ਮੋਰਿੰਡਾ ਨੇੜੇ ਸੜਕ ਹਾਦਸੇ 'ਚ 2 ਮੌਤਾਂ, 2 ਜ਼ਖ਼ਮੀ
Posted on:- 27-08-2014
ਮੋਰਿੰਡਾ : ਮੋਰਿੰਡਾ-ਚੰਡੀਗੜ੍ਹ
ਮਾਰਗ 'ਤੇ ਇਕ ਸੜਕ ਹਾਦਸੇ ਵਿਚ 4 ਨੌਜਵਾਨ ਗੰਭੀਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਸਰਕਾਰੀ
ਹਸਪਤਾਲ ਮੋਰਿੰਡਾ ਵਿਖੇ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਦੋ ਨੂੰ ਮ੍ਰਿਤਕ ਕਰਾਰ ਦੇ
ਦਿੱਤਾ ਅਤੇ ਦੂਸਰਿਆਂ ਦਾ ਇਲਾਜ ਸ਼ੁਰੂ ਕਰ ਦਿੱਤਾ। ਇਲਾਜ ਤੋਂ ਬਾਅਦ ਇਕ ਨੂੰ ਛੁੱਟੀ ਦੇ
ਦਿੱਤੀ ਗਈ ਅਤੇ ਦੂਸਰੇ ਨੂੰ ਸਿਵਲ ਹਸਪਤਾਲ ਰੋਪੜ ਲਈ ਰੈਫਰ ਕਰ ਦਿੱਤਾ ਗਿਆ। ਮੋਰਿੰਡਾ
ਪੁਲਿਸ ਨੇ ਇਕ ਅਣਪਛਾਤੇ ਵਾਹਨ ਚਾਲਕ ਦੇ ਵਿਰੁੱਧ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ
ਸ਼ੁਰੂ ਕਰ ਦਿੱਤੀ ਅਤੇ ਲਾਸ਼ਾਂ ਪੋਸਟਮਾਰਟਮ ਤੋਂ ਬਾਦ ਵਾਰਸਾਂ ਨੂੰ ਸੌਂਪ ਦਿੱਤੀਆਂ।
ਇਸ
ਸਬੰਧੀ ਮੋਰਿੰਡਾ ਸਿਟੀ ਪੁਲਿਸ ਚੌਕੀ ਇੰਚਾਰਜ ਗੁਰਮੁੱਖ ਸਿੰਘ ਨੇ ਦੱਸਿਆ ਕਿ ਪ੍ਰਭਜੋਤ
ਸਿੰਘ ਪੁੱਤਰ ਲਖਵੀਰ ਸਿੰਘ ਅਤੇ ਨਮਰੀਤ ਸਿੰਘ ਪੁੱਤਰ ਹਰਦੀਪ ਸਿੰਘ ਦੋਵੇਂ ਵਾਸੀ ਕੁਰਾਲੀ
ਅਪਣੇ ਸਾਥੀਆਂ ਪਰਵੀਨ ਸਿੰਘ ਤੇ ਤਨਵੀਰ ਸਿੰਘ ਦੋਨੋਂ ਪੁੱਤਰ ਸਵ. ਮਨਜੀਤ ਸਿੰਘ ਨਿਵਾਸੀ
ਰੋਪੜ ਨਾਲ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ ਪੜ੍ਹਨ ਲਈ ਸਵਿਫਟ ਕਾਰ ਨੰਬਰ
ਪੀਬੀ-65-ਯੂ- 8715 ਵਿਚ ਜਾ ਰਹੇ ਸਨ। ਸਥਾਨਕ ਧੀਮਾਨ ਪੈਲੇਸ ਦੇ ਨਜ਼ਦੀਕ ਉਨ੍ਹਾਂ ਦੀ ਕਾਰ
ਨੂੰ ਪਾਸ ਕਰਨ ਲੱਗੀ ਇਕ ਹੋਰ ਕਾਰ ਦਾ ਪਿਛੇ ਸਾਇਡ ਦੇਖਣ ਵਾਲਾ ਸ਼ੀਸ਼ਾ ਇਨ੍ਹਾਂ ਦੀ ਗੱਡੀ
ਦੇ ਸ਼ੀਸ਼ੇ ਨਾਲ ਖਹਿਣ ਕਾਰਨ ਇਨ੍ਹਾਂ ਦੀ ਕਾਰ ਬੇਕਾਬੂ ਹੋ ਗਈ ਅਤੇ ਇਕ ਦਰੱਖਤ ਨਾਲ ਜਾ
ਟਕਰਾਈ। ਟੱਕਰ ਇੰਨੀ ਜ਼ੋਰਦਾਰ ਸੀ ਕਿ ਸਵਿਫਟ ਚਲਾ ਰਿਹਾ ਪ੍ਰਭਜੋਤ ਸਿੰਘ ਤੇ ਉਸਦੇ ਨਾਲ
ਅੱਗੇ ਬੈਠਾ ਨਮਰੀਤ ਸਿੰਘ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਏ। ਜਦਕਿ ਕਾਰ 'ਚ ਪਿੱਛੇ ਬੈਠੇ
ਪਰਵੀਨ ਸਿੰਘ ਤੇ ਤਨਵੀਰ ਸਿੰਘ ਵੀ ਜ਼ਖਮੀ ਹੋ ਗਏ। ਉਨ੍ਹਾਂ ਨੂੰ ਤੁਰੰਤ ਸਰਕਾਰੀ ਹਸਪਤਾਲ
ਪਹੁੰਚਾਇਆ ਗਿਆ ਜਿੱਥੇ ਡਾਕਟਰਾਂ ਨੇ ਪ੍ਰਭਜੋਤ ਸਿੰਘ ਤੇ ਨਮਰੀਤ ਸਿੰਘ ਨੂੰ ਮ੍ਰਿਤਕ ਐਲਾਨ
ਦਿੱਤਾ। ਇਸ ਦੌਰਾਨ ਤਨਵੀਰ ਸਿੰਘ ਕਾਰ ਵਿਚ ਹੀ ਬੁਰੀ ਤਰ੍ਹਾਂ ਨਾਲ ਫਸ ਗਿਆ ਸੀ, ਜਿਸ
ਨੂੰ ਲੋਕਾਂ ਨੇ ਬੜੀ ਮੁਸ਼ਕਿਲ ਨਾਲ ਕੱਟਰ ਅਤੇ ਗੈਸ ਕਟਰ ਦੀ ਸਹਾਇਤਾ ਨਾਲ ਕਾਰ ਦੀਆਂ
ਤਾਕੀਆਂ ਕੱਟ ਕੇ ਬਾਹਰ ਕੱਢਿਆ। ਮੋਰਿੰਡਾ ਹਸਪਤਾਲ ਤੋਂ ਇਲਾਜ ਤੋਂ ਬਾਅਦ ਪਰਵੀਨ ਸਿੰਘ
ਨੂੰ ਛੁੱਟੀ ਦੇ ਦਿੱਤੀ ਗਈ ਅਤੇ ਤਨਵੀਰ ਸਿੰਘ ਨੂੰ ਰੋਪੜ ਲਈ ਰੈਫਰ ਕਰ ਦਿੱਤਾ ਗਿਆ।
ਪੁਲਿਸ ਨੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।