ਸਮਾਜ ਸੇਵੀ ਗੁਰਦੇਵ ਸਿੰਘ ਭੰਗੂ ਦਾ ਦਰਦਨਾਕ ਵਿਛੋੜਾ
Posted on:- 05-09-2014
ਉੱਘੇ ਸਮਾਜ ਸੇਵੀ ਭਾਰਤੀ ਸੈਨਾ ਦੇ ਸਾਬਕਾ ਸੂਬੇਦਾਰ ਮੇਜਰ ਗੁਰਦੇਵ ਸਿੰਘ ਭੰਗੂ ਪਿਛਲੇ ਦਿਨੀਂ ਇਸ ਫਾਨੀ ਸੰਸਾਰ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਏ।ਅੰਗਰੇਜ਼ਾਂ ਦੇ ਸਮੇਂ ਪਟਿਆਲਾ ਰਿਆਸਤ ਆਰਮੀ ‘ਚ ਭਰਤੀ ਹੋਏ, ਸ਼੍ਰੀ ਭੰਗੂ ਅਜ਼ਾਦੀ ਉਪਰੰਤ ਭਾਰਤੀ ਸੈਨਾ ਦੀ ਆਰਮੀ ਸਰਵਿਸ ਕੋਰ ‘ਚ ਤਬਦੀਲ ਹੋ ਗਏ ਸਨ, ਜਿਥੇ ਆਪਣੀ ਲੰਮੀ ਸੇਵਾ ਦੌਰਾਨ 1971 ਦੇ ਭਾਰਤ-ਪਾਕਿਸਤਾਨ ਯੁੱਧ ਵਿਚ ਸ਼ਾਨਦਾਰ ਭੂਮਿਕਾ ਨਿਭਾਈ । ਸੈਨਾ ‘ਚ ਯੂਨੀਅਰ ਕੰਮਿਸ਼ੰਡ ਅਫਸਰ ਬਣਨ ਉਪਰੰਤ ਉਹ ਸੂਬੇਦਾਰ ਮੇਜਰ ਵਜੋਂ ਸੇਵਾ ਮੁਕਤ ਹੋਏ।
ਕਲਾਤਮਕ ਰੁਚੀਆਂ ਦੇ ਧਾਰਣੀ ਸ਼੍ਰੀ ਗੁਰਦੇਵ ਸਿੰਘ ਭੰਗੂ ਨੇ ਸਾਹਿਤਕ ਸੰਸਥਾ “ਹਰੀ ਵ੍ਰਿਜੇਸ਼ ਕਲਚਰਲ ਫਾਊਂਡੇਸ਼ਨ” ਦੇ ਜਨਰਲ ਸਕੱਤਰ ਵਜੋਂ ਲੰਮਾ ਸਮਾਂ ਸੇਵਾ ਨਿਭਾਈ। ਮਾਂ ਬੋਲੀ ਪੰਜਾਬੀ ਦੇ ਪ੍ਰਚਾਰ-ਪ੍ਰਸਾਰ ਲਈ ਉਨ੍ਹਾਂ ਪ੍ਰਸਿੱਧ ਵਿਦਵਾਨ ਭਾਈ ਕਾਨ੍ਹ ਸਿੰਘ ਨਾਭਾ ਨੂੰ ਸਮਰਪਿਤ ਇਕ ਵੈਬਸਾਈਟ ‘ਕਾਨ੍ਹ ਸਿੰਘ ਨਾਭਾ ਡਾਟ ਕਾਮ’ ਤਿਆਰ ਕਰਵਾਈ ,ਜੋ ਪਿਛਲੇ ਪੰਜ ਸਾਲਾਂ ਤੋਂ ਇੰਟਰਨੈੱਟ ਤੇ ਉਪਲਬਧ ਹੈ।
ਮਿਠਬੋਲੜੇ ਅਤੇ ਸਾਧੂ ਸੁਭਾਅ ਦੇ ਮਾਲਕ ਸ੍ਰੀ ਭੰਗੂ ਗੁਰਬਾਣੀ ਦੇ ਅਥਾਹ ਸ਼ਰਧਾਲੂ ,ਗੁਰਮਤਿ ਸਿਧਾਂਤਾਂ ਦੇ ਪ੍ਰਚਾਰਕ ਅਤੇ ਸਮਾਜ ਭਲਾਈ ਦੇ ਕਾਰਜਾਂ ਲਈ ਹਮੇਸ਼ਾ ਯਤਨਸ਼ੀਲ ਰਹਿੰਦੇ ਸਨ।ਧਰਮ ਗ੍ਰੰਥਾਂ ਦੇ ਅਰਥ-ਭਾਵ ਆਮ ਲੋਕਾਂ ਨੂੰ ਦੱਸਣ ਲਈ ਉਹ ਆਪਣੇ ਪਿੰਡ ਦੀ ਸੱਥ ਵਿਚ ਪਹੁੰਚਕੇ ਲੰਮਾ ਸਮਾਂ ਲਗਾਤਾਰ ਕਥਾ ਵੀ ਕਰਦੇ ਰਹੇ ਹਨ। ਦਾਜ,ਭਰੂਣ-ਹੱਤਿਆ ਅਤੇ ਨਸ਼ਿਆਂ ਵਰਗੀਆਂ ਬੁਰਾਈਆਂ ਦੇ ਉਹ ਸਖਤ ਵਿਰੋਧੀ ਸਨ।ਉਨ੍ਹਾਂ ਦੀ ਵਿਛੜੀ ਆਤਮਾਂ ਦੀ ਸ਼ਾਂਤੀ ਲਈ ਸ਼ਰਧਾਂਜਲੀ ਸਮਾਗਮ ਉਨ੍ਹਾਂ ਦੇ ਜੱਦੀ ਪਿੰਡ ਕਣਕਵਾਲ ਭੰਗੂਆਂ ਨਜਦੀਕ ਸੁਨਾਮ(ਸੰਗਰੂਰ) ਐਤਵਾਰ 7 ਸਤੰਬਰ ਨੂੰ 11ਵਜੇ ਗੁਰਦੁਆਰਾ ਸਾਹਿਬ ਹੋਵੇਗਾ।
ਮੇਜਰ ਆਦਰਸ਼ਪਾਲ ਸਿੰਘ ਪੜਪੋਤਰੇ ਭਾਈ ਕਾਨ੍ਹ ਸਿੰਘ ਨਾਭਾ,ਗਿਆਨੀ ਨਿਰੰਜਨ ਸਿੰਘ ਨਰਗਿਸ ਯੂ.ਕੇ.,ਮੇਜਰ ਮਹਿੰਦਰ ਸਿੰਘ ਪਟਿਆਲਾ,ਜਥੇਦਾਰ ਬਲਵਿੰਦਰ ਸਿੰਘ ਤਲਵੰਡੀ,ਫਿਲਮਕਾਰ ਇਕਬਾਲ ਗੱਜਣ,ਏ.ਐੱਸ.ਆਈ ਕਿਰਨਜੀਤ ਸਿੰਘ(ਸੰਗਰੂਰ),ਡਾ.ਬਲਵਿੰਦਰ ਸਿੰਘ ਬਿੱਲੂ(ਪਾਟਿਆਂਵਾਲੀ),ਅਸਿਸਟੈਂਟ ਪ੍ਰੋਫੈਸਰ ਡਾ. ਰਵਿੰਦਰ ਕੌਰ ਰਵੀ ਪੰਜਾਬੀ ਯੂਨਵਿਰਸਿਟੀ ਪਟਿਆਲਾ,ਮਾਤਾ ਗੁਰਦੇਵ ਕੌਰ ਭਾਠੂਆਂ,ਸੂਬੇਦਾਰ ਮੇਜਰ ਸੁਰਜੀਤ ਸਿੰਘ,ਜਰਨਲਿਸਟ ਡਾ. ਜਗਮੇਲ ਸਿੰਘ ਦਿੱਲੀ ਸਮੇਤ ਬਹੁਤ ਸਾਰੇ ਪਤਵੰਤਿਆਂ ਨੇ ਸੂਬੇਦਾਰ ਮੇਜਰ ਸ੍ਰ ਗੁਰਦੇਵ ਸਿੰਘ ਭੰਗੂ ਦੇ ਅਕਾਲ ਚਲਾਣੇ ਤੇ ਸ਼ੋਕ ਪ੍ਰਗਟ ਕਰਦਿਆਂ ਉਨ੍ਹਾਂ ਦੇ ਸਮੂਹ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ।