ਬਾਦਲ ਭ੍ਰਿਸ਼ਟ ਅਫ਼ਸਰਾਂ ਨੂੰ ਹੱਲਾਸ਼ੇਰੀ ਦੇ ਰਹੇ ਹਨ : ਬਾਜਵਾ
Posted on:- 01-09-2014
ਚੰਡੀਗੜ੍ਹ : ਸੂਬਾ
ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ
ਸਰਕਾਰ ਦੇ ਆਂਗਣਬਾੜੀ ਬੱਚਿਆਂ ਪ੍ਰਤੀ ਲਾਪਰਵਾਹ ਰਵੱਈਏ 'ਤੇ ਗੰਭੀਰ ਚਿੰਤਾ ਦਾ ਪ੍ਰਗਟਾਵਾ
ਕੀਤਾ ਹੈ, ਜਿਨ੍ਹਾਂ ਨੂੰ ਪਿਛਲੇ ਕਈ ਮਹੀਨਿਆਂ ਤੋਂ ਰਾਸ਼ਨ ਨਹੀਂ ਸਪਲਾਈ ਕੀਤਾ ਗਿਆ।
ਉਨ੍ਹਾਂ ਇਸਨੂੰ ਮਾੜੇ ਪ੍ਰਦਰਸ਼ਨ ਤੇ ਮਾੜੇ ਸ਼ਾਸਨ ਦੀ ਸਭ ਤੋਂ ਮਾੜੀ ਉਦਾਹਰਨ ਕਰਾਰ ਦਿੱਤਾ
ਹੈ। ਇਥੇ ਜ਼ਾਰੀ ਬਿਆਨ 'ਚ ਬਾਜਵਾ ਨੇ ਹੈਰਾਨੀ ਪ੍ਰਗਟਾਈ ਹੈ ਕਿ ਦੀਵਾਲੀਆ ਹੋ ਚੁੱਕੀ
ਸਰਕਾਰ ਆਂਗਣਵਾੜੀ ਕੇਂਦਰਾਂ ਲਈ ਮਿਡ ਡੇ ਮੀਲ ਦਾ ਰਾਸ਼ਨ ਵੀ ਨਹੀਂ ਮੁਹੱਈਆ ਕਰਵਾ ਪਾ ਰਹੀ
ਹੈ, ਜਿਥੇ ਜ਼ਿਆਦਾਤਰ ਸਮਾਜ ਦੇ ਹੇਠਲੇ ਪੱਧਰ ਦੇ ਪਰਿਵਾਰਾਂ ਦੇ ਬੱਚਿਆਂ ਦੀ ਦੇਖਭਾਲ ਕੀਤੀ
ਜਾਂਦੀ ਹੈ।
ਉਨ੍ਹਾਂ ਕਿਹਾ ਕਿ ਇਕ ਪਾਸੇ ਤਾਂ ਸਰਕਾਰ ਵਿਕਾਸ ਦੇ ਵੱਡੇ ਵੱਡੇ ਦਾਅਵੇ
ਕਰਦੀ ਹੈ, ਪਰ ਜ਼ਮੀਨੀ ਪੱਧਰ 'ਤੇ ਹਕੀਕਤ ਬਿਲਕੁਲ ਉਲਟ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਉਪ
ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਸੂਬੇ 'ਚ ਕੋਈ ਵੀ ਵਿੱਤੀ ਪ੍ਰੇਸ਼ਾਨੀ ਨਾ ਹੋਣ
ਸਬੰਧੀ ਬਾਰ-ਬਾਰ ਕੀਤੇ ਜਾਂਦੇ ਦਾਅਵਿਆਂ 'ਤੇ ਵੀ ਸਵਾਲੀਆ ਨਿਸ਼ਾਨ ਲੱਗਦੇ ਹਨ।
ਉਨ੍ਹਾਂ
ਕਿਹਾ ਕਿ ਗੜਬੜੀ, ਪੈਸੇ ਤੇ ਤਾਕਤ ਦੇ ਪ੍ਰਯੋਗ ਸਮੇਤ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ
ਕਰਕੇ ਚੋਣਾਂ ਜਿੱਤਣਾਂ ਪੂਰੀ ਤਰ੍ਹਾਂ ਵੱਖਰੀ ਗੱਲ ਹੈ, ਜਿਨ੍ਹਾਂ ਜਿੱਤਾਂ ਨੂੰ ਬਾਦਲ
ਸਰਕਾਰ ਵਿਕਾਸ ਦੀ ਜਿੱਤ ਦੱਸ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਲੜੀ ਹੇਠ ਤਲਵੰਡੀ ਸਾਬੋ 'ਚ
ਬਾਦਲ ਦੇ ਸੰਗਤ ਦਰਸ਼ਨ ਦੇ ਪਹਿਲੇ ਦਿਨ ਲੋਕਾਂ ਵੱਲੋਂ ਮੁੱਢਲੀਆਂ ਸਹੂਲਤਾਂ ਨਾ ਹੋਣ
ਸਬੰਧੀ ਸ਼ਿਕਾਇਤਾਂ ਕਰਨਾ ਅੱਖਾਂ ਖੋਲ੍ਹ ਦੇਣ ਵਾਲੀ ਹਕੀਕਤ ਸੀ। ਉਨ੍ਹਾਂ ਕਿਹਾ ਕਿ ਇਹ
ਸ਼ਿਕਾਇਤਾਂ ਬਾਦਲ ਵੱਲੋਂ ਤਲਵੰਡੀ ਸਾਬੋ ਦੀ ਵਿਕਾਸ ਦੀ ਜਿੱਤ ਹੋਣ ਸਬੰਧੀ ਕੀਤੇ ਗਏ ਦਾਅਵੇ
ਨੂੰ ਮੂੰਹ ਚਿੜ੍ਹਾਉਂਦੀਆਂ ਹਨ।
ਸ਼੍ਰੀ ਬਾਜਵਾ ਨੇ ਤਲਵੰਡੀ ਸਾਬੋ 'ਚ ਸਰਕਾਰੀ ਅਫਸਰਾਂ
ਨੂੰ ਵਿਕਾਸ ਕਾਰਜਾਂ ਦੌਰਾਨ ਕਿੰਨਾ ਹਿੱਸਾ ਰੱਖਣ ਦੀ ਗੱਲ ਪੁੱਛਣ ਵਾਲੇ ਬਾਦਲ ਨੂੰ
ਨਿਸ਼ਾਨੇ 'ਤੇ ਲੈਂਦਿਆਂ ਕਿਹਾ ਕਿ ਉਨ੍ਹਾਂ ਨੂੰ ਭ੍ਰਿਸ਼ਟ ਅਫਸਰਾਂ ਖਿਲਾਫ ਸਖਤ ਕਾਰਵਾਈ
ਕਰਨੀ ਚਾਹੀਦੀ ਹੈ ਜਾਂ ਫਿਰ ਕਬੂਲ ਕਰਨਾ ਚਾਹੀਦਾ ਹੈ ਕਿ ਤੁਹਾਡੇ ਕੋਲੋਂ ਸੂਬਾ ਨਹੀਂ
ਚੱਲਦਾ ਤੇ ਤੁਸੀਂ ਕੁਝ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਕਿ ਜੇ ਮੁੱਖ ਮੰਤਰੀ ਨੂੰ
ਜਾਣਕਾਰੀ ਹੈ, ਤਾਂ ਉਨ੍ਹਾਂ ਨੂੰ ਨਾਕਾਬਲੀਅਤ ਦਰਸਾਉਣ ਦੀ ਬਜਾਏ ਅਜਿਹੇ ਅਫਸਰਾਂ ਖਿਲਾਫ
ਕਾਰਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਬਾਦਲ ਪੰਜਵੀਂ ਵਾਰ ਮੁੱਖ ਮੰਤਰੀ ਬਣੇ ਹਨ,
ਪਰ ਹੈਰਾਨੀਜਨਕ ਹੈ ਕਿ ਉਨ੍ਹਾਂ ਨੇ ਕਦੇ ਵੀ ਭ੍ਰਿਸ਼ਟਾਚਾਰ ਖਿਲਾਫ ਸਖਤੀ ਨਹੀਂ ਦਿਖਾਈ,
ਜਿਸਦਾ ਕਾਰਨ ਸੱਭ ਜਾਣਦੇ ਹਨ। ਉਨ੍ਹਾਂ ਕਿਹਾ ਕਿ ਅਜਿਹਾ ਕਰਕੇ ਬਾਦਲ ਸਿੱਧੇ ਤੌਰ 'ਤੇ
ਭ੍ਰਿਸ਼ਟਾਚਾਰ ਨੂੰ ਬਣਾਏ ਰੱਖਦਿਆਂ ਭ੍ਰਿਸ਼ਟ ਅਫਸਰਾਂ ਨੂੰ ਹੱਲਾ ਸ਼ੇਰੀ ਦੇ ਰਹੇ ਹਨ।
ਸ਼੍ਰੀ
ਬਾਜਵਾ ਨੇ ਕਿਹਾ ਕਿ ਆਂਗਣਬਾੜੀ ਕੇਂਦਰਾਂ 'ਚ ਦਿਨ ਭਰ ਰਹਿਣ ਵਾਲੇ ਬੱਚਿਆਂ ਪ੍ਰਤੀ
ਅਜਿਹੀ ਲਾਪਰਵਾਹੀ ਬਹੁਤ ਗੰਭੀਰ ਮੁੱਦਾ ਹੈ ਤੇ ਸਰਕਾਰ ਦੀ ਇਸ ਗੰਭੀਰ ਮੁੱਦੇ ਪ੍ਰਤੀ
ਲਾਪਰਵਾਹੀ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਇਕ ਸਰਕਾਰ ਲਈ ਬੱਚਿਆਂ ਦੀ ਸਿਹਤ ਤੋਂ
ਵੱਧ ਕੁਝ ਵੀ ਮਹੱਤਵਪੂਰਨ ਨਹੀਂ ਹੋ ਸਕਦਾ ਤੇ ਅਜਿਹੀ ਲਾਪਰਵਾਹੀ ਵਰਤਣ ਵਾਲਿਆਂ ਨੂੰ
ਆਪਣੇ ਅਹੁਦੇ 'ਤੇ ਬਣੇ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਸ਼੍ਰੀ ਬਾਦਲ
ਨੂੰ ਇਸ ਮੁੱਦੇ ਨੂੰ ਪ੍ਰਮੁੱਖਤਾ ਦਿੰਦਿਆਂ ਆਂਗਣਵਾੜੀ ਸੈਂਟਰਾਂ ਨੂੰ ਫੰਡ ਦੇਣੇ ਚਾਹੀਦੇ
ਹਨ।