ਪੁੱਤਰ ਦੇ ਰਿਸ਼ਵਤ ਲੈਣ ਦੇ ਮਾਮਲੇ 'ਤੇ ਬੋਲੇ ਰਾਜਨਾਥ, ਦੋਸ਼ ਸਿੱਧ ਹੋਏ ਤਾਂ ਸੰਨਿਆਸ ਲੈ ਲਵਾਂਗਾ
Posted on:- 27-08-2014
ਨਵੀਂ ਦਿੱਲੀ : ਗ੍ਰਹਿ
ਮੰਤਰੀ ਰਾਜਨਾਥ ਸਿੰਘ ਇਨ੍ਹੀਂ ਦਿਨੀਂ ਆਪਣੇ ਇੱਕ ਸੀਨੀਅਰ ਸਹਿਯੋਗੀ ਮੰਤਰੀ ਨਾਲ ਕਾਫ਼ੀ
ਨਰਾਜ਼ ਹਨ। ਰਾਜਨਾਥ ਸਿੰਘ ਦਾ ਕਹਿਣਾ ਹੈ ਕਿ ਮੰਤਰੀ ਉਨ੍ਹਾਂ ਦੇ ਪੁੱਤਰ ਪੰਕਜ ਸਿੰਘ ਦੇ
ਖਿਲਾਫ਼ ਝੂਠੀਆਂ ਅਫ਼ਵਾਹਾਂ ਫੈਲਾ ਰਹੇ ਹਨ। ਮੁੱਖ ਮੰਤਰੀ ਨੇ ਇਸ ਮਾਮਲੇ ਨੂੰ ਭਾਰਤੀ ਜਨਤਾ
ਪਾਰਟੀ ਅਤੇ ਆਰਐਸਐਸ ਦੇ ਉਚ ਆਗੂਆਂ ਦੇ ਸਾਹਮਣੇ ਵੀ ਉਠਾਇਆ ਹੈ। ਰਾਜਨਾਥ ਸਿੰਘ ਨੇ ਇਸ
ਮਾਮਲੇ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵੀ ਗੱਲਬਾਤ ਕੀਤੀ ਹੈ। ਗ੍ਰਹਿ ਮੰਤਰੀ ਨੇ
ਇਨ੍ਹਾਂ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਰਿਵਾਰ
ਖਿਲਾਫ਼ ਝੂਠੀਆਂ ਅਫ਼ਵਾਹਾਂ ਫੈਲਾਈਆਂ ਜਾ ਰਹੀਆਂ ਹਨ। ਜੇਕਰ ਦੋਸ਼ ਸਿੱਧ ਹੁੰਦੇ ਹਨ ਤਾਂ ਉਹ
ਸਿਆਸਤ ਤੋਂ ਸੰਨਿਆਸ ਲੈ ਲੈਣਗੇ। ਰਾਜਨਾਥ ਸਿੰਘ ਨੇ ਕਿਹਾ ਕਿ ਅਜਿਹੀਆਂ ਗੱਲਾਂ 'ਤੇ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਹੈਰਾਨਗੀ ਜਤਾਈ ਹੈ।
ਉੱਧਰ ਪ੍ਰਧਾਨ ਮੰਤਰੀ
ਦਫ਼ਤਰ ਨੇ ਵੀ ਅਜਿਹੀਆਂ ਗੱਲਾਂ ਨੂੰ ਖਾਰਜ਼ ਕਰਦਿਆਂ ਇਸ ਨੂੰ ਬੇਬੁਨਿਆਦ ਦੱਸਿਆ। ਪੀਐਮਓ
ਅਨੁਸਾਰ ਇਹ ਸਭ ਕੁਝ ਸਰਕਾਰ ਦੀ ਛਵੀ ਖ਼ਰਾਬ ਕਰਨ ਦਾ ਯਤਨ ਹੈ। ਇਸ ਸਬੰਧ ਵਿੱਚ ਇੱਕ
ਅੰਗਰੇਜ਼ੀ ਅਖ਼ਬਾਰ ਨੇ ਖ਼ਬਰ ਛਾਪੀ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਥਿਤ ਤੌਰ 'ਤੇ
ਕਈ ਮੌਕਿਆਂ 'ਤੇ ਕੁਝ ਆਗੂਆਂ ਨੂੰ ਉਨ੍ਹਾਂ ਦੇ ਗਲਤ ਵਿਵਹਾਰ ਲਈ ਝਾੜ ਪਾਈ ਹੈ।
ਖ਼ਬਰ
ਅਨੁਸਾਰ ਇੱਕ ਕੇਂਦਰੀ ਮੰਤਰੀ ਦੇ ਕਰੀਬੀ ਰਿਸ਼ਤੇਦਾਰ ਨੇ ਕਿਸੇ ਦਾ ਕੰਮ ਕਰਵਾਉਣ ਲਈ ਪੈਸੇ
ਲਏ ਸਨ। ਮੋਦੀ ਨੇ ਉਸ ਸ਼ਖ਼ਸ ਨੂੰ ਬੁਲਾ ਕੇ ਝਾੜ ਪਾਈ ਸੀ ਅਤੇ ਪੈਸੇ ਵਾਪਸ ਦੇਣ ਦਾ ਹੁਕਮ
ਦਿੱਤਾ ਸੀ। ਇਹ ਸ਼ਖ਼ਸ ਕੋਈ ਹੋਰ ਨਹੀਂ ਪੰਕਜ ਸਿੰਘ ਸਨ। ਪਾਰਟੀ ਦੇ ਇੱਕ ਸੀਨੀਅਰ ਆਗੂ ਨੇ
ਦੱਸਿਆ ਕਿ ਇੱਕ ਹੋਰ ਮੰਤਰੀ ਵੱਲੋਂ ਗ੍ਰਹਿ ਮੰਤਰੀ ਦੇ ਪੁੱਤਰ ਨੂੰ ਲੈ ਕੇ ਝੂਠੀ ਅਫ਼ਵਾਹ
ਫੈਲਾਉਣ ਨਾਲ ਰਾਜਨਾਥ ਸਿੰਘ ਨੂੰ ਵੱਡਾ ਧੱਕਾ ਲੱਗਾ ਹੈ ਅਤੇ ਉਨ੍ਹਾਂ ਨੇ ਕਾਫ਼ੀ ਸੋਚ
ਵਿਚਾਰ ਤੋਂ ਬਾਅਦ ਇਸ ਮੁੱਦੇ ਨੂੰ ਭਾਜਪਾ ਤੇ ਆਰਐਸਐਸ ਦੇ ਮੁਖੀਆਂ ਸਾਹਮਣੇ ਉਠਾਇਆ।
ਭਾਜਪਾ
ਆਗੂ ਨੇ ਦੱਸਿਆ ਕਿ ਰਾਜਨਾਥ ਸਿੰਘ ਨੇ ਇਸ ਮਾਮਲੇ ਨੂੰ ਸਿੱਧੇ ਤੌਰ 'ਤੇ ਉਸ ਮੰਤਰੀ
ਸਾਹਮਣੇ ਨਹੀਂ ਉਠਾਇਆ, ਜਿਸ ਨੂੰ ਉਹ ਇਨ੍ਹਾਂ ਅਫ਼ਵਾਹਾਂ ਲਈ ਜ਼ਿੰਮੇਵਾਰ ਮੰਨਦੇ ਹਨ।
ਉਨ੍ਹਾਂ ਨੇ ਇਸ ਮਾਮਲੇ ਨੂੰ ਪਾਰਟੀ ਅਤੇ ਸੰਘ ਲੀਡਰਸ਼ਿਪ 'ਤੇ ਛੱਡ ਦਿੱਤਾ ਹੈ।
ਗ੍ਰਹਿ
ਮੰਤਰੀ ਰਾਜਨਾਥ ਸਿੰਘ ਨੇ ਸਵੀਕਾਰ ਕੀਤਾ ਹੈ ਕਿ ਉਨ੍ਹਾਂ ਨੇ ਆਪਣੇ ਪੁੱਤਰ ਪੰਕਜ ਖਿਲਾਫ਼
ਹੋ ਰਹੇ ਕੂੜ ਪ੍ਰਚਾਰ ਦੀ ਸ਼ਿਕਾਇਤ ਪ੍ਰਧਾਨ ਮੰਤਰੀ ਅਤੇ ਪਾਰਟੀ ਪ੍ਰਧਾਨ ਅਮਿਤ ਸ਼ਾਹ ਕੋਲ
ਕੀਤੀ ਸੀ। ਹਾਲਾਂਕਿ ਉਨ੍ਹਾਂ ਨੇ ਇਸ ਗੱਲ ਤੋਂ ਇਨਕਾਰ ਕਰ ਦਿੱਤਾ ਕਿ ਇਸ ਮਸਲੇ 'ਤੇ
ਉਨ੍ਹਾਂ ਨੇ ਸੰਘ ਦੇ ਉਚ ਆਗੂਆਂ ਨਾਲ ਗੱਲ ਕੀਤੀ।