ਆਸਟਰੇਲੀਆ ਤੇ ਭਾਰਤ ਵਿਚਕਾਰ ਹੋਇਆ ਪ੍ਰਮਾਣੂ ਇਕਰਾਰ
Posted on:- 0 5-09-2014
ਨਵੀਂ ਦਿੱਲੀ : ਭਾਰਤ
ਅਤੇ ਆਸਟਰੇਲੀਆ ਦਰਮਿਆਨ ਲੰਬੀ ਦੇਰੀ ਤੋਂ ਲਟਕ ਰਹੇ ਪ੍ਰਮਾਣੂ ਊਰਜਾ ਸਮਝੌਤੇ 'ਤੇ ਦਸਤਖ਼ਤ
ਕੀਤੇ ਗਏ ਹਨ। ਆਸਟਰੇਲੀਆ ਦੇ ਪ੍ਰਧਾਨ ਟੋਨੀ ਏਬੋਟ ਨੇ ਕਿਹਾ ਕਿ ਉਹ ਭਾਰਤ ਨਾਲ ਪਹਿਲੇ
ਦਰਜੇ ਦੇ ਸਬੰਧ ਚਾਹੁੰਦੇ ਹਨ। ਟੋਨੀ ਏਬੋਟ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਮਿਲੇ
ਤੇ ਭਾਰਤ ਲਈ ਯੂਰੇਨੀਅਮ ਦੇਣ ਵਾਸਤੇ ਸਮਝੌਤੇ ਨੂੰ ਅੰਤਿਮ ਛੋਹ ਦਿੱਤੀ।
ਦੋਵਾਂ ਦੇਸ਼ਾਂ
ਦੇ ਵਿਚਕਾਰ ਖੇਡ ਅਤੇ ਸਿੱਖਿਆ ਦੇ ਖੇਤਰ ਵਿੱਚ ਵੀ ਸਮਝੌਤੇ ਹੋਏ। ਇਸ ਤੋਂ ਪਹਿਲਾਂ ਏਬੋਟ
ਨੇ ਪ੍ਰਧਾਨ ਮੰਤਰੀ ਮੋਦੀ ਨੂੰ ਉਹ ਮੂਰਤੀਆਂ ਸੌਂਪੀਆਂ ਜੋ ਕਈ ਸਾਲ ਪਹਿਲਾਂ ਤਾਮਿਲਨਾਡੂ
ਤੋਂ ਸਮਗਲਰਾਂ ਦੁਆਰਾ ਚੋਰੀ ਕੀਤੇ ਜਾਣ ਤੋਂ ਬਾਅਦ ਕਿਸੇ ਤਰ੍ਹਾਂ ਆਸਟਰੇਲੀਆ ਪਹੁੰਚ ਗਈਆਂ
ਸਨ। ਇਸ ਮੌਕੇ ਪੀਐਮ ਮੋਦੀ ਨੇ ਕਿਹਾ ਕਿ ਇਸ ਸਮਝੌਤੇ 'ਤੇ ਦਸਤਖ਼ਤ ਹੋਣਾ ਇਤਿਹਾਸਕ ਪਲ
ਹੈ। ਇਸ ਨਾਲ ਦੋਵਾਂ ਦੇਸ਼ਾਂ ਦੇ ਵਿਚਕਾਰ ਰਿਸ਼ਤਿਆਂ ਦੀ ਨਵੀਂ ਸ਼ੁਰੂਆਤ ਹੋਵੇਗੀ। ਮੋਦੀ
ਅਨੁਸਾਰ ਆਸਟਰੇਲੀਆ ਭਾਰਤ ਦੀ ਤਰੱਕੀ ਵਿੱਚ ਵਿਸ਼ੇਸ਼ ਭੂਮਿਕਾ ਨਿਭਾਅ ਸਕਦਾ ਹੈ। ਏਬੋਟ ਅਤੇ
ਭਾਰਤੀ ਪ੍ਰਧਾਨ ਮੰਤਰੀ ਮੋਦੀ ਦੇ ਵਿਚਕਾਰ ਹੈਦਰਾਬਾਦ ਹਾਊਸ ਵਿੱਚ ਦੁਵੱਲੀ ਬੈਠਕ ਵਿੱਚ
ਸਮਝੌਤੇ 'ਤੇ ਦਸਤਖ਼ਤ ਕੀਤੇ ਗਏ।
ਏਬੋਟ ਨੇ ਕਿਹਾ ਕਿ ਮੋਦੀ ਅਤੇ ਉਹ ਦੋਵੇਂ ਹੀ
ਚਾਹੁੰਦੇ ਹਨ ਕਿ ਇਸ ਨੂੰ ਇਨਫਰਾਸਟਰੱਕਚਰ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਜਾਣਿਆ ਚਾਹੇ।
ਉਨ੍ਹਾਂ ਕਿਹਾ ਕਿ ਉਹ ਉਮੀਦ ਕਰਦੇ ਹਨ ਕਿ ਉਨ੍ਹਾਂ ਦੀ ਯਾਤਰਾ ਨਾਲੀ ਭਾਰਤ ਅਤੇ ਆਸਟਰੇਲੀਆ
ਦੇ ਵਿਚਕਾਰ ਮਿੱਤਰਤਾ ਨੂੰ ਨਵੀਂ ਸ਼ਕਤੀ ਮਿਲੇਗੀ। ਆਸਟਰੇਲੀਆ ਨੇ 2012 ਵਿੱਚ ਪ੍ਰਮਾਣੂ
ਅਪ੍ਰਸਾਰ ਸੰਧੀ 'ਤੇ ਭਾਰਤ ਦੇ ਦਸਤਖ਼ਤ ਨਾ ਕਰਨ ਦੇ ਬਾਵਜੂਦ ਉਸ ਨੂੰ ਯੂਰੇਨੀਅਮ ਦਿੱਤੇ
ਜਾਣ ਦੀ ਰੋਕ ਹਟਾ ਲਈ ਸੀ। ਇਸ ਦੇ ਬਾਅਦ ਹੀ ਦੋਵਾਂ ਦੇਸ਼ਾਂ ਦੇ ਵਿਚਕਾਰ ਸ਼ਾਂਤੀਪੂਰਨ
ਅਸੈਨਿਕ ਵਰਤੋਂ ਦੇ ਲਈ ਪ੍ਰਮਾਣੂ ਸਮਝੌਤੇ ਦੀ ਉਮੀਦ ਕੀਤੀ ਜਾ ਰਹੀ ਸੀ। ਭਾਰਤ ਦੀ ਯਾਤਰਾ
'ਤੇ ਰਵਾਨਾ ਹੋਣ ਤੋਂ ਪਹਿਲਾਂ ਏਬੋਟ ਨੇ ਆਸਟਰੇਲੀਆਈ ਸੰਸਦ ਵਿੱਚ ਕਿਹਾ ਸੀ ਕਿ ਉਹ
ਪ੍ਰਮਾਣੂ ਸਮਝੌਤੇ 'ਤੇ ਦਸਤਖ਼ਤ ਹੋਣ ਦੀ ਉਮੀਦ ਕਰਦੇ ਹਨ। ਇਸ ਤੋਂ ਪਹਿਲਾਂ ਏਬੋਟ ਦਾ
ਸਵੇਰੇ ਰਾਸ਼ਟਰਪਤੀ ਭਵਨ ਵਿੱਚ ਸਵਾਗਤ ਕੀਤਾ ਗਿਆ। ਏਬੋਟ ਨੇ ਰਾਜਘਾਟ ਜਾ ਕੇ ਮਹਾਤਮਾ
ਗਾਂਧੀ ਦੀ ਸਮਾਧੀ 'ਤੇ ਫੁੱਲ ਚੜਾਏ ਅਤੇ ਫ਼ਿਰ ਇੰਡੀਆ ਗੇਟ 'ਤੇ ਅਮਰ ਜਵਾਨ ਜੋਤੀ 'ਤੇ
ਫੁੱਲ ਭੇਟ ਕਰਕੇ ਸ਼ਹੀਦ ਸੈਨਿਕਾਂ ਨੂੰ ਸ਼ਰਧਾਂਜਲੀ ਦਿੱਤੀ।
ਇਸ ਤੋਂ ਬਾਅਦ ਉਨ੍ਹਾਂ
ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੇ ਨਾਲ ਮੁਲਾਕਾਤ ਕੀਤੀ। ਏਬੋਟ ਨੇ ਦੁਪਹਿਰ ਬਾਅਦ ਉਪ
ਰਾਸ਼ਟਰਪਤੀ ਹਾਮਿਦ ਅੰਸਾਰੀ ਨਾਲ ਵੀ ਮੁਲਾਕਾਤ ਕੀਤੀ। ਆਸਟਰੇਲੀਆ ਵਿੱਚ ਵੱਡੇ ਪੱਧਰ 'ਤੇ
ਯੂਰੇਨੀਅਮ ਪਾਇਆ ਜਾਂਦਾ ਹੈ। ਇਸ ਸਮਝੌਤੇ ਤੋਂ ਬਾਅਦ ਭਾਰਤ ਨੂੰ ਆਸਟਰੇਲੀਆ ਤੋਂ
ਯੂਰੇਨੀਅਮ ਦੀ ਸਪਲਾਈ ਮਿਲੇਗੀ। ਇਹ ਯੂਰੇਨੀਅਮ ਰੇਡੀਓ ਐਸੋਟੋਪਸ ਦੀ ਪੈਦਾਵਾਰ, ਨਿਊਕਲੀਅਰ
ਸੁਰੱਖਿਆ ਅਤੇ ਹੋਰ ਸਹਿਯੋਗ ਦੇ ਕੰਮਾਂ ਵਿੱਚ ਵਰਤਿਆ ਜਾਣਾ ਹੈ। ਭਾਰਤੀ ਨਿਊਕਲੀਅਰ
ਪਲਾਂਟ 4680 ਮੈਗਾਵਾਟ ਬਿਜਲੀ ਪੈਦਾ ਕਰਦੇ ਹਨ, ਜਿਸ ਵਿੱਚ 2840 ਮੈਗਾਵਾਟ ਭਾਰਤੀ
ਯੂਰੇਨੀਅਮ ਤੋਂ ਅਤੇ 1840 ਮੈਗਾਵਾਟ ਬਾਹਰੋ ਆਏ ਯੂਰੇਨੀਅਮ ਤੋਂ ਪੈਦਾ ਹੁੰਦੀ ਹੈ।