ਪਾਕਿ ਸੰਸਦ ਵੱਲੋਂ ਨਵਾਜ਼ ਸ਼ਰੀਫ਼ ਦਾ ਸਮਰਥਨ
Posted on:- 02-09-2014
ਇਸਲਾਮਾਬਾਦ : ਪਾਕਿਸਤਾਨ
ਵਿੱਚ ਹਿੰਸਾ ਅਤੇ ਫੌਜ ਦੇ ਦਖ਼ਲ ਦੇ ਖਦਸ਼ੇ ਦੇ ਦਰਮਿਆਨ ਅੱਜ ਸੰਸਦ ਵੱਲੋਂ ਪ੍ਰਧਾਨ ਮੰਤਰੀ
ਨਵਾਜ਼ ਸ਼ਰੀਫ਼ ਦਾ ਸਮਰਥਨ ਕੀਤਾ ਗਿਆ। ਦੂਜੇ ਪਾਸੇ ਸਰਕਾਰ ਨੇ ਵਿਰੋਧ ਪ੍ਰਦਰਸ਼ਨਾਂ ਨੂੰ
ਪਾਕਿਸਤਾਨ ਦੇ ਖਿਲਾਫ਼ ਬਗਾਵਤ ਕਰਾਰ ਦਿੱਤਾ ਹੈ। ਮੌਜੂਦਾ ਸਿਆਸੀ ਸੰਕਟ 'ਤੇ ਚਰਚਾ ਕਰਨ
ਅਤੇ ਪ੍ਰਧਾਨ ਮੰਤਰੀ ਲਈ ਸਮਰਥਨ ਹਾਸਲ ਕਰਨ ਦੇ ਮਕਸਦ ਨਾਲ ਸੱਦੇ ਗਏ ਸੰਸਦ ਦੇ ਐਮਰਜੈਂਸੀ
ਸਾਂਝੇ ਇਜਲਾਸ ਵਿੱਚ ਲਗਭਗ ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਪ੍ਰਧਾਨ ਮੰਤਰੀ ਦੇ
ਪੱਖ਼ ਵਿੱਚ ਆਪਣੀ ਰਾਏ ਪ੍ਰਗਟਾਈ ਅਤੇ ਮੌਜੂਦਾ ਖਿੱਚੋਤਾਣ 'ਤੇ ਚਰਚਾ ਕੀਤੀ।
ਜ਼ਿਆਦਾਤਰ
ਆਗੂਆਂ ਨੇ ਵਿਰੋਧ ਪ੍ਰਦਰਸ਼ਨਾਂ ਦੇ ਦਰਮਿਆਨ ਜਨਾਬ ਸ਼ਰੀਫ਼ ਦੇ ਪ੍ਰਤੀ ਆਪਣਾ ਸਮਰਥਨ
ਪ੍ਰਗਟਾਇਆ ਹੈ।
ਇਮਰਾਨ ਖ਼ਾਨ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਅਤੇ ਮੌਲਾਨਾ
ਤਾਹਿਰ-ਉਲ-ਕਾਦਰੀ ਦੀ ਪਾਕਿਸਤਾਨ ਆਵਾਮੀ ਤਹਿਰੀਕ (ਪੀਏਟੀ) ਨਵਾਜ਼ ਸ਼ਰੀਫ਼ ਦੇ ਖਿਲਾਫ
ਪ੍ਰਦਰਸ਼ਨ ਕਰ ਰਹੀਆਂ ਹਨ। ਗ੍ਰਹਿ ਮੰਤਰੀ ਚੌਧਰੀ ਨਿਸਾਰ ਨੇ ਕਿਹਾ ਕਿ ਸੰਸਦ ਨੂੰ ਇਸ ਗਲਤ
ਧਾਰਨਾ ਨੂੰ ਦੂਰ ਕਰਨਾ ਚਾਹੀਦਾ ਹੈ ਕਿ ਇਹ ਲੋਕਤੰਤਰਿਕ ਪ੍ਰਕਿਰਿਆ ਹੈ। ਇਹ ਪ੍ਰਦਰਸ਼ਨ
ਨਹੀਂ ਹੈ, ਧਰਨਾ ਨਹੀਂ ਹੈ ਅਤੇ ਨਾ ਹੀ ਸਿਆਸੀ ਮੀਟਿੰਗ ਹੈ, ਇਹ ਪਾਕਿਸਤਾਨ ਦੇ ਖਿਲਾਫ਼
ਬਗਾਵਤ ਹੈ।
ਇੱਕ ਸਰਕਾਰੀ ਚੈਨਲ ਦੇ ਇਸਲਾਮਾਬਾਦ ਸਥਿਤ ਦਫ਼ਤਰ ਵਿੱਚ ਪ੍ਰਦਰਸ਼ਨਕਾਰੀਆਂ
ਦੇ ਦਾਖ਼ਲ ਹੋਣ ਦਾ ਜ਼ਿਕਰ ਕਰਦਿਆਂ ਗ੍ਰਹਿ ਮੰਤਰੀ ਨੇ ਕਿਹਾ ਕਿ ਉਹ ਸੁਪਰੀਮ ਕੋਰਟ ਤੇ ਸੰਸਦ
ਦੇ ਦਰਵਾਜ਼ੇ ਤੱਕ ਪਹੁੰਚ ਗਏ ਹਨ। ਕੱਲ੍ਹ ਉਹ ਇੱਕ ਹੋਰ ਸਰਕਾਰੀ ਇਮਾਰਤ ਵਿੱਚ ਦਾਖ਼ਲ ਹੋ
ਗਏ ਅਤੇ ਤਾਹਿਰ ਅਲ ਕਾਦਰੀ ਜ਼ਿੰਦਾਬਾਦ ਦੇ ਨਾਅਰੇ ਲਗਾਏ। ਜਨਾਬ
ਨਿਸਾਰ ਨੇ ਕਿਹਾ ਕਿ
ਪ੍ਰਦਰਸ਼ਨਕਾਰੀਆਂ ਕੋਲ ਪਿਸਤੌਲਾਂ, ਕਟਰ, ਹਥੌੜੇ, ਗੁਲੇਲਾਂ ਅਤੇ ਡੰਡੇ ਬਗੈਰਾ ਸਨ।
ਉਨ੍ਹਾਂ ਕਿਹਾ ਕਿ ਦੋ ਲੋਕ ਪੀਟੀਵੀ ਦੀ ਇਮਾਰਤ ਵਿੱਚ ਦਾਖ਼ਲ ਹੋਏ, ਉਸ ਭੀੜ ਵਿੱਚ
ਦਹਿਸ਼ਤਵਾਦੀ ਸੰਗਠਨ ਦੇ ਲੋਕ ਸਨ। ਉੱਧਰ ਸੁਪਰੀਮ ਕੋਰਟ ਨੇ ਤਹਿਰੀਕ-ਏ-ਇਨਸਾਫ਼ ਅਤੇ ਪੀਏਟੀ
ਦੇ ਧਰਨੇ ਖਿਲਾਫ਼ ਕਈ ਮਾਮਲਿਆਂ ਦੀ ਸੁਣਵਾਈ ਕਰਦਿਆਂ ਅੱਜ ਸਾਰੀਆਂ ਸੰਸਦੀ ਪਾਰਟੀਆਂ ਦੇ
ਨਾਲ ਪੀਏਟੀ ਨੂੰ ਨੋਟਿਸ ਜਾਰੀ ਕਰਕੇ ਸੰਵਿਧਾਨ ਦੇ ਦਾਇਰੇ ਵਿੱਚ ਰਹਿ ਕੇ ਮੌਜੂਦਾ ਸਿਆਸੀ
ਖਿੱਚੋਤਾਣ ਦਾ ਹੱਲ ਕੱਢਣ ਲਈ ਕਿਹਾ ਹੈ। ਚੀਫ਼ ਜਸਟਿਸ ਨਸੀਰੁਲ ਮੁਲਕ ਦੀ ਅਗਵਾਈ ਵਾਲੇ ਚਾਰ
ਮੈਂਬਰੀ ਬੈਂਚ ਨੇ ਉਸ ਸਮੇਂ ਨੋਟਿਸ ਜਾਰੀ ਕੀਤਾ, ਜਦੋਂ ਅਰਜ਼ੀਕਰਤਾ ਜੁਲਫ਼ਕਾਰ ਨਕਬੀ ਨੇ
ਦਲੀਲ ਦਿੱਤੀ ਕਿ ਸਾਰੀਆਂ ਸਿਆਸੀ ਪਾਰਟੀਆਂ ਨੂੰ ਬੁਲਾਇਆ ਜਾਣਾ ਚਾਹੀਦਾ ਹੈ ਤਾਂ ਕਿ
ਖਿੱਚੋਤਾਣ ਦਾ ਹੱਲ ਕੱਢਿਆ ਜਾ ਸਕੇ। ਇਹ ਘਟਨਾਕ੍ਰਮ ਕੱਲ੍ਹ ਰਾਤ ਤੋਂ ਬਾਅਦ ਸਾਹਮਣੇ ਆਇਆ,
ਜਦੋਂ ਸਰਕਾਰੀ ਪੀਟੀਵੀ ਨੇ ਪ੍ਰਧਾਨ ਮੰਤਰੀ ਦੇ ਹਵਾਲੇ ਨਾਲ ਕਿਹਾ ਕਿ ਉਹ ਨਾ ਤਾਂ
ਅਸਤੀਫ਼ਾ ਦੇਣ ਅਤੇ ਨਾ ਹੀ ਛੁੱਟੀ 'ਤੇ ਜਾਣਗੇ।