ਬੰਗਲਾਦੇਸ਼ : 100 ਤੋਂ ਵੱਧ ਪਿੰਡ ਹੜ੍ਹਾਂ ਦੇ ਪਾਣੀ 'ਚ ਘਿਰੇ
Posted on:- 31-08-2014
ਢਾਕਾ : ਬੰਗਲਾਦੇਸ਼
'ਚ ਭਾਰੀ ਬਾਰਸ਼ਾਂ ਤੋਂ ਬਾਅਦ ਆਏ ਹੜ੍ਹਾਂ ਕਾਰਨ ਕਈ ਦਰਿਆਵਾਂ ਦਾ ਪਾਣੀ ਚੜ੍ਹ ਗਿਆ ਹੈ।
ਬਗੋਰਾ ਇਲਾਕੇ ਦੇ ਸਰੀਆਕੰਢੀ 'ਚ ਕੱਲ੍ਹ ਰਾਤ ਜਮੁਨਾ ਦਰਿਆ ਦਾ 400 ਮੀਟਰ ਹਿੱਸਾ ਪਾਣੀ
'ਚ ਰੁੜਨ ਕਾਰਨ ਸੈਂਕੜੇ ਘਰ ਪਾਣੀ 'ਚ ਡੁੱਬ ਗਏ। ਹੜ੍ਹਾਂ ਕਾਰਨ 100 ਤੋਂ ਵੱਧ ਪਿੰਡਾਂ
'ਚ ਪਾਣੀ ਦਾਖਲ ਹੋ ਗਿਆ ਹੈ ਅਤੇ ਹਾਲਾਤ ਵਿਗੜ ਗਏ ਹਨ।
ਜ਼ਿਲ੍ਹਾ, ਪ੍ਰਸ਼ਾਸਨ ਦੇ
ਅਧਿਕਾਰੀ ਨੇ ਕਿਹਾ ਕਿ 50 ਪਿੰਡ ਵੱਧ ਪ੍ਰਭਾਵਤ ਹੋਏ ਹਨ। ਇਨ੍ਹਾਂ ਪਿੰਡਾਂ 'ਚ ਹੜ੍ਹ
ਕਾਰਨ ਸੜਕਾਂ ਟੁੱਟ ਗਈਆਂ ਹਨ ਅਤੇ ਫਸਲਾਂ ਤਬਾਹ ਹੋ ਗਈਆਂ ਹਨ। ਕਈ ਘਰ ਅਤੇ ਹੋਰ ਇਮਾਰਤਾਂ
ਨੂੰ ਵੀ ਨੁਕਸਾਨ ਪਹੁੰਚਿਆ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਨ੍ਹਾਂ ਪਿੰਡਾਂ 'ਚ ਇਕ
ਲੱਖ ਤੋਂ ਵੱਧ ਲੋਕਾਂ ਨੂੰ ਘਰਾਂ ਦੀਆਂ ਛੱਤਾਂ 'ਤੇ ਰਹਿਣਾ ਪੈ ਰਿਹਾ ਹੈ ਜਾਂ ਉਹ ਘਰ-ਬਾਰ
ਛੱਡ ਗਏ ਹਨ। ਪ੍ਰਸ਼ਾਸਨ ਵਲੋਂ ਬਚਾਅ ਕਾਰਜ ਆਰੰਭੇ ਗਏ ਹਨ ਅਤੇ ਸੈਂਕੜੇ ਲੋਕਾਂ ਨੂੰ ਰਾਹਤ
ਕੈਂਪਾਂ 'ਚ ਭੇਜਿਆ ਗਿਆ ਹੈ। ਹੜ੍ਹ ਦੀ ਭਵਿੱਖ ਬਾਣੀ ਅਤੇ ਚਿਤਾਵਨੀ ਕੇਂਦਰ ਮੁਤਾਬਕ
ਰਾਜਧਾਨੀ ਢਾਕਾ ਸਮੇਤ ਕਈ ਥਾਵਾਂ 'ਤੇ ਇਕ ਜਾਂ ਦੋ ਦਿਨਾਂ ਅੰਦਰ ਹੜ੍ਹਾਂ ਦਾ ਪਾਣੀ ਦਾਖਲ
ਹੋ ਜਾਏਗਾ। ਗੰਗਾ ਨੂੰ ਛੱਡ ਕੇ ਸਾਰੀਆਂ ਨਦੀਆਂ 'ਚ ਪਾਣੀ ਖਤਰੇ ਦੇ ਨਿਸ਼ਾਨ ਤੋਂ ਉਪਰ ਵਗ
ਰਿਹਾ ਹੈ। ਢਾਕਾ ਦੇ ਹੇਠਲੇ ਇਲਾਕਿਆਂ 'ਚ ਪਾਣੀ ਪਹਿਲਾਂ ਹੀ ਦਾਖਲ ਹੋ ਚੁੱਕਿਆ ਹੈ।
ਬੰਗਲਾਦੇਸ਼ ਦੇ 64 ਜ਼ਿਲ੍ਹਿਆਂ 'ਚੋਂ 19 'ਚ 10 ਲੱਖ ਲੋਕ ਹੜ੍ਹਾਂ ਕਾਰਨ ਪ੍ਰਭਾਵਤ ਹਨ ।
ਹੜ੍ਹ ਦੇ ਮਾਰੇ ਇਨ੍ਹਾਂ ਲੋਕਾਂ ਨੂੰ ਭੋਜਨ, ਪੀਣ ਵਾਲੇ ਪਾਣੀ ਅਤੇ ਹੋਰ ਸਹੂਲਤਾਂ ਤੋਂ
ਸੱਖਣੇ ਰਹਿਣਾ ਪੈ ਰਿਹਾ ਹੈ।