ਦਲਿਤ ਪਰਿਵਾਰ ਘਰ ਢਹਿ ਜਾਣ ਕਾਰਨ ਝੁੱਗੀਆਂ 'ਚ ਰਹਿਣ ਲਈ ਮਜਬੂਰ
Posted on:- 05-09-2014
ਤਲਵੰਡੀ ਸਾਬੋ : ਇਸ
ਇਲਾਕੇ ਅੰਦਰ ਪਿਛਲੇ ਪੰਜ ਦਿਨ ਤੋਂ ਰੁਕ-ਰੁਕ ਕੇ ਪੈ ਰਹੀ ਬਾਰਸ਼ ਨੇ ਜਿੱਥੇ ਕਿਸਾਨਾਂ
ਦੀਆਂ ਨਰਮੇ-ਕਪਾਹ ਦੀਆਂ ਫਸਲਾਂ,ਹਰਾ-ਚਾਰਾ,ਸਬਜ਼ੀਆਂ ਆਦਿ ਤਬਾਹ ਕਰਕੇ ਰੱਖ ਦਿੱਤੀਆਂ ਹਨ,
ਅਤੇ ਕਈ ਪਿੰਡਾਂ ਵਿੱਚ ਆਮ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ ਉੱਥੇ ਹੀ ਨੇੜਲੇ
ਪਿੰਡ ਸ਼ੇਖਪੁਰਾ ਵਿੱਚ ਮੀਂਹ ਨੇ ਸਭ ਤੋਂ ਵੱਧ ਨੁਕਸਾਨ ਕੀਤਾ ਹੈ ਤੇ ਆਲਮ ਇਹ ਹੈ ਕਿ ਕੱਲ
ਤੱਕ ਘਰਾਂ ਦੇ ਮਾਲਿਕ ਕਹਾਂਉਦੇ ਕਈ ਵਿਅਕਤੀਆਂ ਨੂੰ ਘਰ ਢਹਿਣ ਕਰਕੇ ਆਰਜੀ ਝੁੱਗੀਆਂ ਵਿੱਚ
ਦਿਨਕਟੀ ਕਰਨੀ ਪੈ ਰਹੀ ਹੈ।ਉੱਧਰ ਅੱਜ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਨੁਕਸਾਨ ਦਾ ਜਾਇਜਾ
ਲੈਣ ਲਈ ਪਿੰਡ ਦਾ ਦੌਰਾ ਕੀਤਾ।
ਬਾਰਸ਼ਾਂ ਦੇ ਪਾਣੀ ਨਾਲ ਇਲਾਕੇ ਦੇ ਸਭ ਤੋਂ ਵੱਧ
ਪ੍ਰਭਾਵਿਤ ਪਿੰਡ ਸ਼ੇਖਪੁਰਾ ਵਿੱਚ ਜਿੱਥੇ ਕਿਸਾਨਾਂ ਦੇ ਦੱਸਣ ਮੁਤਾਬਕ ਅੱਠ ਸੌ ਏਕੜ ਰਕਬੇ
ਵਿੱਚ ਮੀਂਹ ਦਾ ਪਾਣੀ ਖੜ੍ਹਨ ਕਰਕੇ ਫਸਲਾਂ ਤਬਾਹ ਹੋ ਗਈਆਂ ਹਨ,ਉੱਥੇ ਦਲਿਤ ਪਰਿਵਾਰਾਂ
ਨਾਲ ਸਬੰਧਤ ਪੌਣੀ ਦਰਜ਼ਨ ਦੇ ਕਰੀਬ ਲੋਕ ਘਰ ਢਿੱਗਣ ਕਾਰਨ ਘਰੋਂ ਬੇ-ਘਰ ਹੋ ਗਏ ਹਨ। ਜੋ ਕਿ
ਤਿਰਪਾਲਾਂ ਦੇ ਤੰਬੂ ਬਣਾ ਕੇ ਆਪਣੇ ਬੱਚਿਆਂ ਸਮੇਤ ਦਿਨ ਕੱਟੀ ਕਰ ਰਹੇ ਹਨ। ਸਿਵਲ
ਪ੍ਰਸ਼ਾਸ਼ਨ ਅਧਿਕਾਰੀ ਐਸ.ਡੀ.ਐਮ ਤਲਵੰਡੀ ਸਾਬੋ ਕੁਲਵੰਤ ਸਿੰਘ ਅਤੇ ਨਾਇਬ ਤਹਿਸੀਲਦਾਰ
ਮਹਿੰਦਰ ਸਿੰਘ ਸਿੱਧੂ ਨੇ ਅੱਜ ਪਿੰਡ ਸ਼ੇਖਪੁਰਾ ਦਾ ਦੌਰਾ ਕਰਕੇ ਢਿੱਗੇ ਮਕਾਨਾਂ ਅਤੇ ਪਾਣੀ
ਵਿੱਚ ਡੁੱਬੀਆਂ ਫਸਲਾਂ ਦਾ ਜਾਇਜ਼ਾ ਲਿਆ।
ਢਿੱਗੇ ਘਰਾਂ ਦੇ ਮਾਲਕਾਂ ਬੀਬੀ ਸੁਖਪਾਲ
ਕੌਰ ਪਤਨੀ ਜਗਸੀਰ ਸਿੰਘ, ਦਰਸ਼ਨ ਸਿੰਘ ਪੁੱਤਰ ਨਛੱਤਰ ਸਿੰਘ, ਨਿਰਮਲ ਸਿੰਘ, ਪਰਮਜੀਤ ਸਿੰਘ
ਪੁੱਤਰ ਨਛੱਤਰ ਸਿੰਘ, ਰਾਮ ਸਿੰਘ ਪੁੱਤਰ ਇੰਦਰ ਸਿੰਘ, ਕਰਨੈਲ ਸਿੰਘ, ਸੁਖਦੇਵ ਸਿੰਘ,
ਕਪੂਰ ਸਿੰਘ, ਸਰਬਜੀਤ ਕੌਰ, ਜੱਗਾ ਸਿੰਘ ਪੁੱਤਰ ਬਚਨ ਸਿੰਘ ਆਦਿ ਨੇ ਪ੍ਰਸ਼ਾਸ਼ਨ ਅਧਿਕਾਰੀਆਂ
ਕੋਲ ਆਪਣੀ ਗੁਹਾਰ ਲਾਈ ਕਿ ਪਿਛਲੇ ਦਿਨਾਂ ਤੋਂ ਪੈ ਰਹੀ ਬਾਰਸ਼ ਨਾਲ ਉਨ੍ਹਾਂ ਦੇ ਘਰ ਢਿੱਗ
ਪਏ ਹਨ। ਉਹ ਆਪਣੀਆਂ ਮੁਟਿਆਰਾਂ ਲੜਕੀਆਂ ਨੂੰ ਲੈ ਕੇ ਤਿਰਪਾਲਾਂ ਦੇ ਤੰਬੂਆਂ ਵਿੱਚ ਦਿਨ
ਕੱਟੀ ਕਰ ਰਹੇ ਹਨ। ਉਨ੍ਹਾਂ ਕੋਲ ਰਾਸ਼ਨ ਆਦਿ ਵੀ ਨਹੀਂ। ਕਿਸੇ ਨਾ ਅਜੇ ਤੱਕ ਉਨ੍ਹਾਂ ਨੂੰ
ਕਿਸੇ ਧਰਮਸ਼ਾਲਾ, ਸਕੂਲ ਆਦਿ ਵਿੱਚ ਰਹਿਣ ਦਾ ਕੋਈ ਪ੍ਰਬੰਧ ਕੀਤਾ ਹੈ ਅਤੇ ਨਾ ਹੀ ਕੋਈ
ਉਨ੍ਹਾਂ ਦੀ ਸਾਰ ਲੈਣ ਉਨ੍ਹਾਂ ਕੋਲ ਆਇਆ। ਉਨ੍ਹਾਂ ਦੋਸ਼ ਲਾਇਆ ਕਿ ਮੀਂਹ ਦਾ ਸਾਰਾ ਪਾਣੀ
ਉਨ੍ਹਾਂ ਦੀ ਬਸਤੀ ਵੱਲ ਛੱਡ ਦਿੱਤਾ ਗਿਆ। ਜਿਸ ਕਾਰਨ ਉਨ੍ਹਾਂ ਦੇ ਮਕਾਨ ਡਿੱਗ ਪਏ ਹਨ। ਇਸ
ਮੌਕੇ ਜਿੱਥੇ ਪ੍ਰਸ਼ਾਸ਼ਨ ਅਧਿਕਾਰੀਆਂ ਨੇ ਢਿੱਗੇ ਘਰਾਂ ਦਾ ਜਾਇਜਾ ਲਿਆ ਉੱਥੇ ਪੀੜ੍ਹਤਾਂ
ਨੂੰ ਵਿਸਵਾਸ਼ ਦਿਵਾਇਆ ਕਿ ਉਹ ਉਨ੍ਹਾਂ ਦੀ ਹਰ ਸੰਭਵ ਮੱਦਦ ਕਰਨਗੇ। ਐਸਡੀਐਮ ਕੁਲਵੰਤ ਸਿੰਘ
ਨੇ ਮੌਕੇ 'ਤੇ ਹਾਜ਼ਰ ਸਰਪੰਚ ਰਾਮ ਕੁਮਾਰ ਨੂੰ ਕਿਹਾ ਕਿ ਪਿੰਡ ਦੇ ਡੀਪੂ ਵਿੱਚ ਜੋ ਵੀ
ਰਾਸ਼ਨ ਪਿਆ ਹੈ,ਇੰਨ੍ਹਾਂ ਗਰੀਬ ਪੀੜ੍ਹਤਾਂ ਨੂੰ ਦਿੱਤਾ ਜਾਵੇ। ਇਸ ਤੋਂ ਇਲਾਵਾ ਉਨ੍ਹਾਂ
ਸਮੂਹ ਪਿੰਡ ਵਾਸੀਆਂ ਨੂੰ ਉੱਕਤ ਪਰਿਵਾਰਾਂ ਦੀ ਮੱਦਦ ਕਰਨ ਦੀ ਅਪੀਲ ਵੀ ਕੀਤੀ।
ਇਸ
ਤੋਂ ਇਲਾਵਾ ਪ੍ਰਸ਼ਾਸ਼ਨ ਅਧਿਕਾਰੀਆਂ ਨੇ ਪਾਣੀ ਵਿੱਚ ਡੁੱਬੀਆਂ ਫਸਲਾਂ ਦਾ ਜਾਇਜ਼ਾ ਵੀ ਲਿਆ।
ਇਸ ਮੌਕੇ ਮੱਖਣ ਸਿੰਘ,ਭੋਲਾ ਸਿੰਘ ਕੁਲਵਿੰਦਰ ਸਿੰਘ,ਦੀਪ ਸਿੰਘ,ਮੁਹਿੰਦਰ ਸਿੰਘ,ਤੇਜਾ
ਸਿੰਘ ਆਦਿ ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੇ ਕਰੀਬ ਅੱਠ ਸੌ ਏਕੜ ਰਕਬੇ ਵਿੱਚ
ਬਾਹਰਲੇ ਪਿੰਡਾਂ ਬੁਰਜ,ਸੰਦੋਹਾ ਆਦਿ ਅਤੇ ਮੋਘਿਆਂ ਸਾਰਾ ਪਾਣੀ ਉਨ੍ਹਾਂ ਦੇ ਪਿੰਡ ਵੱਲ ਆ
ਕੇ ਖੇਤਾਂ ਵਿੱਚ ਚਾਰ-ਪੰਜ ਫੁੱਟ ਤੱਕ ਖੜ੍ਹ ਗਿਆ ਹੈ। ਜਿਸ ਕਰਕੇ ਜਿੱਥੇ ਉਨ੍ਹਾਂ ਦੀਆਂ
ਮਹਿੰਗੇ ਖਰਚੇ ਕਰਕੇ ਪਾਲੀਆਂ ਫਸਲਾਂ ਹੁਣ ਪੱਕਣ 'ਤੇ ਆਈਆਂ ਸਨ,ਤਬਾਹ ਹੋ ਗਈਆਂ,ਉੱਥੇ
ਪਿੰਡ ਦੇ ਨਾਲ ਬਸਤੀਆਂ ਅਤੇ ਘਰਾਂ ਵਿੱਚ ਇਹ ਪਾਣੀ ਵੜ੍ਹਨ ਕਾਰਨ ਕਈ ਘਰ ਵੀ ਡਿੱਗ ਪਏ ਹਨ।
ਇਸ
ਮੌਕੇ ਐਸਡੀਐਮ ਕੁਲਵੰਤ ਸਿੰਘ ਨੇ ਦੱਸਿਆ ਕਿ ਉਹ ਜਲਦੀ ਹੀ ਢਿੱਗੇ ਮਕਾਨਾਂ ਅਤੇ ਖਰਾਬ
ਹੋਈਆਂ ਫਸਲਾਂ ਦੀ ਰਿਪੋਰਟ ਬਣਾ ਕੇ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਦੇ ਰਹੇ ਹਨ। ਉਨ੍ਹਾਂ ਕਿਹਾ
ਕਿ ਜ਼ਿਨ੍ਹਾਂ ਲੋਕਾਂ ਦੇ ਘਰ ਢਿੱਗੇ ਹਨ,ਉਨ੍ਹਾਂ ਲਈ ਮੌਕੇ 'ਤੇ ਲੋੜੀਦੇ ਪ੍ਰਬੰਧ ਕੀਤੇ ਜਾ
ਰਹੇ ਹਨ। ਉਨ੍ਹਾਂ ਕਿਹਾ ਕਿ ਪੀੜਤ ਲੋਕਾਂ ਨਾਲ ਉਨ੍ਹਾਂ ਦੀ ਪੂਰੀ ਹਮਦਰਦੀ ਹੈ। ਉੱਧਰ
ਪਤਾ ਲੱਗਾ ਹੈ ਕਿ ਹਲਕਾ ਵਿਧਾਇਕ ਸ੍ਰ.ਜੀਤਮਹਿੰਦਰ ਸਿੰਘ ਸਿੱਧੂ ਨੇ ਵੀ ਪ੍ਰਸ਼ਾਸਨਿਕ
ਅਧਿਕਾਰੀਆਂ ਨੂੰ ਪੀੜਿਤ ਪਰਿਵਾਰਾਂ ਨੂੰ ਹਰ ਸੰਭਵ ਸਹਾਇਤਾ ਮੁਹੱਈਆ ਕਰਵਾਉਣ ਦੇ ਆਦੇਸ਼
ਜਾਰੀ ਕੀਤੇ ਹਨ। ਦੂਜੇ ਪਾਸੇ ਦੁਪਹਿਰ ਤੋਂ ਬਾਦ ਫਿਰ ਸ਼ੁਰੂ ਹੋਈ ਬਾਰਿਸ਼ ਨੇ ਉਕਤ
ਪਰਿਵਾਰਾਂ ਅਤੇ ਕਿਸਾਨਾਂ ਦੀਆਂ ਦੁਸ਼ਵਾਰੀਆਂ ਵਿੱਚ ਹੋਰ ਵਾਧਾ ਕਰ ਦਿੱਤਾ ਹੈ।