ਅਧਿਆਪਕ ਦਿਵਸ 'ਤੇ ਮੋਦੀ ਦਾ ਭਾਸ਼ਣ ਦਿਖਾਉਣਾ ਬਿਨਾ ਪਾਣੀ ਤੋਂ ਮੌਜੇ ਖੋਲ੍ਹਣ ਬਰਾਬਰ
Posted on:- 03-09-2014
ਮੋਹਾਲੀ : ਅਧਿਆਪਕ
ਦਿਵਸ 'ਤੇ ਭਲਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਭਾਸ਼ਣ ਦਿਖਾਉਣਾ ਬਿਨਾ ਪਾਣੀ ਤੋਂ
ਮੌਜੇ ਖੋਲ੍ਹਣ ਵਾਲੀ ਗੱਲ ਹੈ ਜਦ ਕਿ ਸਕੂਲਾਂ ਵਿਚ ਨਾ ਤਾਂ ਟੀ ਵੀ ਅਤੇ ਨਾ ਹੀ ਕੇਬਲ ਦਾ
ਪ੍ਰਬੰਧ ਹੈ। ਇਹ ਵਿਚਾਰ ਇੰਟਕ ਦੇ ਸੂਬਾਈ ਪ੍ਰਧਾਨ ਬਲਵੀਰ ਸਿੰਘ ਕੇ ਪੀ ਨੇ ਅੱਜ ਮੋਹਾਲੀ
ਵਿਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਹੇ। ਉਨ੍ਹਾਂ ਕਿਹਾ ਕਿ ਸਕੂਲਾਂ 'ਚ ਅਜਿਹਾ ਕੋਈ
ਪ੍ਰਬੰਧ ਹੀ ਨਹੀਂ ਇਸ ਲਈ ਹੁਣ ਸਰਕਾਰ ਇਹ ਦੱਸੇ ਕਿ ਅਧਿਆਪਕ ਸਕੂਲਾਂ ਵਿਚ ਪੜ੍ਹਾਈ
ਕਰਵਾਉਣ ਜਾਂ ਟੀ ਵੀ ਕਿਰਾਏ 'ਤੇ ਲੈ ਕੇ ਆਉਣ ਦਾ ਪ੍ਰਬੰਧ ਕਰਨ।
ਸ੍ਰੀ ਕੇ ਪੀ ਨੇ
ਕਿਹਾ ਕਿ, ਜਿਵੇਂ ਕਿ ਪਹਿਲਾਂ ਹੀ ਕਿਆਸ-ਅਰਾਈਆਂ ਸਨ ਮੋਦੀ ਨੇ ਸੱਤਾ ਵਿਚ ਆਉਂਦਿਆਂ ਹੀ
ਭਾਜਪਾਈ ਨੀਤੀਆਂ ਨੂੰ ਜਬਰਨ ਥੋਪਣਾ ਸ਼ੁਰੂ ਕਰ ਦਿਤਾ ਹੈ ਜਿਸ ਨੇ ਪੰਜਾਬ ਦੇ ਲੋਕਾਂ 'ਚ
ਰੋਸ ਦੀ ਲਹਿਰ ਪੈਦਾ ਕਰ ਦਿਤੀ ਹੈ। ਇਸ ਲਈ ਪੰਜਾਬ ਦੀਆਂ ਅਧਿਆਪਕ ਜਥੇਬੰਦੀਆਂ ਇਸ
ਨਾਦਰਸ਼ਾਹੀ ਫ਼ੁਰਮਾਨ ਦੇ ਵਿਰੋਧ ਵਿਚ ਕਮਰ ਕਸੇ ਕਰਦਿਆਂ ਸੜਕਾਂ ਤੇ ਉੱਤਰਨ ਨਹੀਂ ਤਾਂ ਭਵਿਖ
ਵਿਚ ਹੋਰ ਅਜਿਹੇ ਫਰਮਾਨਾਂ ਦੀ ਆਗਿਆ ਦਾ ਪਾਲਣ ਕਰਨ ਲਈ ਤਿਆਰ ਰਹਿਣ। ਸ੍ਰੀ ਕੇ ਪੀ ਨੇ
ਕਿਹਾ ਕਿ ਮੋਦੀ ਅਧਿਆਪਕ ਦਿਵਸ ਤੇ ਇਕ ਘੰਟੇ ਦੇ ਕਰੀਬ ਵਿਦਿਆਰਥੀਆਂ ਨੂੰ ਸੰਬੋਧਨ ਕਰਨਗੇ
ਜਿਸ ਨੂੰ ਕਿ ਪ੍ਰਾਇਮਰੀ ਸਕੂਲ ਦੇ ਨੰਨੇ ਮੁੰਨੇ ਵਿਦਿਆਰਥੀਆਂ ਤੇ ਇਕ ਜ਼ੁਲਮ ਕਹਿਣਾ ਕੋਈ
ਗ਼ਲਤ ਨਹੀਂ ਹੋਵੇਗਾ। ਸ੍ਰੀ ਕੇ ਪੀ ਨੇ ਇਹ ਵੀ ਕਿਹਾ ਕਿ ਆਲ ਇੰਡੀਆ ਨੈਸ਼ਨਲ ਟਰੇਡ ਯੂਨੀਅਨ
ਕਾਂਗਰਸ ਇਸ ਫ਼ੁਰਮਾਨ ਦਾ ਜ਼ਬਰਦਸਤ ਵਿਰੋਧ ਕਰਦੀ ਹੈ।
ਸ੍ਰੀ ਕੇ ਪੀ ਨੇ ਦੱਸਿਆ ਕਿ
ਸਰਕਾਰ ਨਾਂ ਤਾਂ ਸਕੂਲਾਂ ਵਿਚ ਬਿਜਲੀ ਦੇ ਬਿਲ ਭਰਨ ਲਈ ਕੋਈ ਧੇਲਾ ਦਿੰਦੀ ਹੈ ਬਿਲ ਵੀ
ਅਧਿਆਪਕ ਕਿਤੇ ਨਾ ਕਿਤਿਓਂ ਕਰਕੇ ਭਰਦੇ ਹਨ। ਕੇ ਪੀ ਨੇ ਮੰਗ ਕੀਤੀ ਹੈ ਕਿ ਸਰਕਾਰ ਪੰਜਾਬ
ਦੇ ਸਕੂਲਾਂ ਵਿਚ ਵਿਦਿਆਰਥੀਆਂ ਨੂੰ ਜਬਰਨ ਭਾਸ਼ਣ ਦਿਖਾਉਣ ਵਾਲੇ ਹੁਕਮ ਨੂੰ ਵਾਪਸ ਲਵੇ।
ਉਨ੍ਹਾਂ ਅਕਾਲੀ ਸਰਕਾਰ ਨੂੰ ਸੁਚੇਤ ਕੀਤਾ ਕਿ ਮੋਦੀ ਦੀ ਸਰਕਾਰ ਆਰ.ਆਰ.ਐਸ ਦੇ ਏਜੰਡੇ ਨੂੰ
ਲੁਕਵੇਂ ਢੰਗ ਨਾਲ ਲੋਕਾਂ ਤੋਂ ਥੋਪ ਰਹੀ ਹੈ। ਆਰ.ਆਰ.ਐਸ ਦੇ ਮੁੱਖੀ ਮੋਹਨ ਭਾਗਵਤ ਭਾਰਤ
ਦੇ ਲੋਕਾਂ ਤੇ ਹਿੰਦੂਤਤਵ ਥੋਪਣਾ ਚਾਹੁੰਦੇ ਹਨ। ਉਹ ਜਾਣਦੇ ਹਨ ਕਿ ਅੱਜ ਕੇਂਦਰ ਵਿੱਚ
ਭਾਰਤੀ ਜਨਤਾ ਪਾਰਟੀ ਪੂਰਨ ਬਹੁਮਤ 'ਚ ਹੈ ਜਿਸ ਦਾ ਪੁਰਾ ਕੰਟਰੋਲ ਆਰ.ਆਰ.ਐਸ ਦੇ ਹੱਥਾਂ
'ਚ ਹੈ।