ਫਿਲਮ ‘ਲਿਟਲ ਟੈਰਰਸ’ ਦੇ ਟੀਮ ਮੈਂਬਰ ਕੈਲਗਰੀ ਪਹੁੰਚੇ
Posted on:- 02-09-2014
-ਬਲਜਿੰਦਰ ਸੰਘਾ
ਨਵੀਂ ਹਿੰਦੀ ਫਿਲਮ ਜੋ ਕਿ ਇਕ 13 ਸਾਲ ਦੇ ਮੁਸਲਿਮ ਲੜਕੇ ਦੀ ਕਹਾਣੀ ਹੈ ਜਿਸ ਨੂੰ ਅਮਰੀਕਾ ਦੀ ਦਿੱਲੀ ਵਿਚ ਸਥਿਤ ਅਬੈਸੀ ਤੇ ਬੰਬ ਧਮਾਕਾ ਕਰਨ ਲਈ ਅੱਤਵਾਦੀ ਗਿਰੋਹ ਵੱਲੋਂ ਧਰਮ ਦੇ ਨਾਮ ਉੱਪਰ ਵਰਗਲਾ ਕੇ ਤਿਆਰ ਕੀਤਾ ਜਾਂਦਾ ਹੈ, ਕੈਨੇਡਾ ਦੇ ਸਿਨਮਾ ਘਰਾਂ ਵਿਚ 12 ਸਤੰਬਰ 2014 ਨੂੰ ਰੀਲੀਜ਼ ਹੋਣ ਜਾ ਰਹੀ ਹੈ। ਪਿਛਲੇ ਦਿਨੀਂ ਟਰਾਂਟੋ ਤੋਂ ਟੀ.ਵੀ. ਹੋਸਟ ਸੁੱਖੀ ਨਿੱਜਰ ਦੀ ਅਗਵਾਈ ਵਿਚ ਇਸ ਫਿਲਮ ਦੀ ਟੀਮ ਵਿਚੋਂ ਐਗਜੈਕਟਵ ਪ੍ਰੋਡਿਊਸਰ ਦੇਵ ਮਾਂਗਟ ਆਪਣੇ ਸਾਥੀਆਂ ਸਮੇਤ ਕੈਲਗਰੀ ਪਹੁੰਚੇ ਅਤੇ ਕੈਲਗਰੀ ਦੇ ਪੰਜਾਬੀ ਮੀਡੀਆ ਕਲੱਬ ਦੇ ਰੁ-ਬ-ਰੂ ਹੋਏ।
ਪੰਜਾਬੀ ਮੀਡੀਆ ਕਲੱਬ ਦੇ ਪ੍ਰਧਾਨ ਰਣਜੀਤ ਸਿੱਧੂ ਵੱਲੋਂ ਕਰਵਾਈ ਜਾਣ-ਪਛਾਣ ਤੋਂ ਬਾਅਦ ਉਹਨਾਂ ਦੱਸਿਆ ਕਿ ਪੰਜ ਕਰੋੜ ਦੇ ਬਜਟ ਨਾਲ ਤਿਆਰ ਕੀਤੀ ਇਸ ਫਿਲਮ ਦੀ ਸ਼ੂਟਿੰਗ ਭਾਰਤ ਦੇ ਪੰਜਾਬ, ਰਾਜਸਥਾਨ ਅਤੇ ਹੋਰ ਕਈ ਪੇਂਡੂ ਖੇਤਰਾਂ ਵਿਚ ਵੀ ਕੀਤੀ ਗਈ ਹੈ। ਅੰਤਰਰਾਸ਼ਟਰੀ ਵਿਸ਼ਾ ਹੋਣ ਕਰਕੇ ਇਸ ਫਿਲਮ ਵਿਚ ਹਿੰਦੀ, ਉਰਦੂ ਅਤੇ ਅੰਗਰੇਜ਼ੀ ਦੀ ਵਰਤੋਂ ਹੈ।ਉਹਨਾਂ ਦੱਸਿਆ ਕਿ ਫਿਲਮ ਦਾ ਮੁੱਖ ਵਿਸ਼ਾ ਇਹ ਹੈ ਕਿ ਕਿੱਦਾ ਅੱਤਵਾਦੀ ਨੌਜਵਾਨ ਪੀੜ੍ਹੀ ਨੂੰ ਆਪਣੇ ਉਦੇਸ਼ਾਂ ਲਈ ਵਰਤਦੇ ਹਨ।
ਇਸ ਫਿਲਮ ਦੇ ਡਾਇਰੈਕਟਰ, ਲੇਖਕ ਮਨਿੰਦਰ ਚਾਨਾ ਕੋ ਪ੍ਰੋਡਿਊਸਰ ਕੈਨ ਗਿੱਲ ਅਤੇ ਦੇਵ ਮਾਂਗਟ ਹਨ। ਫਿਲਮ ਵਿਚ ਓਮ ਪੁਰੀ, ਦੀਪ ਢਿੱਲੋਂ, ਅਮਰੀਕ ਅਰਜੁਨ, ਅਮਰੀਨ ਕਾਬਿਲੀ, ਸਾਮੀਰ, ਡੁਹਲਾ ਬਾਜਵਾ, ਤਰੁਨ ਡੇਵਿਡ,ਸ਼ੇਰ ਗਿੱਲ, ਨਵਨੀਤ ਕੌਰ, ਇੰਦਰਜੀਤ ਕੌਰ, ਨਿਰਮਲ ਰਿਸ਼ੀ ਆਦਿ ਐਕਟਰ ਹਨ। ਇਸ ਸਮੇਂ ਮੀਡੀਆ ਕਲੱਬ ਦੇ ਮੈਂਬਰਾ ਸੱਤਪਾਲ ਕੌਸ਼ਲ, ਰਜੇਸ਼ ਅੰਗਰਾਲ, ਜਸਜੀਤ ਧਾਮੀ, ਬਲਜਿੰਦਰ ਸੰਘਾ, ਰਣਜੀਤ ਸਿੱਧੂ, ਗੁਰਬਚਨ ਬਰਾੜ ਅਤੇ ਪਰਮਿੰਦਰ ਸਿੰਘ (ਚੱਕਦੇ ਟੀ.ਵੀ) ਵੱਲੋਂ ਫਿਲਮ ਸਬੰਧੀ ਕਈ ਸਵਾਲ ਪੁੱਛੇ ਗਏ ਜਿਸਦੇ ਜਵਾਬ ਦੇਵ ਮਾਂਗਟ ਨੇ ਤਸੱਲੀਬਖ਼ਸ਼ ਦਿੰਦਿਆਂ ਕਿਹਾ ਕਿ ਹਾਲ ਦੀ ਘੜੀ ਸਾਧਨਾਂ ਦੇ ਅਧਾਰ ਤੇ ਇਹ ਫਿਲਮ ਭਾਰਤ ਵਿਚ ਰੀਲੀਜ਼ ਨਹੀਂ ਕੀਤੀ ਜਾ ਰਹੀ। ਪਰ ਇਕ ਸੋ ਤਿੰਨ ਮਿੰਟ ਦੀ ਇਹ ਫਿਲਮ ਨੌਜਵਾਨ ਪੀੜ੍ਹੀ ਲਈ ਸਬਕ ਵੀ ਹੋਵੇਗੀ ਅਤੇ ਮਨੁੱਖਤਾ ਲਈ ਸਿੱਖਿਆਦਾਇਕ ਵੀ।
ਇਸ ਸਮੇਂ ਫਿਲਮ ਦਾ ਪੋ੍ਰਮੋ ਵੀ ਦਿਖਾਇਆ ਗਿਆ, ਜਿਸ ਵਿਚੋਂ ਪੁਖਤਾ ਸਿਨਮਾਗ੍ਰਾਫੀ ਦੇ ਦ੍ਰਿਸ਼ ਗੰਭੀਰ ਅਤੇ ਅਸਰਦਾਇਕ ਸਨ। ਅਖੀਰ ਵਿਚ ਉਹਨਾਂ ਸਭ ਪਰਿਵਾਰਾਂ ਨੂੰ ਇਹ ਫਿਲਮ ਦੇਖਣ ਦੀ ਬੇਨਤੀ ਕੀਤੀ।ਇਸ ਸਮੇਂ ਡੈਨ ਸਿੱਧੂ, ਕਰਮਪਾਲ ਸਿੱਧੂ, ਕਰਮ ਸਿੱਧੂ ਅਤੇ ਸਰਪੰਚ ਸਰਬਣ ਸਿੰਘ ਵੀ ਹਾਜ਼ਰ ਸਨ।