ਪੀਆਰਟੀਸੀ ਨੇ 400 ਦੇ ਕਰੀਬ ਵਰਕਰਾਂ ਨੂੰ ਨੌਕਰੀਓਂ ਕੱਢਿਆ
Posted on:- 02-09-2014
ਪਟਿਆਲਾ : ਪੀਆਰਟੀਸੀ
ਵਰਕਰ ਯੂਨੀਅਨ (ਅਜ਼ਾਦ) ਦੀ ਅਗਵਾਈ ਹੇਠਾਂ ਅਦਾਰੇ ਦੇ ਕੰਟ੍ਰੈਕਟ ਵਰਕਰਾਂ ਵੱਲੋਂ ਆਪਣੀਆਂ
ਸੇਵਾਵਾਂ ਰੈਗੂਲਰ ਕਰਵਾਉਣ ਸਮੇਤ ਹੋਰ ਮੰਗਾਂ ਦੀ ਪੂਰਤੀ ਨੂੰ ਲੈ ਕੇ ਵਿੱਢਿਆ ਸੰਘਰਸ਼
ਤੇਜ਼ ਹੁੰਦਾ ਜਾ ਰਿਹਾ ਹੈ। ਵਰਕਰਾਂ ਦੀ ਕੰਮ ਛੱਡੋ ਹੜਤਾਲ 31ਵੇਂ ਅਤੇ ਲੜੀਵਾਰ ਭੁੱਖ
ਹੜਤਾਲ 13ਵੇਂ ਦਿਨ ਵਿਚ ਜਾ ਪੁੱਜੀ। ਜਦਕਿ ਇੰਦਰਜੀਤ ਸਿੰਘ ਲਹਿਰਾਗਾਗਾ ਨਾਂ ਦੇ ਯੂਨੀਅਨ
ਆਗੂ ਵੱਲੋਂ ਰੱਖਿਆ ਗਿਆ ਮਰਨ ਵਰਤ ਅੱਜ ਦੂਜੇ ਦਿਨ ਵਿਚ ਸ਼ਾਮਲ ਹੋ ਗਿਆ ਹੈ। ਮੈਨੇਜਮੈਂਟ
'ਤੇ ਧੱਕੇਸ਼ਾਹੀਆਂ ਦੇ ਦੋਸ਼ ਲਾਉਂਦਿਆਂ, ਯੂਨੀਅਨ ਦਾ ਕਹਿਣਾ ਹੈ ਕਿ ਪਹਿਲੀਆਂ ਮੰਗਾਂ ਤਾਂ
ਕੀ ਪ੍ਰਵਾਨ ਕਰਨੀਆਂ ਸਨ, ਸਗੋਂ ਸੰਘਰਸ਼ ਦੌਰਾਨ ਜਿੱਥੇ ਕਈ ਵਰਕਰਾਂ 'ਤੇ ਪੁਲਿਸ ਕੇਸ ਦਰਜ
ਹੋ ਚੁੱਕੇ ਹਨ, ਉਥੇ ਹੀ 400 ਦੇ ਕਰੀਬ ਵਰਕਰਾਂ ਨੂੰ ਨੌਕਰੀਓਂ ਵੀ ਹਟਾ ਦਿੱਤਾ ਗਿਆ ਹੈ।
ਅੱਜ ਦੇ ਧਰਨੇ ਨੂੰ ਬਲਵੀਰ ਸਿੰਘ ਕਪੂਰਥਲਾ, ਗੁਰਦੀਪ ਸਿੰਘ, ਪਰਮਿੰਦਰ ਸਿੰਘ,ਬੱਬੂ ਸ਼ਰਮਾ
ਪਟਿਆਲਾ, ਗੁਰਪ੍ਰੀਤ ਗੋਪੀ ਫਰੀਦਕੋਟ, ਰਘਵੀਰ ਸਿੰਘ, ਸੁੱਖਵਿੰਦਰ ਸੁੱਖੀ ਬਰਨਾਲਾ,
ਗੁਰਪਾਲ ਸਿੰਘ ਕਾਲਾ ਸੰਗਰੂਰ, ਖੁਸ਼ਵਿੰਦਰ ਸਿੰਘ ਕਾਲਾ ਬੁਢਲਾਡਾ, ਜਸਵੀਰ ਸਿੰਘ ਲੁਧਿਆਣਾ,
ਹਰਬੰਸ ਸਿੰਘ ਭੋਲਾ, ਰਛਪਾਲ ਸਿੰਘ ਬਠਿੰਡਾ, ਜਸਵੀਰ ਸਿੰਘ ਅਤੇ ਦਰਸ਼ਨ ਸਿੰਘ ਸਮੇਤ
ਯੂਨੀਅਨ ਦੇ ਸੂਬਾਈ ਜਨਰਲ ਸਕੱਤਰ ਰੁਪਿੰਦਰ ਸਿੰਘ ਰੌਂਗਲਾਂ, ਗੁਰਧਿਆਨ ਸਿੰਘ ਭਾਨਰਾ ਨੇ
ਵੀ ਵਿਚਾਰ ਪੇਸ਼ ਕੀਤੇ। ਉਨ੍ਹਾਂ ਕਿਹਾ ਬਾਦਲਾਂ ਦੀ ਨਿੱਜੀ ਆਰਬਿਟ ਟਰਾਂਸਪੋਰਟ ਕੰਪਨੀ ਨੂੰ
ਮੁਨਾਫ਼ੇ ਵਿੱਚ ਲਿਆਉਣ ਲਈ ਮੈਨੇਜਮੈਂਟ ਸਰਕਾਰ ਦੇ ਇਸ਼ਾਰੇ 'ਤੇ ਪੀ.ਆਰ.ਟੀ.ਸੀ. ਦਾ ਭੋਗ
ਪਾਉਣ ਵੱਲ ਨੂੰ ਵਧ ਰਹੀ ਹੈ। ਧੱਕੇ ਨਾਲ ਪੀ.ਆਰ.ਟੀ.ਸੀ. ਰੂਟਾਂ 'ਤੇ ਪ੍ਰਾਈਵੇਟ ਗੱਡੀਆਂ
ਚਲਾਈਆਂ ਜਾ ਰਹੀਆਂ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਮੈਨੇਜਮੈਂਟ ਨੇ ਬਿਨ੍ਹਾਂ ਕੋਈ ਨੋਟਿਸ
ਅਤੇ ਇਨਕੁਆਰੀਆਂ ਤੋਂ ਕਥਿਤ ਗੈਰ ਕਾਨੂੰਨੀ ਤਰੀਕੇ ਨਾਲ 400 ਦੇ ਕਰੀਬ ਵਰਕਰਾਂ ਨੂੰ
ਨੌਕਰੀ ਤੋਂ ਹਟਾ ਦਿੱਤਾ ਹੈ।
ਦੂਜੇ ਪਾਸੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ
ਉਨ੍ਹਾਂ ਦੇ ਮੁਲਾਜ਼ਮ ਨਹੀਂ ਹਨ। ਕਿਉਂਕਿ ਡੇਢ ਹਜ਼ਾਰ ਦੇ ਕਰੀਬ ਵਰਕਰ ਅਦਾਰੇ ਵਿਚ ਠੇਕੇਦਾਰ
ਜਰੀਏ ਕੰਮ ਕਰਦਾ ਰਿਹਾ ਹੈ। ਜਿਸ ਨਾਲ ਇਹ ਗੱਲ ਪਹਿਲਾਂ ਹੀ ਤੈ ਹੋਈ ਸੀ ਕਿ ਡਿਊਟੀ ਤੋਂ
ਗੈਰ ਹਾਜਰ ਰਹਿਣ ਵਾਲੇ ਵਰਕਰਾਂ ਨੂੰ ਤੁਰੰਤ ਹਟਾ ਦਿੱਤਾ ਜਾਵੇਗਾ। ਪੀਆਰਟੀਸੀ ਦੇ ਜੀ.ਐਮ
(ਪ੍ਰਸ਼ਾਸਨ) ਸ੍ਰੀ ਸੁਰਿੰਦਰ ਸਿੰਘ ਦਾ ਕਹਿਣਾ ਸੀ ਕਿ ਅਦਾਰੇ ਦੀਆਂ ਠੇਕੇਦਾਰ ਨਾਲ ਪਹਿਲਾਂ
ਹੀ ਸ਼ਰਤਾਂ ਤੈ ਹਨ । ਜਿਸ ਤਹਿਤ ਇਨ੍ਹਾਂ ਵਰਕਰਾਂ ਨੂੰ ਰੈਗੂਲਰ ਨਹੀਂ ਕੀਤਾ ਜਾ ਸਕਦਾ।
ਉਨ੍ਹਾਂ ਕਿਹਾ ਕਿ ਬਹੁਤ ਸਾਰੀਆਂ ਮੰਗਾਂ ਅਦਾਰਾ ਸਮੇਂ ਸਮੇਂ 'ਤੇ ਪੂਰੀਆਂ ਕਰਦਾ ਆ ਰਿਹਾ
ਹੈ। ਬੁਲਾਰਿਆਂ ਦਾ ਕਹਿਣਾ ਸੀ ਕਿ ਕੱਚੇ ਕਾਮੇ ਪੱਕੇ ਕਰਾਉਣ ਲਈ 500 ਪੀ.ਆਰ.ਟੀ.ਸੀ.
ਦੀਆਂ ਨਵੀਆਂ ਬੱਸਾਂ ਪਾਉਣ, ਨੌਕਰੀਓਂ ਕੱਢੇ ਵਰਕਰਾਂ ਦੀ ਬਹਾਲੀ, ਝੂਠੇ ਪਰਚੇ ਰੱਦ ਕਰਨ,
ਨਾਜਾਇਜ਼ ਚਲਾਈਆਂ ਨਿੱਜੀ ਬੱਸਾਂ ਬੰਦ ਕਰਾਉਣ ਅਤੇ ਚੰਡੀਗੜ੍ਹ ਡਿਪੂ ਦੇ ਜੀ.ਐਮ ਹਰਬੰਸ
ਸਿੰਘ ਭੱਟੀ ਦੀ ਬਦਲੀ ਕਰਾਉਣ ਤੱਕ ਇਹ ਸੰਘਰਸ਼ ਜਾਰੀ ਰਹੇਗਾ। ਬੇਰੁਜ਼ਗਾਰ ਲਾਈਨਮੈਨ ਯੂਨੀਅਨ
ਦੇ ਸੂਬਾ ਸਲਾਹਕਾਰ ਸੋਮਾ ਸਿੰਘ ਭੜੋ ਅਤੇ ਬਹਾਦਰਗੜ੍ਹ ਇਨਕਲੇਵ ਫੈਕਟਰੀ ਦੇ ਆਗੂ ਡਾ.
ਪ੍ਰੀਤਮ ਸਿੰਘ ਨੇ ਵੀ ਇਸ ਧਰਨੇ ਨੂੰ ਸੰਬੋਧਨ ਕੀਤਾ।