ਤਲਵੰਡੀ ਸਾਬੋ ਕੋਲ ਦੀ ਲੰਘਦੀ ਕੋਟਲਾ ਬ੍ਰਾਂਚ ਨਹਿਰ ਦਾ ਪਾਣੀ ਖਤਰੇ ਦੀ ਹੱਦ ਤੋਂ ਉੱਪਰ ਟੱਪਿਆ
Posted on:- 02-09-2014
ਤਲਵੰਡੀ ਸਾਬੋ : ਪਿਛਲੇ
ਕਰੀਬ 24 ਘੰਟਿਆਂ ਤੋਂ ਪੰਜਾਬ ਦੇ ਮਾਲਵਾ ਖਿੱਤੇ ਦੇ ਇਸ ਇਲਾਕੇ ਵਿੱਚ ਰੁਕ ਰੁਕ ਕੇ ਪੈ
ਰਹੀ ਭਾਰੀ ਬਾਰਿਸ਼ ਦੇ ਚਲਦਿਆਂ ਜਿੱਥੇ ਮਾਲਵੇ ਦੀ ਨਰਮਾ ਪੱਟੀ ਵਜੋਂ ਜਾਣੇ ਜਾਂਦੇ ਇਸ
ਖਿੱਤੇ ਵਿੱਚ ਨਰਮੇ ਦੀ ਫਸਲ ਅਤੇ ਸਬਜੀਆਂ ਨੂੰ ਭਾਰੀ ਨੁਕਸਾਨ ਪੁੱਜਣ ਦਾ ਅੰਦੇਸ਼ਾ ਹੈ,
ਉੱਥੇ ਹੁਣ ਇਸ ਇਲਾਕੇ ਦੀ ਸਿੰਚਾਈ ਲਈ ਵਰਦਾਨ ਮੰਨੀ ਜਾਂਦੀ ਕੋਟਲਾ ਬ੍ਰਾਂਚ ਨਹਿਰ ਦਾ
ਪਾਣੀ ਖਤਰੇ ਦੇ ਨਿਸ਼ਾਨ ਤੋਂ ਲੰਘ ਜਾਣ ਕਰਕੇ ਇਸ ਨਹਿਰ ਨਾਲ ਲੱਗਦੇ ਇਸ ਇਲਾਕੇ ਦੇ ਦਰਜਨਾਂ
ਪਿੰਡਾਂ ਦੇ ਕਿਸਾਨਾਂ ਦੀ ਨੀਂਦ ਹਰਾਮ ਹੋ ਗਈ ਹੈ। ਉਕਤ ਨਹਿਰ ਦੇ ਨਾਲ ਲੱਗਦੇ ਪਿੰਡਾਂ
ਵਿੱਚ ਦਹਿਸ਼ਤ ਦਾ ਮਾਹੌਲ ਪਸਰਿਆ ਹੋਇਆ ਹੈ ਜਦੋਂਕਿ ਨਹਿਰੀ ਮਹਿਕਮੇ ਦੇ ਅਧਿਕਾਰੀ ਜਲਦੀ
ਪਾਣੀ ਘਟ ਜਾਣ ਦੀਆਂ ਗੱਲਾਂ ਕਰ ਰਹੇ ਹਨ।
ਇੱਥੇ ਦੱਸਣਾ ਬਣਦਾ ਹੈ ਕਿ ਬੀਤੇ ਕੱਲ੍ਹ
ਸਵੇਰ ਤੋਂ ਇਸ ਇਲਾਕੇ ਅੰਦਰ ਰੁਕ ਰੁਕ ਕੇ ਪ੍ਰੰਤੂ ਭਾਰੀ ਬਾਰਿਸ਼ ਪੈ ਰਹੀ ਹੈ ਅਤੇ ਕਿਆਸ
ਹੈ ਕਿ ਇਸੇ ਤਰ੍ਹਾਂ ਪੰਜਾਬ ਦੇ ਦੂਜੇ ਇਲਾਕਿਆਂ ਦੇ ਨਾਲ ਨਾਲ ਪਹਾੜਾਂ ਵਿੱਚ ਭਾਰੀ ਬਾਰਿਸ਼
ਪੈ ਰਹੀ ਹੈ ਜਿਸ ਦੇ ਚਲਦਿਆਂ ਨਹਿਰਾਂ ਅਤੇ ਰਜਬਾਹਿਆਂ ਵਿੱਚ ਪਾਣੀ ਦਾ ਪੱਧਰ ਕਾਫੀ ਵਧ
ਗਿਆ ਹੈ। ਇਸ ਇਲਾਕੇ ਦੀ ਸਿੰਚਾਈ ਦੀ ਜੀਵਨ ਰੇਖਾ ਵਜੋਂ ਜਾਣੀ ਜਾਂਦੀ ਕੋਟਲਾ ਬ੍ਰਾਂਚ
ਨਹਿਰ ਦਾ ਪਾਣੀ ਵੀ ਬੀਤੀ ਦੇਰ ਰਾਤ ਤੋਂ ਵਧਣਾ ਸ਼ੁਰੂ ਹੋ ਗਿਆ। ਅੱਜ ਸਵੇਰ ਤੋਂ ਪਾਣੀ
ਖਤਰੇ ਦੇ ਨਿਸ਼ਾਨ ਤੋਂ ਲੰਘ ਕੇ ਬਿੱਲਕੁਲ ਕਿਨਾਰਿਆਂ ਤੱਕ ਪੁੱਜ ਗਿਆ ਸੀ।ਜਿੱਥੇ ਕਿਤੇ ਵੀ
ਨਹਿਰ ਤੇ ਪੁਲ ਬਣੇ ਹੋਏ ਹਨ ਉੱਥੇ ਪੁਲਾਂ ਥੱਲੋਂ ਦੀ ਪਾਣੀ ਜਿਆਦਾ ਹੋਣ ਕਰਕੇ ਮਸਾਂ ਹੀ
ਲੰਘ ਰਿਹਾ ਸੀ।ਉਕਤ ਨਹਿਰ ਨੇੜਲੇ ਪੈਂਦੇ ਪਿੰਡਾਂ ਦੇ ਕਿਸਾਨਾਂ ਨੂੰ ਜਿਉਂ ਹੀ ਪਾਣੀ ਦਾ
ਪੱਧਰ ਖਤਰਨਾਕ ਹੱਦ ਤੱਕ ਵਧਣ ਦਾ ਪਤਾ ਲੱਗਾ ਤਾਂ ਉਨਾਂ੍ਹ ਨਹਿਰ ਤੇ ਕਿਸਾਨਾਂ ਦੀਆਂ
ਪੱਕੀਆਂ ਡਿਊਟੀਆਂ ਲਗਾ ਦਿੱਤੀਆਂ ਤਾਂ ਕਿ ਉਹ ਇਹ ਖਬਰ ਰੱਖਣ ਕਿ ਕਿਤੋਂ ਨਹਿਰ ਲੀਕ ਤਾਂ
ਨਹੀਂ ਹੁੰਦੀ ਜਾਂ ਕਿਤੋਂ ਪਾੜ ਤਾਂ ਨਹੀ ਪੈਂਦਾ।ਅੱਜ ਸਵੇਰੇ ਨੇੜਲੇ ਪਿੰਡ ਨੱਤ ਵਿੱਚ ਵੀ
ਜਿਉਂ ਹੀ ਨਹਿਰ ਦੇ ਪਾਣੀ ਦੇ ਹੱਦੋਂ ਵੱਧ ਵਧਣ ਦਾ ਪਤਾ ਲੱਗਾ ਤਾਂ ਪਿੰਡ ਵਾਸੀਆਂ ਵਿੱਚ
ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਇੱਕ ਵਾਰ ਤਾਂ ਪਿੰਡ ਦੇ ਗੁਰੂਘਰ ਵਿੱਚ ਇਹ
ਅਨਾਂਊਸਮੈਂਟ ਵੀ ਕਰ ਦਿੱਤੀ ਗਈ ਸੀ ਕਿ ਪਿੰਡ ਦੇ ਇੱਕ ਕਿਸਾਨ ਝੰਡਾ ਸਿੰਘ ਦੇ ਖੇਤ ਕੋਲ
ਨਹਿਰ ਦੇ ਟੁੱਟਣ ਦੇ ਆਸਾਰ ਬਣ ਗਏ ਹਨ ਤਾਂ ਪਿੰਡ ਦੇ ਕਿਸਾਨ ਨਹਿਰ ਤੇ ਪੁੱਜ ਗਏ ਹਾਂਲਾਕਿ
ਖਬਰ ਲਿਖੇ ਜਾਣ ਤੱਕ ਕਿਤੋਂ ਵੀ ਨਹਿਰ ਦੇ ਕਿਸੇ ਕਿਸਮ ਦੇ ਨੁਕਸਾਨ ਦੀ ਖਬਰ ਤਾਂ ਨਹੀਂ
ਹੈ।
ਪਿੰਡ ਦੇ ਕਿਸਾਨ ਅਤੇ ਕਲੱਬ ਪ੍ਰਧਾਨ ਜਸਪਾਲ ਸਿੰਘ ਨੱਤ ਅਤੇ ਜਨਕ ਸਿੰਘ ਨੇ
ਦੱਸਿਆ ਕਿ ਜੇ ਜਲਦੀ ਪਾਣੀ ਨਾ ਘਟਾਇਆ ਗਿਆ ਤਾਂ ਨਹਿਰ ਟੁੱਟਣ ਦੇ ਆਸਾਰ ਬਣ ਸਕਦੇ ਹਨ ਤੇ
ਅਜਿਹੀ ਹਾਲਤ ਵਿੱਚ ਅਣਕਿਆਸਿਆ ਨੁਕਸਾਨ ਹੋ ਸਕਦਾ ਹੈ।ਨਹਿਰ ਦੇ ਨਾਲ ਲੱਗਦੇ ਹੋਰਨਾਂ
ਪਿੰਡਾਂ ਦੇ ਕਿਸਾਨਾਂ ਦੇ ਮੱਥੇ ਤੇ ਵੀ ਨਹਿਰ ਦੇ ਪਾਣੀ ਦਾ ਪੱਧਰ ਖਤਰਨਾਕ ਹੱਦ ਤੱਕ ਵਧਣ
ਕਾਰਣ ਚਿੰਤਾ ਦੀਆਂ ਲਕੀਰਾਂ ਦਿਖਾਈ ਦੇ ਰਹੀਆਂ ਹਨ।ਕਈਆਂ ਪਿੰਡਾਂ ਵਿੱਚ ਰਜਬਾਹਿਆਂ ਦੇ
ਪਾਣੀ ਦਾ ਪੱਧਰ ਵੀ ਵਧ ਜਾਣ ਦਾ ਪਤਾ ਲੱਗਿਆ ਹੈ। ਜਾਣਕਾਰੀ ਅਨੁਸਾਰ ਨੇੜਲੇ ਪਿੰਡ
ਸ਼ੇਖਪੁਰਾ ਵਿੱਚ ਵੀ ਰਜਬਾਹੇ ਦੇ ਉੱਪਰੋਂ ਪਾਣੀ ਲੰਘ ਕੇ ਖੇਤਾਂ ਵਿੱਚ ਆ ਵੜਿਆ ਤੇ ਫਸਲਾਂ
ਦਾ ਨੁਕਸਾਨ ਹੋਣ ਦੀ ਆਸ਼ੰਕਾ ਪੈਦਾ ਹੋ ਗਈ ਹੈ।
ਉੱਧਰ ਜਦੋਂ ਇਸ ਸਬੰਧੀ ਨਹਿਰੀ ਮਹਿਕਮੇ
ਦੇ ਅਧਿਕਾਰੀਆਂ ਨਾਲ ਰਾਬਤਾ ਕਾਇਮ ਕੀਤਾ ਗਿਆ ਤਾਂ ਉਨਾਂ੍ਹ ਦੇ ਦੱਸਣ ਅਨੁਸਾਰ ਭਾਰੀ
ਬਾਰਿਸ਼ ਅਤੇ ਕਈ ਥਾਵਾਂ ਤੇ ਰਜਬਾਹਿਆਂ ਆਦਿ ਵਿੱਚ ਪਾੜ ਪੈ ਜਾਣ ਦੇ ਚਲਦਿਆਂ ਨਹਿਰ ਵਿੱਚ
ਪਾਣੀ ਦਾ ਪੱਧਰ ਅਚਾਨਕ ਵਧ ਗਿਆ ਹੈ ਪ੍ਰੰਤੂ ਉਨਾਂ੍ਹ ਦੇ ਦੱਸਣ ਅਨੁਸਾਰ ਪਾਣੀ ਦਾ ਪੱਧਰ
ਘਟਾਉੇਣ ਦੀ ਪ੍ਰਕ੍ਰਿਆ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਜਲਦੀ ਪਾਣੀ ਦਾ ਪੱਧਰ ਕਾਬੂ ਹੇਠ
ਲਿਆਂਦਾ ਜਾ ਸਕੇਗਾ।ਭਾਂਵੇ ਨਹਿਰੀ ਮਹਿਕਮੇ ਦੇ ਅਧਿਕਾਰੀ ਜਲਦੀ ਪਾਣੀ ਦੇ ਘਟ ਜਾਣ ਦੀਆਂ
ਗੱਲਾਂ ਕਰ ਰਹੇ ਹਨ ਪ੍ਰੰਤੂ ਆਪਣੀਆਂ ਪੁੱਤਾਂ ਵਾਂਗ ਪਾਲੀਆਂ ਫਸਲਾਂ ਦੇ ਮੰਡਰਾ ਰਹੇ ਇਸ
ਸੰਕਟ ਦੇ ਚਲਦਿਆਂ ਫਿਲਹਾਲ ਨਹਿਰ ਦੇ ਨੇੜੇ ਲੱਗਦੇ ਪਿੰਡਾ ਦੇ ਕਿਸਾਨਾਂ ਦੀ ਜਾਨ ਮੁੱਠੀ
ਵਿੱਚ ਆਈ ਹੋਈ ਹੈ ਨਾਲ ਹੀ ਨਹਿਰ ਵਿੱਚ ਵਧੇ ਪਾਣੀ ਦੇ ਪੱਧਰ ਕਾਰਣ ਪਿੰਡਾਂ ਦੇ ਆਮ ਲੋਕਾਂ
ਵਿੱਚ ਸਹਿਮ ਪਾਇਆ ਜਾ ਰਿਹਾ ਹੈ, ਜਿਸ ਕਾਰਨ ਕਿਸਾਨ ਅਤੇ ਆਮ ਲੋਕ ਜਲਦੀ ਤੋਂ ਜਲਦੀ ਨਹਿਰ
ਵਿੱਚੋਂ ਪਾਣੀ ਘਟਾਉਣ ਲਈ ਨਹਿਰੀ ਮਹਿਕਮੇ ਦੇ ਅਧਿਕਾਰੀਆਂ ਕੋਲ ਗੁਹਾਰ ਲਾ ਰਹੇ ਹਨ।