ਰੇਲ ਮੰਤਰੀ ਸਦਾਨੰਦ ਗੌੜਾ ਦੇ ਪੁੱਤਰ 'ਤੇ ਜਬਰ ਜਿਨਾਹ ਦਾ ਮੁਕੱਦਮਾ ਦਰਜ
Posted on:- 28-08-2014
ਬੰਗਲੁਰੂ :
ਕੇਂਦਰੀ
ਗ੍ਰਹਿ ਮੰਤਰੀ ਰਾਜਨਾਥ ਸਿੰਘ ਤੋਂ ਬਾਅਦ ਮੋਦੀ ਸਰਕਾਰ ਇੱਕ ਵਾਰ ਫ਼ਿਰ ਹੋਰ ਮੰਤਰੀ ਸੰਕਟ
ਵਿੱਚ ਘਿਰ ਗਈ ਹੈ। ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਅਤੇ ਰੇਲ ਮੰਤਰੀ ਸਦਾਨੰਦ ਗੌੜਾ ਦੇ
ਪੁੱਤਰ ਕਾਰਤਿਕ 'ਤੇ ਬੁੱਧਵਾਰ ਰਾਤ ਜਬਰ ਜਿਨਾਹ ਅਤੇ ਧੋਖਾਧੜੀ ਦਾ ਮੁਕੱਦਮਾ ਦਰਜ ਕੀਤਾ
ਗਿਆ ਹੈ। ਜਦਕਿ ਕਾਰਤਿਕ ਨੇ ਕਿਹਾ ਕਿ ਇਹ ਉਨ੍ਹਾਂ ਦੇ ਪਿਤਾ ਦੀ ਛਵੀ ਨੂੰ ਵਿਗਾੜਨ ਦੀ
ਸਾਜ਼ਿਸ਼ ਹੈ, ਉਹ ਉਸ ਔਰਤ ਨੂੰ ਜਾਣਦੇ ਤੱਕ ਨਹੀਂ। ਮਾਡਲ ਅਤੇ ਕੰਨੜ ਫ਼ਿਲਮਾਂ ਵਿੱਚ
ਅਭਿਨੇਤਰੀ ਦੀ ਭੂਮਿਕਾ ਨਿਭਾ ਚੁੱਕੀ ਇੱਕ ਲੜਕੀ ਦਾ ਦਾਅਵਾ ਹੈ ਕਿ ਕਾਰਤਿਕ ਦੇ ਨਾਲ ਉਸ
ਦੀ ਸ਼ਾਦੀ ਹੋਈ ਹੈ। ਫ਼ਿਰ ਵੀ ਬੁੱਧਵਾਰ ਨੂੰ ਉਸ ਨੇ ਮੰਗਣੀ ਕਰਵਾਈ। ਇਸ ਦੋਸ਼ 'ਤੇ ਹੈਰਾਨੀ
ਪ੍ਰਗਟ ਕਰਦੇ ਹੋਏ ਰੇਲ ਮੰਤਰੀ ਨੇ ਮਾਮਲੇ ਨੂੰ ਛੜਯੰਤਰ ਦੱਸਦੇ ਹੋਏ ਇਸ ਨੂੰ ਬਲੈਕਮੇਲ
ਕਰਨ ਦੀ ਕੋਸ਼ਿਸ਼ ਕਰਾਰ ਦਿੱਤਾ।
ਅਭਿਨੇਤਰੀ ਨੇ ਦਾਅਵਾ ਕੀਤਾ ਹੈ ਕਿ 5 ਜੂਨ ਨੂੰ ਬੰਗਲੁਰੂ
ਵਿੱਚ ਉਸ ਦੇ ਨਾਲ ਗੁਪਤ ਰੂਪ ਵਿੱਚ ਸ਼ਾਦੀ ਕੀਤੀ ਹੈ। ਅਭਿਨੇਤਰੀ ਨੇ ਕੋਡਾਗੂ ਜ਼ਿਲ੍ਹੇ ਦੇ
ਕੁਸ਼ਲਨਗਰ ਵਿੱਚ ਕਾਰਤਿਕ ਦੀ ਮੰਗਣੀ ਇੱਕ ਉਦਯੋਗਪਤੀ ਦੀ ਬੇਟੀ ਦੇ ਨਾਲ ਹੋਣ ਦੀ ਖ਼ਬਰ ਮਿਲਣ
ਤੋਂ ਬਾਅਦ ਬੁੱਧਵਾਰ ਸ਼ਾਮ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ। ਜਦਕਿ ਕੈਬਨਿਟ ਮੰਤਰੀ ਸ੍ਰੀ
ਗੌੜਾ ਨੇ ਕਿਹਾ ਕਿ ਉਸ ਨੂੰ ਅਤੇ ਉਸ ਦੀ ਪਤਨੀ ਨੂੰ ਕਾਰਤਿਕ ਅਤੇ ਅਭਿਨੇਤਰੀ ਦੀ ਇਸ
ਗੁਪਤ ਸ਼ਾਦੀ ਬਾਰੇ ਕੋਈ ਜਾਣਕਾਰੀ ਨਹੀਂ ਹੈ। ਮੇਰੇ ਸਿਆਸੀ ਵਿਰੋਧੀਆਂ ਨੇ ਇਹ ਨਾਟਕ ਰਚਿਆ
ਹੈ ਅਤੇ ਮੇਰੇ ਪੁੱਤਰ ਦੇ ਖਿਲਾਫ਼ ਮਾਮਲਾ ਦਰਜ ਹੋਇਆ ਹੈ ਤਾਂ ਕਾਨੂੰਨ ਆਪਣਾ ਕੰਮ ਕਰ ਰਿਹਾ
ਹੈ ਅਤੇ ਸਾਨੂੰ ਵਿਸ਼ਵਾਸ ਹੈ ਕਿ ਨਿਆਂ ਮਿਲੇਗਾ।
ਭਾਰਤੀ ਜਨਤਾ ਪਾਰਟੀ ਦੇ ਕੌਮੀ
ਪ੍ਰਧਾਨ ਅਮਿਤ ਸ਼ਾਹ ਨੇ ਰਾਜ ਇਕਾਈ ਨੂੰ ਸ੍ਰੀ ਗੌੜਾ ਨਾਲ ਸੰਪਰਕ ਕਰਨ ਤੋਂ ਬਾਅਦ ਇੱਕ
ਰਿਪੋਰਟ ਭੇਜਣ ਦੇ ਲਈ ਕਿਹਾ ਹੈ। ਸ੍ਰੀ ਗੌੜਾ ਨੇ ਕਿਹਾ ਕਿ ਉਨ੍ਹਾਂ ਦੇ ਪੁੱਤਰ ਨੂੰ
ਬਲਾਤਕਾਰ ਦੇ ਝੂਠੇ ਮਾਮਲੇ ਵਿੱਚ ਫਸਾਇਆ ਗਿਆ ਹੈ। ਗੌੜਾ ਦੇ ਪੁੱਤਰ ਖਿਲਾਫ਼ ਕਰਨਾਟਕ
ਪੁਲਿਸ ਨੇ ਬਲਾਤਕਾਰ ਦਾ ਮਾਮਲਾ ਦਰਜ ਕੀਤਾ ਹੈ। ਗੌੜਾ ਨੇ ਕਿਹਾ ਕਿ ਇਹ ਝੂਠੀ ਸ਼ਿਕਾਇਤ ਹੈ
ਤੇ ਸਾਨੂੰ ਬਦਨਾਮ ਕਰਨ ਦੀ ਸਾਜ਼ਿਸ਼ ਹੈ।