ਜਾਪਾਨ-ਭਾਰਤ 'ਚ 34 ਅਰਬ ਡਾਲਰ ਦਾ ਕਰੇਗਾ ਨਿਵੇਸ਼
Posted on:- 01-09-2014
ਗੈਰ ਫੌਜੀ ਪ੍ਰਮਾਣੂ ਸੰਧੀ ਅਜੇ ਨਹੀਂ
ਟੋਕੀਓ : ਭਾਰਤ
ਅਤੇ ਜਾਪਾਨ ਦੇ ਵਿਚਾਰ ਦੁਵੱਲੇ ਸੁਰੱਖਿਆ ਅਤੇ ਆਰਥਿਕ ਸਬੰਧਾਂ ਨੂੰ ਵਧਾਉਣ ਦੇ ਲਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿਜੋ ਅੱਬੇ ਨਾਲ ਗੱਲਬਾਤ
ਹੋਈ। ਇਸ ਦੇ ਬਾਅਦ ਦੋਨਾਂ ਦੇਸ਼ਾਂ ਦੇ ਵਿਚਕਾਰ ਕਈ ਸਮਝੌਤੇ ਹੋਏ। ਸਾਂਝੀ ਪ੍ਰੈਸ ਕਾਨਫਰੰਸ
ਵਿਚ ਅੱਬੇ ਨੇ ਐਲਾਨ ਕੀਤਾ ਹੈ ਕਿ ਉਹ ਬੁਲੇਟ ਟਰੇਨ ਚਲਾਉਣ ਵਿਚ ਭਾਰਤ ਦੀ ਮਦਦ ਕਰਨਗੇ,
ਨਾਲ ਹੀ ਆਰਥਿਕ ਅਤੇ ਸੰਸਕ੍ਰਿਤਕ ਪੱਧਰਾਂ 'ਤੇ ਵੀ ਹਾਂਪੱਖੀ ਕੰਮਾਂ ਵਿਚ ਸਹਾਇਤਾ ਦੇਣਗੇ।
ਮੋਦੀ ਨੇ ਜਾਪਾਨ ਦੇ ਨਾਲ ਸਬੰਧਾਂ ਨੂੰ ਭਵਿੱਖ ਦੇ ਲਈ ਅਤਿਅੰਤ ਲਾਭਕਾਰੀ ਦੱਸਿਆ।
ਉਨ੍ਹਾਂ ਸਾਂਝੀ ਪ੍ਰੈਸ ਕਾਨਫਰੰਸ ਵਿਚ ਕਿਹਾ ਕਿ ਅੱਬੇ ਉਨ੍ਹਾਂ ਦੇ ਪੁਰਾਣੇ ਮਿੱਤਰ ਹਨ,
ਨਾਲ ਹੀ ਉਨ੍ਹਾਂ ਨੇ ਕਿਹਾ ਕਿ ਜਾਪਾਨ ਨੇ ਬਿਲਕੁਲ ਨਵੇਂ ਪੱਧਰ 'ਤੇ ਸਾਂਝੇਦਾਰੀ ਦੀ ਗੱਲ
ਕਹੀ ਹੈ। ਮੋਦੀ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਜਾਪਾਨ ਨੇ ਭਾਰਤ ਵਿਚ ਅਗਲੇ 5 ਸਾਲਾਂ
ਵਿਚ ਦੋ ਲੱਖ 10 ਹਜ਼ਾਰ ਕਰੋੜ ਰੁਪਏ ਦੇ ਨਿਵੇਸ਼ ਦਾ ਟੀਚਾ ਰੱਖਿਆ ਹੈ, ਜੋ ਵੱਖ-ਵੱਖ
ਖੇਤਰਾਂ ਵਿਚ ਲਗਾਏ ਜਾਣਗੇ। ਇਸ ਤੋਂ ਪਹਿਲਾਂ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ
ਆਪਣੇ ਜਾਪਾਨ ਦੇ ਦੌਰੇ ਦੇ ਤੀਜੇ ਦਿਨ ਸੋਮਵਾਰ ਨੂੰ ਟੋਕੀਓ ਵਿਚ ਜਾਪਾਨੀ ਉਦਯੋਗਪਤੀਆਂ
ਨੂੰ ਸੰਬੋਧਨ ਕੀਤਾ।
ਇਸ ਮੌਕੇ ਉਨ੍ਹਾਂ ਇਥੋਂ ਦੇ ਉਦਯੋਗਪਤੀਆਂ ਨੂੰ ਭਾਰਤ ਵਿਚ
ਨਿਵੇਸ਼ ਦੇ ਲਈ ਬੇਨਤੀ ਕੀਤੀ ਅਤੇ ਨਾਲ ਹੀ ਜਾਪਾਨ ਤੋਂ ਕਈ ਚੀਜ਼ਾਂ ਨੂੰ ਸਿੱਖਣ ਦੀ ਇੱਛਾ
ਜ਼ਾਹਰ ਕੀਤੀ। ਮੋਦੀ ਨੇ ਕਿਹਾ ਕਿ ਭਾਰਤ ਜਾਪਾਨ ਦੀ ਤਰਜ਼ 'ਤੇ ਸਕਿਲ ਡਿਵੈਲਪਮੈਂਟ ਦਾ
ਵਿਕਾਸ ਕਰਨਾ ਚਾਹੁੰਦਾ ਹੈ। ਭਾਰਤ ਵਿਚ ਨਿਵੇਸ਼ ਨੂੰ ਅੱਗੇ ਵਧਾਉਣ ਦੇ ਲਈ ਉਨ੍ਹਾਂ ਸਿੰਗਲ
ਵਿੰਡੋ ਦੀ ਵੀ ਗੱਲ ਕੀਤੀ।
ਮੋਦੀ ਨੇ ਕਿਹਾ ਕਿ 100 ਦਿਨਾਂ ਦੀ ਸਰਕਾਰ ਨੇ ਇਸ ਦੀ ਇਕ
ਬਿਹਤਰੀਨ ਸ਼ੁਰੂਆਤ ਕੀਤੀ ਹੈ, ਪਰ ਆਮ ਜਨਤਾ ਦੀਆਂ ਇੱਛਾਵਾਂ ਜ਼ਿਆਦਾ ਹਨ, ਜਿਨ੍ਹਾਂ 'ਤੇ
ਖਰ੍ਹਾ ਉਤਰਨਾ ਹੋਵੇਗਾ। ਉਨ੍ਹਾਂ ਕਿਹਾ ਕਿ ਭਾਰਤ ਵਿਸ਼ਵ ਦਾ ਸਭ ਤੋਂ ਜਵਾਨ ਦੇਸ਼ ਹੈ।
ਕਿਉਂਕਿ ਇਥੇ 60 ਫੀਸਦੀ ਨੌਜਵਾਨ ਹਨ। ਮੋਦੀ ਨੇ ਕਿਹਾ ਕਿ ਗੁਜਰਾਤੀ ਹੋਣ ਦੇ ਨਾਤੇ ਵਪਾਰ
ਉਨ੍ਹਾਂ ਦੇ ਖੂਨ ਵਿਚ ਹੈ। 125 ਕਰੋੜ ਭਾਰਤੀ ਚਾਹੁੰਦੇ ਹਨ ਕਿ ਉਨ੍ਹਾਂ ਦੇ ਜੀਵਨ ਵਿਚ
ਵਿਕਾਸ ਹੋਵੇ। ਇਸ ਮੌਕੇ 'ਤੇ ਉਹ ਉਨ੍ਹਾਂ ਦਿਨਾਂ ਨੂੰ ਯਾਦ ਕਰਨਾ ਨਹੀਂ ਭੁਲੇ ਜਦੋਂ ਉਹ
ਬਤੌਰ ਗੁਜਰਾਤ ਦੇ ਮੁੱਖ ਮੰਤਰੀ ਵਜੋਂ ਇਥੇ ਆਏ ਸਨ। ਉਨ੍ਹਾਂ ਕਿਹਾ ਕਿ ਦੋਨਾਂ ਦੇਸ਼ਾਂ ਵਿਚ
ਸਾਲਾਂ ਦੇ ਬਾਅਦ ਇਕ ਸਥਿਰ ਅਤੇ ਇਕ ਪਾਰਟੀ ਦੀ ਸਰਕਾਰ ਬਣੀ ਹੈ ਅਤੇ ਦੋਨਾਂ ਦੇਸ਼ਾਂ ਵਿਚ
ਸਥਿਰਤਾ ਹੈ।