ਜੰਮੂ-ਕਸ਼ਮੀਰ 'ਚ ਹੜ੍ਹਾਂ ਦਾ ਕਹਿਰ, 160 ਮੌਤਾਂ
Posted on:- 06-09-2014
ਜੰਮੂ : ਜੰਮੂ ਕਸ਼ਮੀਰ
ਅਜਿਹੇ ਹੜ੍ਹਾਂ ਦੀ ਮਾਰ ਹੇਠ ਆਇਆ ਹੋਇਆ ਹੈ, ਜਿਨ੍ਹਾਂ ਬਾਰੇ ਕਿਹਾ ਜਾਂਦਾ ਹੈ ਕਿ ਪਿਛਲੇ
60 ਸਾਲ ਵਿੱਚ ਸੂਬੇ ਨੇ ਅਜਿਹੇ ਹੜ੍ਹ ਨਹੀਂ ਦੇਖੇ। ਹੜ੍ਹ ਹਾਲੇ ਤੱਕ 150 ਲੋਕਾਂ ਦੀ
ਜਾਨ ਲੈ ਚੁੱਕੇ ਹਨ ਅਤੇ ਸਥਿਤੀ ਲਗਾਤਾਰ ਗੰਭੀਰ ਬਣੀ ਹੋਈ ਹੈ। ਸ਼ਨੀਵਾਰ ਨੂੰ ਵੀ ਜੇਹਲਮ
ਦਰਿਆ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਿਹਾ ਸੀ। ਲੋਕਾਂ ਨੂੰ ਬਚਾਉਂਦੇ ਹੋਏ ਸੈਨਾ ਦੇ
ਜਵਾਨ ਵੀ ਖ਼ਤਰੇ ਵਿੱਚ ਘਿਰ ਗਏ। ਕਈ ਘੰਟਿਆਂ ਦੀ ਕੋਸ਼ਿਸ਼ ਤੋਂ ਬਾਅਦ 7 ਜਵਾਨਾਂ ਨੂੰ ਬਚਾ
ਲਿਆ ਗਿਆ ਹੈ। ਹੜ੍ਹ ਅਤੇ ਧਰਤੀ ਧੱਸਣ ਦੇ ਚੱਲਦਿਆਂ ਪੁਲ ਟੁੱਟਣ ਅਤੇ ਰਾਜਮਾਰਗ 'ਤੇ
ਆਵਾਜਾਈ ਵਿੱਚ ਰੁਕਾਵਟ ਪੈ ਗਈ ਹੈ। ਇਸ ਨਾਲ ਵੈਸ਼ਨੂੰ ਦੇਵੀ ਯਾਤਰਾ ਵੀ ਪ੍ਰਭਾਵਤ ਹੋਈ ਹੈ।
ਜੰਮੂ ਅਤੇ ਕਸ਼ਮੀਰ ਦਾ ਸੰਪਰਕ ਵੀ ਟੁੱਟ ਗਿਆ ਹੈ। ਮੌਸਮ ਵਿਭਾਗ ਨੇ ਇਸ ਨੂੰ ਕਈ ਦਹਾਕਿਆਂ
ਵਿੱਚ ਸਭ ਤੋਂ ਭਿਆਨਕ ਹੜ੍ਹ ਦੱਸਿਆ ਹੈ। ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਵੀ
ਹਾਲਾਤ ਦਾ ਜਾਇਜ਼ਾ ਲੈਣ ਲਈ ਇੱਥੇ ਪਹੁੰਚੇ ਹਨ। ਪੁਲਵਾਮਾ ਜ਼ਿਲ੍ਹੇ ਵਿੱਚ ਬਚਾਅ ਦੇ ਕੰਮਾਂ
ਵਿੱਚ ਲੱਗੇ 7 ਜਵਾਨਾਂ ਨੂੰ ਬਚਾਅ ਲਿਆ ਗਿਆ ਹੈ, ਜਦਕਿ ਦੋ ਅਜੇ ਵੀ ਫ਼ਸੇ ਹੋਏ ਹਨ। ਦੋ
ਹੈਲੀਕਾਪਟਰਾਂ ਦੀ ਮਦਦ ਨਾਲ ਜਵਾਨਾਂ ਨੂੰ ਕੱਢਣ ਦੇ ਯਤਨ ਕੀਤੇ ਜਾ ਰਹੇ ਹਨ।
ਜੰਮੂ
ਦੇ ਜ਼ਿਲ੍ਹਾ ਮੈਜਿਸਟਰੇਟ ਅਜੀਤ ਸਾਹੂ ਨੇ ਦੱਸਿਆ ਕਿ ਤਵੀ ਨਦੀ ਦੇ ਖ਼ਤਰੇ ਦੇ ਨਿਸ਼ਾਨ ਤੋਂ
ਉੱਪਰ ਵਹਿੰਦੇ ਵੇਖਦਿਆਂ ਹਾਈਵੇਅ ਨੂੰ ਜੋੜਨ ਵਾਲੇ ਪੁਲ ਨੂੰ ਬੰਦ ਕਰ ਦਿੱਤਾ ਗਿਆ ਹੈ।
ਉਦਮਪੁਰ ਜ਼ਿਲ੍ਹੇ ਵਿੱਚ ਭਾਰੀ ਮੀਂਹ ਨਾਲ ਜ਼ਮੀਨ ਧੱਸਣ ਨਾਲ ਮਕਾਨ ਡਿੱਗ ਰਹੇ ਹਨ, ਇਸ ਨਾਲ 7
ਲੋਕਾਂ ਦੀ ਮੌਤ ਹੋ ਗਈ। ਬੁੱਧਵਾਰ ਨੂੰ ਹੋ ਰਹੀ ਭਾਰੀ ਬਾਰਿਸ਼ ਕਾਰਨ ਜੰਮੂ ਵਿੱਚ 89 ਅਤੇ
ਕਸ਼ਮੀਰ ਵਿੱਚ 11 ਲੋਕਾਂ ਦੀ ਮੌਤ ਹੋ ਚੁੱਕੀ ਹੈ। ਜੰਮੂ ਵਿੱਚ ਫੌਜ ਦੀਆਂ 12 ਟੀਮਾਂ ਅਤੇ
ਤਿੰਨ ਮੈਡੀਕਲ ਕੈਂਪ ਅਤੇ ਕਰੀਬ 3 ਹਜ਼ਾਰ ਲੋਕ ਰਾਹਤ ਕੰਮਾਂ ਵਿੱਚ ਲੱਗੇ ਹੋਏ ਹਨ।
ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ
ਦੇ ਨਾਲ ਇੱਕ ਬੈਠਕ ਵਿੱਚ ਰਾਜ ਵਿੱਚ ਵਧ ਰਹੇ ਹੜ੍ਹਾਂ ਦੀ ਸਥਿਤੀ ਦਾ ਜਾਇਜ਼ਾ ਲਿਆ।
ਰਾਜਨਾਥ ਸਿੰਘ ਨੇ ਦੱਸਿਆ ਕਿ ਮੈਂ ਤੇ ਉਮਰ ਅਬਦੁੱਲਾ ਨੇ ਸ੍ਰੀਨਗਰ ਵਿੱਚ ਹੜ੍ਹਾਂ ਦੀ
ਸਥਿਤੀ ਦਾ ਜਾਇਜ਼ਾ ਲੈਣਾ ਸੀ, ਪਰ ਖ਼ਰਾਬ ਮੌਸਮ ਦੇ ਕਾਰਨ ਹੈਲੀਕਾਪਟਰ ਉਡਾਣ ਨਹੀਂ ਭਰ
ਸਕਿਆ। ਰਾਜਨਾਥ ਸਿੰਘ ਨੇ ਜੰਮੂ ਦੇ ਰਾਜੌਰੀ ਤੇ ਪੁੰਛ ਇਲਾਕਿਆਂ ਦਾ ਦੌਰਾ ਕੀਤਾ। ਗ੍ਰਹਿ
ਮੰਤਰਾਲੇ ਦੇ ਨਿਰਦੇਸ਼ ਤੋਂ ਬਾਅਦ ਐਨਡੀਆਰਐਫ਼ ਦੀਆਂ ਦੋ ਹੋਰ ਟੀਮਾਂ ਹੜ੍ਹ ਪ੍ਰਭਾਵਤ
ਖੇਤਰਾਂ ਦੇ ਲਈ ਰਵਾਨਾ ਹੋ ਗਈਆਂ ਹਨ। ਉਨ੍ਹਾਂ ਵਿੱਚੋਂ ਇੱਕ ਜੰਮੂ ਤੇ ਦੂਜੀ ਸ੍ਰੀਨਗਰ
ਜਾਵੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੀਐਮ ਸੰਕਟ ਰਾਹਤ ਕੋਸ਼ ਤੋਂ ਮ੍ਰਿਤਕਾਂ ਦੇ
ਰਿਸ਼ਤੇਦਾਰਾਂ ਨੂੰ 2 ਲੱਖ ਰੁਪਏ ਅਤੇ ਗੰਭੀਰ ਰੂਪ ਵਿੱਚ ਜ਼ਖ਼ਮੀਆਂ ਨੂੰ 50 ਹਜ਼ਾਰ ਰੁਪਏ ਦੇਣ
ਦਾ ਐਲਾਨ ਕੀਤਾ। ਹੜ੍ਹ ਅਤੇ ਮੀਂਹ ਨੂੰ ਵੇਖਦੇ ਹੋਏ ਵੇਸ਼ਨੂੰ ਦੇਵੀ ਬੋਰਡ ਨੇ ਸ਼ਰਧਾਲੂਆਂ
ਨੂੰ ਅਪੀਲ ਕੀਤੀ ਕਿ ਉਹ ਫ਼ਿਲਹਾਲ ਵੇਸ਼ਨੂੰ ਦੇਵੀ ਯਾਤਰਾ ਟਾਲ ਦੇਣ। ਵੇਸ਼ਨੂੰ ਦੇਵੀ ਯਾਤਰਾ
ਪਿਛਲੇ ਚਾਰ ਦਿਨਾਂ ਤੋਂ ਰੁਕੀ ਹੋਈ ਹੈ। ਜ਼ਮੀਨ ਧੱਸਣ ਦਾ ਮਲਬਾ ਡਿੱਗਣ ਦੇ ਕਾਰਨ
ਜੰਮੂ-ਕੱਟੜਾ ਰੇਲ ਮਾਰਗ 'ਤੇ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਤ ਹੋਈ ਹੈ।