'ਜੁੱਤੀ ਕਸੂਰੀ, ਪੈਰੀ ਨਾ ਪੂਰੀ...' ਗਾ ਕੇ ਡੋਲੀ ਗੁਲੇਰੀਆ ਨੇ ਰੰਗ ਬੰਨਿਆ
Posted on:- 08-09-2014
ਚੰਡੀਗੜ੍ਹ
: ਹਰਿਆਣਾ ਸਰਕਾਰ ਸੂਬੇ ਵਿਚ ਪੰਜਾਬੀ ਭਾਸ਼ਾ ਨੂੰ ਬੜ੍ਹਾਵਾ ਦੇ ਰਹੀ ਹੈ ਅਤੇ ਇਸ ਲੜੀ
ਵਿਚ ਹਰਿਆਣਾ ਪੰਜਾਬੀ ਸਾਹਿਤ ਅਕਾਦਮੀ ਦੇ ਬਜਟ ਵਿਚ ਭਾਰੀ ਵਾਧਾ ਕੀਤਾ ਗਿਆ ਹੈ। ਇਸ ਦੇ
ਫਲਸਰੂਪ, ਅਕਾਦਮੀ ਵੱਲੋਂ ਸਮੇਂ-ਸਮੇਂ 'ਤੇ ਕਵੀ ਦਰਬਾਰਾਂ, ਨੁਕੜ ਨਾਟਕਾਂ, ਸੂਫੀਆਨਾ
ਕਲਾਮ ਦੇ ਨਾਲ ਨਾਲ ਸਕੂਲਾਂ ਤੇ ਕਾਲਜਾਂ ਵਿਚ ਪੰਜਾਬੀ ਕਵਿਤਾ ਪਾਠ ਵਰਗੇ ਮੁਕਾਬਲਿਆਂ ਦਾ
ਆਯੋਜਨ ਕਰਵਾਇਆ ਜਾਂਦਾ ਹੈ ਜਿਸ ਵਿਚ ਬੱਚਿਆਂ ਵਿਚ ਪੰਜਾਬੀ ਬੋਲੀ ਪ੍ਰਤੀ ਜਾਗਰੂਕਤਾ ਆ
ਰਹੀ ਹੈ।
ਇਸ ਸਬੰਧੀ ਪੰਜਾਬੀ ਸਾਹਿਤ ਅਕਾਦਮੀ ਦੇ ਨਿਰਦੇਸ਼ਕ ਸੁਖਚੈਨ ਸਿੰਘ ਭੰਡਾਰੀ ਨੇ
ਅੱਜ ਇਥੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਸਦਰੰਭ ਵਿਚ ਅੱਜ ਪੰਚਕੂਲਾ ਦੇ
ਸੈਕਟਰ-14 ਵਿਚ ਸਥਿਤ ਅਕਾਦਮੀ ਭਵਨ ਦੇ ਲੈਕਚਰ ਹਾਲ ਵਿਚ ਇਕ ਪ੍ਰਭਾਵਸ਼ਾਲੀ ਪੰਜਾਬੀ ਕਵੀ
ਦਰਬਾਰ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਹਰਿਆਣਾ, ਪੰਜਾਬ ਅਤੇ ਚੰਡੀਗੜ੍ਹ ਦੇ ਡੇਢ ਦਰਜਨ
ਕਵੀਆਂ ਨੇ ਆਪਣੀਆਂ ਆਪਣੀਆਂ ਰਚਨਾਵਾਂ ਪੜ੍ਹੀਆਂ। ਇਸ ਮੌਕੇ ਪੰਜਾਬੀ ਦੀ ਮਸ਼ਹੂਰ ਲੋਕਗੀਤ
ਗਾਇਕਾ ਡੋਲੀ ਗੁਲੇਰੀਆ ਨੇ ਆਪਣੀ ਕਵਿਤਾ 'ਆਲਹਣਾ' ਪੇਸ਼ ਕੀਤੀ ਉਥੇ ਉਸ ਨੇ ਆਪਣੀ ਮਾਂ
ਮਰਹੂਮ ਪੰਜਾਬੀ ਗਾਇਕਾ ਸੁਰਿੰਦਰ ਕੌਰ ਦਾ ਅੱਜ ਤੋਂ 50 ਸਾਲ ਪਹਿਲਾ ਗਾਇਆ ਲੋਕ ਗੀਤ
'ਜੁੱਤੀ ਕਸੂਰੀ, ਪੈਰੀ ਨਾ ਪੂਰੀ, ਹਾਏ ਰੱਬਾ ਵੇ ਸਾਨੂੰ ਤੁਰਨਾ ਪਿਆ' ਗਾ ਕੇ ਸਮਾਂ ਬੰਨ
ਦਿੱਤਾ। ਇਸ ਮੌਕੇ ਅਕਾਦਮੀ ਵੱਲੋਂ ਸਾਰੇ ਕਵੀਆਂ ਤੇ ਮੰਚ 'ਤੇ ਹਾਜ਼ਰ ਮੁੱਖ ਮਹਿਮਾਨ
ਦੁਰਦਰਸ਼ਨ ਚੰਡੀਗੜ੍ਹ ਦੇ ਨਿਰਦੇਸ਼ਕ ਡਾ. ਕੇ ਕੇ ਰੱਤੂ, ਹਿੰਦੁਸਤਾਨ ਟਾਈਮਜ਼, ਪੰਚਕੂਲਾ ਦੇ
ਪੱਤਰਕਾਰ ਐਸ ਡੀ ਸ਼ਰਮਾ ਅਤੇ ਡੋਲੀ ਗੁਲੇਰੀਆ ਨੂੰ ਅਕਾਦਮੀ ਵੱਲੋਂ ਸਨਮਾਨਤ ਕੀਤਾ ਗਿਆ।