ਉਭਰਦੀ ਲੋਕਤੰਤਰਿਕ ਮਹਾਂਸ਼ਕਤੀ ਹੈ ਭਾਰਤ : ਏਬੋਟ
Posted on:- 04-09-2014
ਮੁੰਬਈ : ਆਸਟਰੇਲੀਆਈ
ਪ੍ਰਧਾਨ ਮੰਤਰੀ ਟੋਨੀ ਏਬੋਟ ਨੇ ਭਾਰਤ ਨੂੰ ''ਉਭਰਦੀ ਲੋਕਤੰਤਰਿਕ ਮਹਾਂਸ਼ਕਤੀ'' ਦੱਸਦਿਆਂ
ਅੱਜ ਕਿਹਾ ਕਿ ਦੇਸ਼ ਵਿੱਚ ਵਪਾਰ ਦੇ ਬਹੁਤ ਮੌਕੇ ਹਨ, ਜਿਨ੍ਹਾਂ ਦਾ ਉਹ ਵਧ ਤੋਂ ਵਧ ਲਾਭ
ਉਠਾਉਣਾ ਚਾਹੁੰਦੇ ਹਨ। ਆਸਟਰੇਲੀਆਈ ਪ੍ਰਧਾਨ ਮੰਤਰੀ ਏਬੋਟ ਨੇ ਆਪਣੀ ਦੋ ਰੋਜ਼ਾ ਭਾਰਤ
ਯਾਤਰਾ ਦੀ ਸ਼ੁਰੂਆਤ 'ਆਰਥਿਕ ਰਾਜਧਾਨੀ' ਮੁੰਬਈ ਤੋਂ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ
ਨਰਿੰਦਰ ਮੋਦੀ ਦਾ ਇਹ ਸੱਦਾ ਦਿੱਤਾ ਕਿ 'ਆਓ, ਭਾਰਤ ਵਿੱਚ ਨਿਰਮਾਣ ਕਰੀਏ' ਆਸਟਰੇਲੀਆ ਨੂੰ
ਲੈ ਕੇ ਉਨ੍ਹਾਂ ਦੇ (ਏਬੋਟ) ਉਸ ਕਥਨ ਦੀ ਭਾਵਨਾ ਅਤੇ ਉਮੀਦ ਦੇ ਹਿਸਾਬ ਨਾਲ ਕਾਫ਼ੀ ਨੇੜੇ
ਹੈ। ਉਨ੍ਹਾਂ ਨੇ ਕਿਹਾ ਸੀ ਕਿ 'ਵਪਾਰ ਲਈ ਸਾਡੇ (ਆਸਟਰੇਲੀਆ) ਲਈ ਦਰਵਾਜ਼ੇ ਖੋਲ੍ਹੇ ਹੋਏ
ਹਨ।'
ਉਨ੍ਹਾਂ ਨੇ ਹੋਟਲ ਤਾਜ਼ ਪੈਲਸ ਵਿੱਚ ਵਪਾਰਕ ਵਫ਼ਦ ਨੂੰ ਸੰਬੋਧਨ ਕਰਦਿਆਂ ਕਿਹਾ ਕਿ
ਇਹ ਇੱਕ ਅਜਿਹਾ ਦੇਸ਼ ਹੈ, ਜਿਸ ਨੇ ਬੀਤੇ ਕੁਝ ਦਹਾਕਿਆਂ ਦੌਰਾਨ ਆਪਣੇ ਵਿਕਾਸ ਤੇ ਵਾਧੇ
ਨਾਲ ਵਿਸ਼ਵ ਨੂੰ ਹੈਰਾਨ ਕਰ ਦਿੱਤਾ ਹੈ। ਇਹ ਦੁਨੀਆ ਦਾ ਸਭ ਤੋਂ ਵੱਧ ਜਨ ਸੰਖਿਆ ਵਾਲਾ ਦੇਸ਼
ਹੈ। ਖਰਚ ਕਰਨ ਵਾਲੀ ਸ਼ਕਤੀ ਦੇ ਮਾਮਲੇ ਵਿੱਚ ਦੁਨੀਆ ਦੀ ਤੀਸਰੀ ਸਭ ਤੋਂ ਵੱਡੀ ਅਰਥ
ਵਿਵਸਥਾ ਹੈ, ਸਪੱਸ਼ਟ ਤੌਰ 'ਤੇ ਉਭਰਦੀ ਹੋਈ ਲੋਕਤੰਤਰਿਕ ਮਹਾਂਸ਼ਕਤੀ ਅਤੇ ਇੱਕ ਅਜਿਹਾ ਦੇਸ਼
ਹੈ, ਜਿਸ ਦੇ ਨਾਲ ਆਸਟਰੇਲੀਆ ਦੇ ਲੰਬੇ ਸਮੇਂ ਤੋਂ ਵਧੀਆ ਸਬੰਧ ਰਹੇ ਹਨ। ਉਨ੍ਹਾਂ ਨੇ
ਕਿਹਾ ਕਿ ਜਿੱਥੇ ਤੱਕ ਮੇਰਾ ਸਵਾਲ ਹੈ ਤਾਂ ਇਸ ਦੌਰੇ ਦਾ ਉਦੇਸ਼ ਵਿਸ਼ਵ ਵਿੱਚ ਭਾਰਤ ਦੇ
ਮਹੱਤਵ ਨੂੰ ਸਵੀਕਾਰ ਕਰਨਾ, ਆਸਟਰੇਲੀਆ ਦੇ ਭਵਿੱਖ ਵਿੱਚ ਭਾਰਤ ਦੇ ਮਹੱਤਵ ਨੂੰ ਸਵੀਕਾਰ
ਕਰਨਾ, ਭਾਰਤ ਸਰਕਾਰ ਅਤੇ ਉਸ ਦੇ ਲੋਕਾਂ ਨੂੰ ਇਹ ਜਾਣਕਾਰੀ ਦੇਣਾ ਕਿ ਆਸਟਰੇਲੀਆ ਦੇ ਕੋਲ
ਉਸ ਨੂੰ ਅਤੇ ਦੁਨੀਆ ਨੂੰ ਪੇਸ਼ ਕਰਨ ਲਈ ਕੀ ਹੈ ਅਤੇ ਉਸ ਦੇ ਮਜ਼ਬੂਤ ਆਧਾਰ 'ਤੇ ਨਿਰਮਾਣ
ਕਰਨਾ ਸ਼ਾਮਲ ਹੈ।