋਏ ਇਲਾਕਿਆਂ
ਵਿਚੋਂ ਲੋਕਾਂ ਨੂੰ ਬਾਹਰ ਕੱਢਣ ਲਈ 25 ਕਿਸ਼ਤੀਆਂ ਲਗਾਈਆਂ ਗਈਆਂ ਹਨ। ਹੜ੍ਹ ਨਾਲ ਹੁਣ ਤੱਕ
180 ਤੋਂ ਵੱਧ ਲੋਕਾਂ ਦੀ ਜਾਨ ਜਾ ਚੁੱਕੀ ਹੈ। ਹਸਪਤਾਲਾਂ ਸਮੇਤ ਕਈ ਇਮਾਰਤਾਂ ਤਬਾਅ ਹੋ
ਚੁੱਕੀਆਂ ਹਨ ਅਤੇ ਸੜਕਾਂ ਉਪਰ ਜਲ ਥਲ ਹੋਣ ਅਤੇ ਸੰਚਾਰ ਵਿਵਸਥਾ ਲੜਖੜਾ ਜਾਣ ਨਾਲ ਬਹੁਤ
ਸਾਰੇ ਇਲਾਕਿਆਂ ਤੋਂ ਸੰਪਰਕ ਟੁੱਟ ਗਿਆ ਹੈ। ਸ੍ਰੀਨਗਰ ਵਿਚ ਫੌਜ ਛਾਉਣੀ, ਸਿਵਲ ਸਕੱਤਰੇਤ
ਅਤੇ ਹਾਈਕੋਰਟ ਕੰਪਲੈਕਸ ਵਿਚ ਵੀ ਪਾਣੀ ਭਰ ਗਿਆ ਹੈ। ਐਨਡੀਆਰਐਫ਼ ਦੇ ਮੁਖੀ ਓ.ਪੀ ਸਿੰੰਘ
ਨੇ ਦਿੱਲੀ ਵਿਚ ਪੱਤਰਕਾਰਾਂ ਨੂੰ ਕਿਹਾ ਕਿ ਸਾਡੇ ਸਾਹਮਣੇ ਸਭ ਤੋਂ ਵੱਡੀ ਸਮੱÎਸਿਆ ਇਹ ਹੈ
ਕਿ ਸੰਚਾਰ ਵਿਵਸਥਾ ਟੁੱਟ ਚੁੱਕੀ ਹੈ। ਹੜ੍ਹ ਪ੍ਰਭਾਵਤ ਇਲਾਕਿਆਂ ਵਿਚ ਤਾਇਨਾਤ ਸਾਡੀਆਂ
ਟੀਮਾਂ ਨਾਲ ਸਾਡਾ ਸੰਪਰਕ ਨਹੀਂ ਹੋ ਰਿਹਾ। ਇਸ ਤੋਂ ਇਲਾਵਾ ਕਈ ਇਲਾਕਿਆਂ ਵਿਚ ਪਾਣੀ ਦਾ
ਪੱਤਰ ਕਾਫ਼ੀ ਵੱਧ ਹੈ ਜਿਥੇ ਸਾਡੇ ਕਰਮੀ ਫ਼ਸੇ ਹੋਏ ਲੋਕਾਂ ਤੱਕ ਪਹੁੰਚਣ ਵਿਚ ਸਫ਼ਲ ਨਹੀਂ ਹੋ
ਰਹੇ।
ਐਨਡੀਆਰਐਫ਼ ਮੁਖੀ ਨੇ ਕਿਹਾ ਕਿ ਅਸੀਂ ਸੂਬੇ ਵਿਚ ਵਿਆਪਕ ਮੁਹਿੰਮ ਵਿੱਢੀ ਹੋਈ
ਹੈ, ਰਾਹਤ ਅਤੇ ਬਚਾਅ ਕਾਰਜਾਂ ਨੂੰ ਤੇਜ਼ੀ ਨਾਲ ਚਲਾਉਣ ਲਈ ਸੂਬੇ ਨੂੰ ਤਿੰਨ ਜ਼ੋਨਾਂ ਵਿਚ
ਵੰਡਿਆ ਹੋਇਆ ਹੈ। ਹਰੇਕ ਜ਼ੋਨ ਵਿਚ ਮੁਹਿੰਮ ਦੀ ਅਗਵਾਈ ਕਮਾਂਡੈਂਟ ਪੱਧਰ ਦਾ ਇਕ ਅਧਿਕਾਰੀ
ਕਰੇਗਾ ਅਤੇ ਇਹ ਸਬ ਕੁਝ ਇਕ ਡੀਆਈਜੀ ਦੇ ਨਿਗਰਾਨੀ ਵਿਚ ਹੋਵੇਗਾ। ਉਨ੍ਹਾਂ ਕਿਹਾ ਕਿ ਹੜ੍ਹ
ਵਿਚ ਫ਼ਸੇ 5183 ਲੋਕਾਂ ਨੂੰ ਹੁਣ ਤੱਕ ਬਚਾਇਆ ਜਾ ਚੁੱਕਾ ਹੈ ਜਿਨ੍ਹਾਂ ਵਿਚ ਬੱਚੇ ਅਤੇ
ਮਹਿਲਾਵਾਂ ਵੀ ਸ਼ਾਮਲ ਹਨ। ਐਨਡੀਆਰਐਫ਼ ਦੇ ਮੁੱਖੀ ਨੇ ਕਿਹਾ ਕਿ ਹੋਰਨਾਂ ਇਲਾਕਿਆਂ ਤੋਂ
ਇਲਾਵਾ ਸ੍ਰੀਨਗਰ ਦੇ ਜਲਥਲ ਹੋਏ ਇਲਾਕਿਆਂ, ਗੋਗਲੀਬਾਗ, ਬਟਮਾਲੂ, ਬਾਦਾਮੀ ਬਾਗ ਅਤੇ ਬਖ਼ਸ਼ੀ
ਸਟੇਡੀਅਮ ਵਿਚ ਜ਼ਬਰਦਸਤ ਰਾਹਤ ਅਤੇ ਬਚਾਅ ਕਾਰਜ ਚੱਲ ਰਹੇ ਹਨ। ਉਨ੍ਹਾਂ ਕਿਹਾ ਕਿ ਸੂਬੇ
ਵਿਚ ਐਨਡੀਆਰਐਫ਼ ਦੀਆਂ ਟੀਮਾਂ ਹੁਣ ਤੱਕ 13 ਤੋਂ ਵੱਧ ਲਾਸ਼ਾਂ ਬਰਾਮਦ ਕਰ ਚੁੱਕੀਆਂ ਹਨ।
ਹੜ੍ਹ
ਦੀ ਸਥਿਤੀ ਗੰਭੀਰ ਹੋਣ ਦੇ ਮੱਦੇਨਜ਼ਰ ਸੂਬਾ ਸਰਕਾਰ ਨੇ ਸਾਰੇ ਸਕੂਲਾਂ ਨੂੰ 12 ਸਤੰਬਰ
ਤੱਕ ਬੰਦ ਰੱਖਣ ਦੇ ਹੁਕਮ ਦਿੱਤੇ ਗਏ ਹਨ। ਇਸੇ ਦਰਮਿਆਨ ਫੌਜ ਨੇ ਰਾਹਤ ਯਤਨ ਹੋਰ ਤੇਜ਼
ਕਰਦਿਆਂ ਆਫ਼ਤ ਨਿਗਰਾਨੀ ਕੰਟਰੋਲ ਰੂਮ ਸਥਾਪਤ ਕੀਤਾ ਹੈ ਅਤੇ ਆਪਣੇ ਸਾਰੇ ਸਟੇਸ਼ਨਾਂ ਨੂੰ ਉਚ
ਪੱਧਰ ਦੀਆਂ ਤਿਆਰੀਆਂ ਲਈ ਅਲਰਟ ਕੀਤਾ ਹੈ। ਇਸ ਮੁਹਿੰਮ ਵਿਚ ਫੌਜ ਦੀਆਂ 184 ਟੁਕੜੀਆਂ
ਸ਼ਾਮਲ ਹਨ, ਜਦਕਿ ਹਵਾਈ ਫੌਜ ਨੇ 29 ਜਹਾਜ਼ ਅਤੇ ਹੈਲੀਕੈਪਟਰ ਰਾਹਤ ਕੰਮਾਂ ਵਿਚ ਲਗਾਏ ਹੋਏ
ਹਨ। ਫੌਜ ਅਤੇ ਹਵਾਈ ਫੌਜ ਨੇ ਵੱਖ–ਵੱਖ ਇਲਾਕਿਆਂ ਤੋ ਹਾਲਾਂਕਿ ਹਜ਼ਾਰਾਂ ਲੋਕਾਂ ਨੂੰ
ਬਚਾਇਆ ਹੈ ਪਰ ਸ੍ਰੀਨਗਰ ਸਮੇਤ ਹੇਠ ਇਲਾਕਿਆਂ ਵਿਚ ਹਾਲੇ ਵੀ ਬਹੁਤ ਲੋਕ ਫ਼ਸੇ ਹੋਏ ਹਨ, ਜੋ
ਇਮਾਰਤਾਂ ਦੀਆਂ ਉਪਰਲੀਆਂ ਮੰਜ਼ਿਲਾਂ 'ਤੇ ਮਦਦ ਦੀ ਇੰਤਜਾਰ ਕਰ ਰਹੇ ਹਨ।