ਬਾਲ ਪੁਸਤਕ ‘ਧਰਤੀ ਦਾ ਸ਼ਿੰਗਾਰ’ ਰਲੀਜ਼
Posted on:- 30-08-2014
- ਸ਼ਿਵ ਕੁਮਾਰ ਬਾਵਾ
ਮਾਹਿਲਪੁਰ: ਪੰਜਾਬੀ ਬਾਲ ਸਾਹਿਤ ਵਿੱਚ ਆਪਣੀਆਂ ਕਿਰਤਾਂ ਨਾਲ ਵੱਖਰੀ ਪਹਿਚਾਣ ਬਣਾਉਣ ਵਾਲੇ ਸਾਹਿਤਕਾਰ ਬਲਜਿੰਦਰ ਮਾਨ ਦੀ 13 ਵੀਂ ਬਾਲ ਪੁਸਤਕ ‘ ਧਰਤੀ ਦਾ ਸ਼ਿੰਗਾਰ’ ਦਾ ਰਾਲੀਜ ਸਮਾਰੋਹ ਪਿ੍ਰੰਸੀਪਲ ਮਨਜੀਤ ਕੌਰ ਦੀ ਅਗਵਾਈ ਹੇਠ ਕਰੂੰਬਲਾਂ ਭਵਨ ਮਾਹਿਲਪੁਰ ਵਿੱਚ ਕਰਵਾਇਆ ਗਿਆ, ਜਿਸ ਵਿੱਚ ਇਲਕੇ ਦੀਆਂ ਸਾਹਿਤ , ਸਿੱਖਿਆ ਅਤੇ ਸੱਭਿਆਚਾਰ ਨਾਲ ਜੁੜੀਆਂ ਪ੍ਰਮੁੱਖ ਸ਼ਖਸ਼ੀਅਤਾਂ ਨੇ ਭਾਗ ਲਿਆ। ਉਘੇ ਸ਼ਾਇਰ ਅਤੇ ਚਿੱਤਰਕਾਰ ਰੇਸ਼ਮ ਚਿੱਤਰਕਾਰ ਨੇ ਪੁਸਤਕ ਨੂੰ ਜਾਰੀ ਕਰਦਿਆਂ ਕਿਹਾ ਕਿ ਧਰਤੀ ਦਾ ਸ਼ਿੰਗਾਰ ਪੁਸਤਕ ਬੱਚਿਆਂ ਲਈ ਇਕ ਕੀਮਤੀ ਸੁਗਾਤ ਹੈ।
ਪੰਜਾਬੀ ਸਾਹਿਤ ਵਿੱਚ ਚਿੱਤਰ ਕਥਾਵਾਂ ਦੀ ਪਰੰਪਰਾ ਆਮ ਨਹੀਂ ਹੈ ਜਿਸ ਕਰਕੇ ਇਸ ਨਵੀਂ ਪਿਰਤ ਲਈ ਬਲਜਿੰਦਰ ਮਾਨ ਨੂੰ ਸ਼ਾਬਾਸ਼ ਦੇਣੀ ਬਣਦੀ ਹੈ। ਇਸ ਪੁਸਤਕ ਰਾਹੀਂ ਬੱਚਿਆਂ ਨੂੰ ਬੜੇ ਹਲਕੇ ਫੁਲਕੇ ਢੰਗ ਨਾਲ ਸਿੱਖਿਆ ਅਤੇ ਮਨੌਰੰਜ਼ਨ ਮਿਲੇਗਾ। ਸਾਬਕਾ ਬਲਾਕ ਸਿੱਖਿਆ ਅਧਿਕਾਰੀ ਸ ਬੱਗਾ ਸਿੰਘ ਆਰਟਿਸਟ ਨੇ ਪੁਸਤਕ ਦੇ ਚਿੱਤਰਾਂ ਬਾਰੇ ਬੋਲਦਿਆਂ ਕਿਹਾ ਕਿ ਕੁਲਵਿੰਦਰ ਕੌਰ ਰੌਹਾਨੀ ਨੇ ਬਾਲ ਮਾਨਸਿਕਤਾ ਨੂੰ ਬਿਆਨ ਕਰਨ ਵਾਲੇ ਰੌਚਕ ਚਿੱਤਰ ਸਿਰਜ ਕੇ ਮਾਨ ਦੀਆਂ ਕਥਾਵਾਂ ਨੂੰ ਮੁੱਲਵਾਨ ਬਣਾ ਦਿੱਤਾ ਹੈ। ਇਸ ਮੌਕੇ ਸੁਰ ਸੰਗਮ ਵਿਦਿਅਕ ਟਰੱਸਟ ਵਲੋਂ ਰੇਸ਼ਮ ਚਿੱਤਰਕਾਰ ਨੂੰ ਉਸ ਵਲੋਂ ਦੇਸ਼ ਵਿਦੇਸ਼ ਵਿੱਚ ਸਾਹਿਤਕ , ਸੱਭਿਆਚਾਰਕ ਅਤੇ ਕਲਾਤਮਿਕ ਪ੍ਰਾਪਤੀਆਂ ਲਈ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਪੰਜਾਬੀ ਬਾਲ ਸਾਹਿਤ ਵਿੱਚ ਮਾਹਿਲਪੁਰ ਇਲਾਕੇ ਵਿਚਲੀਆਂ ਸਾਹਿਤਕ ਸਰਗਰਮੀਆਂ ਬਾਰੇ ਚਰਚਾ ਕਰਦਿਆਂ ਮੁੱਖ ਅਧਿਆਪਕ ਸਰਵਣ ਰਾਮ ਭਾਟੀਆ ਅਤੇ ਗੁਰਦੇਵ ਸਿੰਘ ਨੇ ਕਿਹਾ ਸ ਗੁਰਬਖਸ਼ ਸਿੰਘ ਪ੍ਰੀਤਲੜੀ ਤੋ ਬਾਅਦ ਬਲਜਿੰਦਰ ਮਾਨ ਨੇ ਨਿੱਕੀਆਂ ਕਰੂੰਬਲਾਂ ਰਾਹੀਂ ਇਤਿਹਾਸਕ ਪੈੜ ਪਾ ਦਿੱਤੀ ਹੈ। ਪੰਮੀ ਖੁਸ਼ਹਾਲਪੁਰੀ, ਸਾਬ੍ਹੀ ਈਸਪੁਰੀ, ਪੰਮਾ ਪੇਂਟਰ ਆਦਿ ਸ਼ਾਇਰਾਂ ਨੇ ਰੌਚਕ ਕਵਿਤਾਵਾਂ ਅਤੇ ਗੀਤ ਪੇਸ਼ ਕਰਕੇ ਸਮਾਰੋਹ ਦਾ ਰੰਗ ਬੰਨ੍ਹ ਦਿੱਤਾ। ਇਸ ਮੌਕੇ ਹੋਰਨਾ ਤੋਂ ਇਲਾਵਾ ਬਲਬੀਰ ਸਿੰਘ, ਕੁਲਦੀਪ ਕੌਰ ਬੈਂਸ , ਤਨਵੀਰ , ਸ਼ਿਵ ਕੁਮਾਰ ਬਾਵਾ ਸਮੇਤ ਵੱਡੀ ਗਿਣਤੀ ਬੱਚੇ, ਅਧਿਆਪਕ ਅਤੇ ਮਾਪੇ ਹਾਜ਼ਰ ਸਨ।