ਆਪਣੇ ਸਾਥੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਇੱਕ ਝਲਕ ਪਾਉਣ ਲਈ ਆਖਰੀ ਸਾਹ ਗਿਣ ਰਿਹਾ ਟਕਸਾਲੀ ਆਗੂ ਪ੍ਰੇਮ ਸਿੰਘ ਮਾਨਾਂ
Posted on:- 31-08-2014
ਗਿੱਦੜਬਾਹਾ : ਕਿਸੇ
ਵੀ ਦੇਸ ਦੀ ਵਾਗਡੋਰ ਸੰਭਾਲਣ ਲਈ ਸਰਕਾਰ ਦੀ ਜਰੂਰਤ ਹੁੰਦੀ ਅਤੇ ਸਰਕਾਰ ਪਾਰਟੀਆਂ ਚੋਂ'
ਚੁਣੇ ਹੋਏ ਨੁਮਾਇੰਦਿਆਂ ਦੁਆਰਾ ਗਠਿਤ ਕੀਤੀ ਜਾਂਦੀ ਹੈ। ਜਦ ਕਿ ਪਾਰਟੀ ਬੜੇ ਹੀ ਸੰਘਰਸ਼
ਭਰੇ ਦੌਰ 'ਚੋਂ ਉਤਪੰਨ ਹੁੰਦੀ ਹੈ।ਇਹ ਬਹੁਤ ਆਦਮੀਆਂ ਦੀਆਂ ਕੁਰਬਾਨੀਆਂ ਅਤੇ ਖੂਨ ਪਸੀਨੇ
ਨਾਲ ਕੀਤੀ ਮਿਹਨਤ ਦੇ ਸੱਚੇ ਫਲ ਵਜੋਂ ਤਿਆਰ ਹੁੰਦੀ ਹੈ, ਜਿਸ ਵਿੱਚ ਕੁੱਝ ਅਹੁਦੇਦਾਰ ਅਤੇ
ਵਰਕਰ ਆਦਿ ਹੁੰਦੇ ਹਨ। ਉਨ੍ਹਾਂ ਸੰਘਰਸ਼ ਕਰਨ ਵਾਲੇ ਆਦਮੀਆਂ 'ਚੋਂ ਹੀ ਪੰਜਾਬ ਵਿੱਚ ਇੱਕ
ਅਕਾਲੀ ਦਲ ਪਾਰਟੀ ਹੋਂਦ ਵਿੱਚ ਆਈ ਸੀ, ਜਿਸ ਵਿੱਚ ਬਹੁਤ ਸਾਰੇ ਲੋਕਾਂ ਨੇ ਆਪਣੀ ਮਿਹਨਤ
ਅਤੇ ਸੰਘਰਸ ਨਾਲ ਇਸ ਪੰਥਕ ਪਾਰਟੀ ਨੂੰ ਖੜਾ ਕੀਤਾ ਸੀ ਅਤੇ ਜਦ ਕਿ ਹੁਣ ਲੱਗਦੈ ਅਕਾਲੀ ਦਲ
ਬਾਦਲ ਨੇ ਆਪਣੀ ਪਾਰਟੀ ਨੂੰ ਕਾਮਯਾਬੀ ਮਿਲਣ ਤੋਂ ਬਾਅਦ ਆਪਣੇ ਨਾਲ ਦੇ ਸੰਘਰਸ਼ੀ ਸਾਥੀਆਂ
ਨੂੰ ਵਿਸਾਰ ਦਿੱਤਾ ਹੈ।
ਇਨ੍ਹਾਂ ਟਕਸਾਲੀ ਆਗੂਆਂ ਵਿੱਚੋਂ ਬਾਦਲ ਸਾਹਿਬ ਦੇ
ਪੁਰਾਣੇ ਸਾਥੀਆਂ ਵਿਚੋਂ ਕਈ ਆਗੂਆਂ ਦੀ ਮੇਰੇ ਨਾਲ ਮੁਲਾਕਾਤ ਅਚਾਨਕ ਹੋਈ ਤਾਂ ਪਤਾ ਚੱਲਿਆ
ਕਿ ਇੰਨ੍ਹਾਂ ਟਕਸਾਲੀ ਆਗੂਆਂ ਦੀ ਹਾਲਤ ਹੁਣ ਬਹੁਤ ਹੀ ਤਰਸਯੋਗ ਬਣੀ ਹੋਈ ਹੈ ਅਤੇ
ਉਨ੍ਹਾਂ ਨੂੰ ਪੁੱਛਣ ਵਾਲਾ ਉਨ੍ਹਾਂ ਦਾ ਸਾਥੀ ਪ੍ਰਕਾਸ ਸਿੰਘ ਬਾਦਲ ਹੁਣ ਭੁੱਲ ਚੁੱਕਿਆ
ਹੈ।ਉਨ੍ਹਾਂ ਵਿੱਚੋਂ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿੱਚ ਪੈਂਦੇ ਪਿੰਡ ਮਾਨਾਂ ਜਿਹੜਾ
ਬਾਦਲ ਤੋਂ 3 ਕਿਲੋਮੀਟਰ ਦੀ ਦੂਰੀ ਤੇ ਹੈ। ਇਸ ਪਿੰਡ ਦਾ ਅਕਾਲੀ ਜਰਨੈਲ ਜਥੇਦਾਰ ਪ੍ਰੇਮ
ਸਿੰਘ ਅੱਜ ਗੁਮਨਾਮੀ ਦੀ ਕੈਦ ਵਿੱਚ ਰਹਿਣ ਲਈ ਮਜਬੂਰ ਹੈ।ਕਿਸੇ ਸਮੇਂ ਜਥੇਦਾਰ ਪ੍ਰੇਮ
ਸਿੰਘ ਮਾਨਾਂ ਦਾ ਰੁੱਤਬਾ ਅਕਾਲੀ ਦਲ ਵਿੱਚ ਇੱਕ ਖਾਸ ਮੁਕਾਮ ਰੱਖਦਾ ਸੀ ਕਿਉਂਕਿ ਉਸ ਸਮੇਂ
ਪ੍ਰੇਮ ਸਿੰਘ ਲੋਕਾਂ ਵਿੱਚ ਹਰਮਨ ਪਿਆਰਾ ਅਤੇ ਪੱਟਾਂ ਵਿੱਚ ਜਾਨ ਹੋਣ ਕਾਰਨ ਅਕਾਲੀ ਦਲ
ਬਾਦਲ ਦੀ ਲੰਬੀ ਹਲਕੇ ਤੋਂ ਨੁਮਾਇੰਦਗੀ ਕਰਦਾ ਸੀ ਅਤੇ ਰੈਲੀਆਂ ਲਈ ਸੈਂਕੜੇ ਨਹੀਂ ਬਲਕਿ
ਹਜਾਰਾਂ ਲੋਕਾਂ ਦੇ ਹਜ਼ੂਮ ਨੂੰ ਇੱਕਠਾ ਕਰਦਾ ਸੀ।
ਸੰਨ 1921 ਵਿੱਚ ਜਨਮੇ ਇਸ ਜਥੇਦਾਰ
ਨੇ ਹਰੇਕ ਮੋਰਚੇ ਵਿੱਚ ਪੱਲਿਓਂ ਪੈਸੇ ਖਰਚ ਕੇ 51-51 ਵਰਕਰਾਂ ਨੂੰ ਜੱਥੇ ਦੇ ਰੂਪ ਵਿੱਚ
ਲੈ ਕੇ ਜਾਣਾ ਅਤੇ ਮੋਰਚੇ ਨੂੰ ਸਫਲ ਕਰਨ ਲਈ ਕੈਦ ਕੱਟਣੀ ਉਹ ਆਪਣਾ ਮੁੱਢਲਾ ਫਰਜ ਸਮਝਦਾ
ਸੀ।1945 ਤੋਂ ਲੈ ਕੇ 1984 ਤੱਕ ਇਸ ਜਥੇਦਾਰ ਨੇ ਅਨੇਕਾਂ ਵਾਰ ਜੇਲ੍ਹਾਂ ਕੱਟੀਆਂ।1971
ਵਿੱਚ ਗੁਰਦੁਆਰਾ ਸੀਸ ਗੰਜ ਦਿੱਲੀ ਮੋਰਚੇ ਵਿੱਚ ਕਾਂਗਰਸ ਸਰਕਾਰ ਦਾ ਕਬਜਾ ਛੁਡਵਾਉਣ ਲਈ
ਸ੍ਰੀ ਬਾਦਲ ਨਾਲ 3 ਮਹੀਨੇ 7 ਦਿਨ ਕੈਦ ਕੱਟੀ। ਅਮਰਜੈਂਸੀ ਮੋਰਚੇ ਵਿੱਚ ਸ੍ਰੀ ਬਾਦਲ ਦੇ
ਭਰਾ ਗੁਰਦਾਸ ਬਾਦਲ ਨਾਲ ਫਿਰੋਜਪੁਰ ਜੇਲ੍ਹ 3 ਮਹੀਨੇ 4 ਦਿਨ ਕੈਦ ਕੱਟੀ ਅਤੇ ਇਸੇ ਤਰਾਂ
ਇੰਨ੍ਹਾਂ ਨੇ 51 ਸਿੰਘਾਂ ਦੇ ਜੱਥੇ ਸਮੇਤ ਲੁਧਿਆਣਾ ਆਦਰਸ ਜੇਲ੍ਹ ਵਿੱਚ 3 ਮਹੀਨੇ,
ਅੰਮ੍ਰਿਤਸਰ ਸੈਂਟਰਲ ਜੇਲ੍ਹ ਵਿੱਚ 10 ਦਿਨ, ਸਾਰੇ ਸਰਕਲਾਂ ਦੇ ਜੱਥੇ ਸਮੇਤ ਦੁਬਾਰਾ
ਲੁਧਿਆਣਾ ਜੇਲ੍ਹ ਵਿੱਚ 7 ਦਿਨ, ਪੰਜਾਬੀ ਸੂਬਾ ਮੋਰਚੇ ਦੌਰਾਨ ਦਿੱਲੀ ਵਿਖੇ 20 ਦਿਨ ਸੰਤ
ਫਤਿਹ ਸਿੰਘ ਨਾਲ ਜੇਲ੍ਹ ਕੱਟੀ ਅਤੇ ਜੱਥੇਦਾਰਾਂ ਨੂੰ ਭੇਜਦੇ ਰਹੇ।
ਇਸ ਸੇਵਾ ਦੇ
ਬਦਲੇ ਸੰਤ ਫਤਿਹ ਸਿੰਘ, ਪ੍ਰਕਾਸ਼ ਸਿੰਘ ਬਾਦਲ, ਦੀਪਇੰਦਰ ਸਿੰਘ ਬਾਦਲ, ਗੁਰਦਾਸ ਸਿੰਘ
ਬਾਦਲ ਅਤੇ ਹੋਰ ਵੱਡੇ ਨੇਤਾਵਾਂ ਵਲੋਂ ਅਨੇਕਾ ਵਾਰ ਸਨਮਾਨਿਤ ਵੀ ਕੀਤਾ ਗਿਆ ਹੈ। ਇਸ
ਜਥੇਦਾਰ ਦੀਆਂ ਅਣਥੱਕ ਸੇਵਾਵਾਂ ਬਦਲੇ ਹੀ ਗੁਰਦਾਸ ਸਿੰਘ ਬਾਦਲ ਨੇ ਉਸ ਨੂੰ 'ਪੰਥ ਦੀ
ਮਾਂ' ਦੇ ਰੁਤਬੇ ਨਾਲ ਨਿਵਾਜਿਆ ਸੀ। ਜੱਥੇਦਾਰ ਪ੍ਰੇਮ ਸਿੰਘ ਦੀ 1980 ਤੋਂ 1996 ਤੱਕ
ਅਕਾਲੀ ਦਲ ਵਿੱਚ ਤੂਤੀ ਬੋਲਦੀ ਸੀ ਅਤੇ ਇਸ ਵਜ੍ਹਾ ਕਾਰਨ ਉਹ ਚਾਰ ਵਾਰ ਲੰਬੀ ਹਲਕੇ ਤੋਂ
ਅਕਾਲੀ ਦਲ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ। ਲਗਾਤਾਰ ਪੰਜ ਚੋਣਾਂ ਲੰਬੀ ਹਲਕੇ ਦੀ ਕਮਾਂਡ
ਸੰਭਾਲਣ ਵਾਲੇ ਇਸ ਜਥੇਦਾਰ ਦਾ 1996 ਤੋਂ ਬਾਅਦ ਗੁੰਮਨਾਮੀ ਵਾਲਾ ਦੌਰ ਸੁਰੂ ਹੋ ਗਿਆ ਸੀ।
ਇਸ ਤੋਂ ਬਾਅਦ 'ਬੁੱਢੇ ਘੋੜੇ ਕਿਸ ਕਾਮ ਕੇ'ਦੀ ਤਰਜ ਤੇ ਚਲਦਿਆਂ ਬਾਦਲ ਸਾਹਬ ਨੇ ਇਸ
ਜੱਥੇਦਾਰ ਨੂੰ ਨਜਰੋਂ ਪਰੋਖੇ ਕਰ ਦਿੱਤਾ ਅਤੇ ਭਾਈ -ਭਤੀਜਾਵਾਦ ਦੇ ਇਸ ਦੌਰ ਵਿੱਚ ਟਕਸਾਲੀ
ਆਗੂ ਕਿਧਰੇ ਗੁਆਚ ਗਿਆ। ਜਦ 1996 ਤੋਂ ਬਾਅਦ ਇਸ ਜੱਥੇਦਾਰ ਨੂੰ ਗਲੇ ਦੇ ਕੈਂਸਰ ਵਰਗੀ
ਨਾਮੁਰਾਦ ਬਿਮਾਰੀ ਨੇ ਘੇਰ ਲਿਆ ਤਾਂ ਕਿਸੇ ਵੀ ਸਾਥੀ ਨੇ ਇਸ ਦਾ ਹਾਲ ਨਾ ਪੁੱਛਿਆ।
ਰਾਜਨੀਤੀ ਦੀ ਚਕਾਚੌਂਦ ਵਿੱਚ ਗੁੰਮ ਅਕਾਲੀ ਦਲ ਹੁਣ ਉਹ ਦੌਰ ਭੁੱਲ ਗਿਆ ਜਦ ਇਹੋ ਜਿਹੇ
ਜਥੇਦਾਰਾਂ ਦੇ ਮੋਰਚਿਆਂ ਸਦਕਾ ਅਕਾਲੀ ਦਲ ਪਾਰਟੀ ਹੋਂਦ ਵਿੱਚ ਆਈ ਸੀ। ਪਰ ਅੱਜ ਜਥੇਦਾਰ
ਦੀ ਹੋਂਦ ਨੂੰ ਬਿਲਕੁਲ ਹੀ ਮਨਫੀ ਕਰ ਦਿੱਤਾ ਗਿਆ ਹੈ।
ਕੈਂਸਰ ਦੀ ਬਿਮਾਰੀ ਨਾਲ ਜੂਝ
ਰਹੇ ਜੱਥੇਦਾਰ ਪ੍ਰੇਮ ਸਿੰਘ ਨੇ ਬੜੇ ਦੁਖੀ ਮਨ ਨਾਲ ਦੱਸਿਆ ਕਿ ਕਾਫੀ ਵਾਰ ਸ੍ਰ.ਬਾਦਲ ਤੱਕ
ਪਹੁੰਚ ਕਰਨ ਤੋਂ ਬਾਅਦ ਅਰਬਾਂ ਰੁਪਈਆਂ ਵਿੱਚ ਖੇਡਣ ਵਾਲੇ ਬਾਦਲ ਸਾਹਬ ਨੇ ਉਨ੍ਹਾਂ ਦੇ
ਮੋਰਚਿਆਂ ਅਤੇ ਕੀਤੀ ਮਿਹਨਤ ਦਾ ਮੁੱਲ ਸਿਰਫ 75 ਹਜਾਰ ਰੁਪਏ ਪਾਇਆ,ਜਦ ਕਿ ਜਥੇਦਾਰ ਦੀ
ਬਿਮਾਰੀ ਦਾ ਖਰਚ ਇੰਨ੍ਹਾਂ ਤੋਂ ਕਿਤੇ ਵੱਧ ਸੀ। ਉਸ ਤੋਂ ਬਾਅਦ ਕਿਵੇਂ ਨਾ ਕਿਵੇਂ ਪਰਿਵਾਰ
ਵਾਲਿਆਂ ਨੇ ਤੰਗੀ-ਤੁਰਸੀ ਵਿੱਚ ਉਨ੍ਹਾਂ ਦਾ ਇਲਾਜ ਕਰਵਾਇਆ। ਇਸ ਤੋਂ ਬਾਅਦ ਚੋਣਾਂ
ਦੌਰਾਨ ਜਦ ਜਥੇਦਾਰ ਦੇ ਕੱਚੇ ਮਕਾਨ ਦੀ ਗੱਲ ਨੇ ਤੁਲ ਫੜਿਆ ਤਾਂ ਉਪ ਮੁੱਖ ਮੰਤਰੀ ਨੇ
ਆਪਣੀ ਸਾਖ ਬਚਾਉਣ ਲਈ ਜੱਥੇਦਾਰ ਨੂੰ ਘਰ ਬਨਾਉਣ ਲਈ 1 ਲੱਖ 32 ਹਜਾਰ ਦੇ ਕੇ ਹੱਥ ਖੜੇ ਕਰ
ਲਏ।ਜਥੇਦਾਰ ਨੂੰ ਘਰ ਬਨਾਉਣ ਲਈ ਦਿੱਤੇ ਰੁਪਈਆਂ ਜਿੰਨ੍ਹਾਂ ਖਰਚਾਂ ਤਾਂ ਸਾਇਦ ਬਾਦਲ
ਸਾਹਬ ਇੱਕ ਦਿਨ ਵਿੱਚ ਆਪਣੇ ਪਾਲਤੂ ਜਾਨਵਰਾਂ ਤੇ ਹੀ ਕਰ ਦਿੰਦੇ ਹੋਣਗੇ।ਉਨ੍ਹਾਂ ਦੱਸਿਆ
ਕਿ ਉਨ੍ਹਾਂ ਦੇ ਪਰਿਵਾਰ ਵਿੱਚ ਪੁੱਤ,ਪੋਤਰੇ,ਦੋਹਤਰੇ ਸਭ ਪ੍ਰਾਈਵੇਟ ਨੌਕਰੀਆਂ ਕਰਨ ਲਈ
ਮਜਬੂਰ ਹਨ ਜਿੰਨ੍ਹਾਂ ਵਿਚੋਂ ਕਿਸੇ ਇੱਕ ਨੂੰ ਵੀ ਸਰਕਾਰੀ ਨੌਕਰੀ ਤੇ ਨਹੀਂ ਰੱਖਿਆ ਗਿਆ।
ਜਥੇਦਾਰ ਨੇ ਅੱਗੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਸਾਰੀ ਜਵਾਨੀ ਦੇ ਨਾਲ-ਨਾਲ 18 ਏਕੜ
ਰਾਜਸਥਾਨ ਵਾਲੀ ਜਮੀਂਨ, ਕੱਚੀ ਆੜ੍ਹਤ ਦਾ ਕਾਰੋਬਾਰ ਅਤੇ ਇੱਕ ਡਿੱਪੂ ਤੱਕ ਵੀ ਅਕਾਲੀ ਦਲ
ਦੇ ਮੋਰਚਿਆਂ ਨੂੰ ਸਫਲ ਕਰਦਿਆਂ-ਕਰਦਿਆਂ ਕੁਰਬਾਨ ਕਰ ਦਿੱਤੇ।ਉਨ੍ਹਾਂ ਕਿਹਾ ਕਿ ਜੇਕਰ
ਇੰਨਾ ਸਮਾਂ ਅਤੇ ਪੈਸਾ ਆਪਣੇ ਧੀਆਂ-ਪੁੱਤਰਾਂ ਨੂੰ ਪੜਾਉਣ ਲਿਖਾਉਣ ਤੇ ਖਰਚ ਕਰਦਾ ਤਾਂ
ਅੱਜ ਉਨ੍ਹਾਂ ਨੂੰ ਧੱਕੇ ਖਾਣ ਤੇ ਮਜਬੂਰ ਨਾ ਹੋਣਾ ਪੈਂਦਾ। ਇਮਨਦਾਰੀ ਦਾ ਫਲ ਇਸ ਜੱਥੇਦਾਰ
ਨੂੰ ਬਹੁਤ ਹੀ ਕੌੜਾ ਸਾਬਿਤ ਹੋਇਆ ਹੈ। ਬਾਦਲ ਸਾਹਬ ਆਪਣੇ ਪਰਿਵਾਰ ਦੇ ਮੋਹ ਵਿੱਚ ਇਸ
ਤਰਾਂ ਖੁੱਬ ਗਏ ਹਨ ਕਿ ਉਨ੍ਹਾਂ ਨੂੰ ਆਪਣੇ ਸਾਥੀਆਂ ਦੀਆਂ ਕੁਰਬਾਨੀਆਂ ਦਾ ਚੇਤਾ ਭੁੱਲ
ਗਿਆ ਹੈ। ਜਦ ਬਾਦਲ ਸਾਹਬ ਰਾਜਨੀਤੀ ਦੇ ਗਰਾਉਂਡ ਵਿੱਚ ਕੁੱਦੇ ਸਨ ਤਾਂ ਉਨ੍ਹਾਂ ਨਾਲ
ਸਾਥੀਆਂ ਦਾ ਪਰਿਵਾਰ ਬਣਿਆ ਸੀ ਜਿਨ੍ਹਾਂ ਵਿਚੋਂ ਬਹੁਤੇ ਤਾਂ ਲੱਖਾਂ ਕਰੋੜਾਂ ਦੇ ਮਾਲਕ ਬਣ
ਗਏ ਹਨ ਪਰ ਜਿਹੜੇ ਇਮਾਨਦਾਰੀ ਦੀ ਭੱਠੀ ਵਿੱਚ ਸੜ੍ਹ ਕੇ ਗਲੀਆਂ ਦੇ ਕੱਖਾਂ ਵਾਂਗ ਹੀ ਰੁਲ
ਕੇ ਰਹਿ ਗਏ ਹਨ ਉਨ੍ਹਾਂ ਦਾ ਕੀ? ਅੰਤ ਵਿੱਚ ਜੇਕਰ ਬਾਦਲ ਪਰਿਵਾਰ ਆਪਣੇ ਇਸ ਪਰਿਵਾਰ ਨੂੰ
ਯਾਦ ਰਖਦੇ ਤਾਂ ਅੱਜ ਇਸ ਜਥੇਦਾਰ ਦਾ ਇਹ ਹਾਲ ਨਾ ਹੁੰਦਾ ਜਿਹੜਾ ਕੈਂਸਰ ਦੀ ਗੰਭੀਰ
ਬਿਮਾਰੀ ਤੋਂ ਪੀੜ੍ਹਤ ਬਾਦਲ ਸਾਹਿਬ ਦੇ ਗੁਆਂਡੀ ਪਿੰਡ ਮਾਨਾਂ ਵਿੱਚ ਪਿਆ ਆਪਣੇ ਆਖਰੀ ਸਾਹ
ਗਿਣ ਰਿਹਾ ਹੈ ।ਉਹ ਸੋਚ ਰਿਹੈ ਕਿ ਮਰਨ ਤੋਂ ਬਾਅਦ ਤਾਂ ਅੰਤਿਮ ਅਰਦਾਸ ਮੌਕੇ ਬਥੇਰੇ
ਭਾਸ਼ਣ ਦਿੱਤੇ ਜਾਣਗੇ, ਪਰ ਹੁਣ ਘਰ ਦੀਆਂ ਦਹਿਲੀਜਾਂ ਵਿਚੋਂ ਬਾਦਲ ਸਾਹਿਬ ਅਤੇ ਸਾਥੀਆਂ ਦੀ
ਇੱਕ ਝਲਕ ਨੂੰ ਉਡੀਕਦਾ ਹੋਇਆ ਸਾਇਦ ਉਹ ਆਪਣੇ ਪ੍ਰਾਣ ਤਿਆਗ ਦੇਵੇ। ਬਾਦਲ ਸਾਹਿਬ ਦੀ
ਸੱਜੀ ਬਾਂਹ ਕਹਾਉਣ ਵਾਲੇ ਜਥੇਦਾਰ ਦੇ ਮਰਨ ਉਪਰੰਤ ਸਾਇਦ ਬਰਸੀ ਜਾਂ ਭੋਗ ਤੇ ਵਿਸ਼ੇਸ,
ਲੇਖ, ਖਬਰਾਂ ਤਾਂ ਲੱਗ ਜਾਣਗੀਆਂ,ਪਰ ਜਿਉਂਦੇ ਜੀ ਇਸ ਮਹਾਨ ਟਕਸਾਲੀ ਆਗੂ ਬਾਰੇ ਵਿਸ਼ੇਸ
ਸ਼ਾਇਦ ਇਹ ਆਖਰੀ ਲੇਖ ਹੋਵੇਗਾ।