ਜੰਮੂ-ਕਸ਼ਮੀਰ 'ਚ ਹੜ੍ਹ ਦਾ ਕਹਿਰ
Posted on:- 04-09-2014
ਜੰਮੂ, ਸ੍ਰੀਨਗਰ : ਜੰਮੂ–ਕਸ਼ਮੀਰ
ਵਿੱਚ ਭਾਰੀ ਬਾਰਿਸ਼ ਦੇ ਚੱਲਦਿਆਂ ਨਦੀਆਂ ਵਿੱਚ ਪਾਣੀ ਦਾ ਪੱਧਰ ਖ਼ਤਰਨਾਕ ਢੰਗ ਨਾਲ ਵਧ
ਰਿਹਾ ਹੈ। ਰਜੌਰੀ ਜ਼ਿਲ੍ਹੇ 'ਚ ਜੇਹਲਮ ਦਰਿਆ ਦੇ ਪਾਣੀ ਵਿੱਚ 50 ਬਰਾਤੀਆਂ ਨੂੰ ਲੈ ਕੇ ਜਾ
ਰਹੀ ਬੱਸ ਡਿੱਗ ਪਈ, ਜਿਸ ਵਿੱਚੋਂ 35 ਬਰਾਤੀਆਂ ਦੇ ਮਾਰੇ ਜਾਣ ਦਾ ਖਦਸ਼ਾ ਹੈ। ਸੂਬੇ ਦੀ
ਰਾਜਧਾਨੀ ਸ੍ਰੀਨਗਰ ਵਿੱਚ ਹੀ ਜੇਹਲਮ ਦਰਿਆ ਖਤਰੇ ਦੇ ਨਿਸ਼ਾਨ ਤੋਂ 4 ਫੁੱਟ ਉਪਰ ਵਹਿ ਰਿਹਾ
ਹੈ। ਸ੍ਰੀਨਗਰ ਦੇ ਕੋਲ ਇੱਕ ਪੁਲ ਦੇ ਟੁੱਟ ਜਾਣ ਦੀ ਖ਼ਬਰ ਹੈ। ਇਸ ਥਾਂ ਤੋਂ ਸ੍ਰੀਨਗਰ ਦੇ
ਕਈ ਇਲਾਕਿਆਂ ਵਿੱਚ ਪਾਣੀ ਭਰ ਗਿਆ ਹੈ।
ਇਸ ਦੌਰਾਨ ਭਾਰੀ ਬਾਰਿਸ਼ ਦੇ ਚੱਲਦਿਆਂ ਧਰਤੀ
ਖਿਸਕਣ ਅਤੇ ਹੜ੍ਹ ਵਿੱਚ ਹੁਣ ਤੱਕ 13 ਲੋਕਾਂ ਦੀਆਂ ਜਾਨਾਂ ਚਲੀਆਂ ਗਈਆਂ ਹਨ। ਮਰਨ
ਵਾਲਿਆਂ 'ਚ ਬੀਐਸਐਫ਼ ਦਾ ਇੱਕ ਅਧਿਕਾਰੀ ਅਤੇ 4 ਬੱਚੇ ਵੀ ਸ਼ਾਮਲ ਹਨ। ਹੜ੍ਹ ਕਾਰਨ ਬਣੇ
ਹਾਲਾਤ ਬੇਕਾਬੂ ਹੁੰਦੇ ਦੇਖ ਜੰਮੂ ਕਸ਼ਮੀਰ ਸਰਕਾਰ ਨੇ ਅਲਰਟ ਜਾਰੀ ਕਰ ਦਿੱਤਾ ਹੈ ਅਤੇ
ਲੋਕਾਂ ਨੂੰ ਨਦੀਆਂ ਦੇ ਕੰਢਿਆਂ 'ਤੇ ਜਾਣ ਤੋਂ ਰੋਕ ਦਿੱਤਾ ਗਿਆ ਹੈ। ਪ੍ਰਸ਼ਾਸਨ ਨੇ ਜੰਮੂ
ਦੇ ਸਾਰੇ ਜ਼ਿਲ੍ਹਿਆਂ ਵਿੱਚ ਆਫ਼ਤ ਪ੍ਰਬੰਧ ਅਤੇ ਬਚਾਅ ਦਲ ਦੀਆਂ ਇੱਕ ਦਰਜਨ ਤੋਂ ਵਧ ਟੀਮਾਂ
ਨੂੰ ਲਗਾਇਆ ਗਿਆ ਹੈ। ਫੌਜ ਵੀ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਜੁਟ ਗਈ ਹੈ। ਫੌਜ ਨੇ
ਹੜ੍ਹ ਪ੍ਰਭਾਵਤ ਇਲਾਕਿਆਂ ਵਿਚੋਂ ਹੈਲੀਕਾਪਟਰ ਰਾਹੀਂ ਕਈ ਲੋਕਾਂ ਨੂੰ ਸੁਰੱਖਿਅਤ ਸਥਾਨਾਂ
'ਤੇ ਪਹੁੰਚਾ ਦਿੱਤਾ ਹੈ।
ਧਰਤੀ ਖਿਸਕਣ ਕਾਰਨ ਸ੍ਰੀਨਗਰ-ਲੇਹ ਹਾਈਵੇਅ ਨੂੰ ਬੰਦ ਕਰ
ਦਿੱਤਾ ਗਿਆ ਹੈ।
ਇਸੇ ਦੌਰਾਨ ਅਨੰਤਨਾਗ ਅਤੇ ਕੁਲਗਾਮ ਜ਼ਿਲ੍ਹਿਆਂ ਦੇ 30 ਤੋਂ ਜ਼ਿਆਦਾ ਪਿੰਡ
ਹੁਣ ਤੱਕ ਹੜ੍ਹ ਦੀ ਲਪੇਟ ਵਿੱਚ ਆ ਗਏ ਹਨ। ਪੁਲਿਸ ਅਤੇ ਸਥਾਨਕ ਪ੍ਰਸ਼ਾਸਨ ਨੇ ਫੌਜ ਅਤੇ
ਰਾਹਤ ਟੀਮ ਦੀ ਮਦਦ ਨਾਲ ਪੁੰਛ, ਰਜੌਰੀ, ਰਿਆਸੀ ਜ਼ਿਲ੍ਹੇ ਅਤੇ ਕਸ਼ਮੀਰ ਘਾਟੀ ਦੇ ਕੁਲਗਾਮ
ਅਤੇ ਸੋਪਿਆ ਵਿੱਚੋਂ ਸੈਂਕੜੇ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾ ਦਿੱਤਾ ਹੈ।
ਇਸੇ
ਦੌਰਾਨ ਪੁੰਛ 'ਚ ਕੰਟਰੋਲ ਰੇਖਾ ਦੇ ਨੇੜੇ ਮੰਡੀ ਇਲਾਕੇ ਵਿੱਚ ਧਰਤੀ ਖਿਸਕਣ ਅਤੇ ਭਾਰੀ
ਬਾਰਿਸ਼ ਕਾਰਨ ਮਲਬਾ ਵੰਕਰ 'ਤੇ ਡਿੱਗ ਪਿਆ, ਜਿਸ ਵਿੱਚ ਮੌਜੂਦ ਬੀਐਸਐਫ਼ ਦੀ 154ਵੀਂ
ਬਟਾਲੀਅਨ ਦੇ ਇੰਸਪੈਕਟਰ ਮੁਹੰਮਦ ਰਾਸ਼ਿਦ ਦਬ ਗਏ। ਮਲਬੇ ਤੋਂ ਉਨ੍ਹਾਂ ਦੀ ਲਾਸ਼ ਕੱਢੀ ਗਈ
ਉਥੇ ਮੌਜੂਦ ਹੋਰ ਕੁਝ ਜਵਾਨਾਂ ਨੂੰ ਵੀ ਸੱਟਾਂ ਲੱਗੀਆਂ ਹਨ। ਇਸ ਇਲਾਕੇ ਵਿੱਚ ਬੀਐਸਐਫ਼
ਦੇ ਕੁਝ ਹਥਿਆਰਾਂ ਦੇ ਵਹਿ ਜਾਣ ਦੀ ਵੀ ਖ਼ਬਰ ਹੈ। ਇਸੇ ਦੌਰਾਨ ਪੁੰਛ ਦੇ ਮੰਡੀ ਇਲਾਕੇ ਵਿਚ
ਹੀ ਦੋ ਹੋਰ ਲੋਕਾਂ ਦੇ ਹੜ੍ਹ ਕਾਰਨ ਮਾਰੇ ਜਾਣ ਦਾ ਖਦਸ਼ਾ ਹੈ। ਰਿਆਸੀ ਜ਼ਿਲ੍ਹੇ ਦੇ ਦੂਰ
ਦੁਰਾਡੇ ਮੋਮਨਕੋਟ ਖੇਤਰ ਵਿੱਚ ਧਰਤੀ ਖਿਸਕਣ ਕਾਰਨ ਤਿੰਨ ਬੱਚਿਆਂ ਸਣੇ ਪੰਜ ਵਿਅਕਤੀ
ਜ਼ਿੰਦਾ ਦਫ਼ਨ ਹੋ ਗਏ।
ਇਸੇ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਜੰਮੂ
ਕਸ਼ਮੀਰ ਵਿੱਚ ਹੜ੍ਹ ਦੀ ਸਥਿਤੀ ਉਤੇ ਮੁੱਖ ਮੰਤਰੀ ਉਮਰ ਅਬਦੁੱਲਾ ਨਾਲ ਟੈਲੀਫੋਨ ਉਤੇ
ਗੱਲਬਾਤ ਕੀਤੀ। ਉਮਰ ਅਬਦੁੱਲਾ ਵੱਲੋਂ ਹੜ੍ਹ ਦੀ ਸਥਿਤੀ ਬਾਰੇ ਗ੍ਰਹਿ ਮੰਤਰੀ ਨੂੰ
ਦੱਸਿਆ। ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਸ਼ੁੱਕਰਵਾਰ ਨੂੰ ਦੋ ਦਿਨ ਦੇ ਦੌਰੇ 'ਤੇ
ਜੰਮੂ ਕਸ਼ਮੀਰ ਪਹੁੰਚ ਰਹੇ ਹਨ। ਇਸ ਦੌਰਾਨ ਉਹ ਸਰਹੱਦ 'ਤੇ ਯੂਨੀਫਾਰਮ ਕਮਾਂਡ ਹੈਡਕੁਆਰਟਜ਼
ਦੀ ਮੀਟਿੰਗ ਵਿੱਚ ਸੁਰੱਖਿਆ ਸਥਿਤੀ ਦਾ ਜਾਇਜ਼ਾ ਲੈਣਗੇ ਅਤੇ ਕਈ ਹੋਰ ਖੇਤਰਾਂ ਦਾ ਵੀ ਦੌਰਾ
ਕਰਨਗੇ।
ਉਮਰ ਅਬਦੁੱਲਾ ਨੇ ਗ੍ਰਹਿ ਮੰਤਰੀ ਨੂੰ ਦੱਸਿਆ ਕਿ ਇੱਕ ਬੱਸ ਜਿਸ ਵਿੱਚ 50
ਸਵਾਰੀਆਂ ਸਨ ਹੜ੍ਹ ਵਿੱਚ ਰੁੜ ਗਈ। ਰਾਸ਼ਟਰੀ ਆਪਦਾ ਕੰਟਰੋਲ ਫੋਰਸਾਂ ਦੀ ਟੀਮ ਘਟਨਾ ਵਾਲੀ
ਥਾਂ ਉਤੇ ਭੇਜ ਦਿੱਤੀ ਗਈ ਹੈ । ਗ੍ਰਹਿ ਮੰਤਰੀ ਵੱਲੋਂ ਸਾਰੀਆਂ ਏਜੰਸੀਆਂ ਨੂੰ ਖੋਜ ਅਤੇ
ਬਚਾਓ ਅਪ੍ਰੇਸ਼ਨ ਚਲਾਉਣ ਲਈ ਹਦਾਇਤਾਂ ਦੇ ਦਿੱਤੀਆਂ ਗਈਆਂ ਹਨ। ਗ੍ਰਹਿ ਮੰਤਰੀ ਵੱਲੋਂ
ਕੀਮਤੀ ਜਾਨਾਂ ਦੇ ਨੁਕਸਾਨ ਉਤੇ ਗਹਿਰਾ ਦੁੱਖ ਪ੍ਰਗਟ ਕੀਤਾ। ਗ੍ਰਹਿ ਮੰਤਰੀ ਵੱਲੋਂ ਮੁੱਖ
ਮੰਤਰੀ ਨੂੰ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ। ਜੰਮੂ ਕਸ਼ਮੀਰ ਦੇ ਕੁਝ ਇਲਾਕਿਆਂ ਵਿੱਚ
ਹੋ ਰਹੀ ਬਰਸਾਤ ਦੇ ਕਾਰਨ ਹੜ੍ਹ ਦੀ ਸਥਿਤੀ ਪੈਦਾ ਹੋ ਗਈ ਹੈ। ਰਾਜਨਾਥ ਸਿੰਘ ਨੇ ਆਪਣਾ
ਰਾਜ ਦਾ ਦੌਰਾ ਰੱਦ ਕਰ ਦਿੱਤਾ ਹੈ।