ਇਬੋਲਾ ਪ੍ਰਭਾਵਤ ਦੇਸ਼ਾਂ ਤੋਂ ਸਖ਼ਤ ਜਾਂਚ ਦਰਮਿਆਨ ਪਰਤੇ ਭਾਰਤੀ
Posted on:- 26-08-2014
ਨਵੀਂ ਦਿੱਲੀ : ਇਬੋਲਾ
ਬਿਮਾਰੀ ਦੇ ਮੱਦੇਨਜ਼ਰ ਪੱਛਮੀ ਅਫ਼ਰੀਕੀ ਦੇਸ਼ਾਂ ਤੋਂ ਪਰਤ ਰਹੇ ਭਾਰਤੀਆਂ 'ਚੋਂ ਲਾਇਬੇਰੀਆ
ਅਤੇ ਉਸ ਦੇ ਆਸ ਪਾਸ ਦੇ ਦੇਸ਼ਾਂ ਤੋਂ ਅੱਜ ਦਿੱਲੀ ਪਹੁੰਚੇ 6 ਵਿਅਕਤੀਆਂ ਨੂੰ ਜਾਂਚ ਲਈ
40 ਦਿਨਾਂ ਲਈ ਅਲੱਗ ਰੱਖਿਆ ਗਿਆ ਹੈ। ਜਦਕਿ 85 ਹੋਰਨਾਂ ਨੂੰ ਮੁੰਬਈ ਹਵਾਈ ਅੱਡੇ 'ਤੇ
ਜਾਂਚ ਤੋਂ ਬਾਅਦ ਇਬੋਲਾ ਦੇ ਕੋਈ ਲੱਛਣ ਨਾ ਪਾਏ ਜਾਣ 'ਤੇ ਤੰਦਰੁਸਤ ਐਲਾਨ ਦਿੱਤਾ ਗਿਆ
ਹੈ। ਦਿੱਲੀ ਪਹੁੰਚੀਆਂ ਦੋ ਮਹਿਲਾਵਾਂ ਅਤੇ ਇੱਕ ਬੱਚੇ ਸਮੇਤ 6 ਲੋਕਾਂ ਨੂੰ ਸਬੰਧਤ
ਹਸਪਤਾਲਾਂ ਵਿੱਚ ਲਿਜਾਇਆ ਗਿਆ, ਜਿੱਥੇ ਇਸ ਬਿਮਾਰੀ ਦੇ ਵਿਸ਼ਾਣੂ ਦੇ ਕਿਸੇ ਵੀ ਲੱਛਣ ਲਈ
ਉਨ੍ਹਾਂ ਦੀ ਨਿਗਰਾਨੀ ਅਤੇ ਜਾਂਚ ਕੀਤੀ ਜਾਵੇਗੀ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ
ਹੈ। ਲਾਇਬੇਰੀਆ ਅਤੇ ਨਾਇਜ਼ਰੀਆ ਤੋਂ ਮੁੰਬਈ ਪਹੁੰਚੇ ਸਾਰੇ 85 ਭਾਰਤੀਆਂ ਨੂੰ ਹਵਾਈ ਅੱਡਾ
ਸੰਗਠਨ ਨੇ ਤੰਦਰੁਸਤ ਐਲਾਨ ਦਿੱਤਾ ਹੈ, ਕਿਉਂਕਿ ਇਨ੍ਹਾਂ ਵਿੱਚੋਂ ਕਿਸੇ ਨੂੰ ਵੀ ਇਸ ਘਾਤਕ
ਬਿਮਾਰੀ ਦੇ ਲੱਛਣ ਨਹੀਂ ਪਾਏ ਗਏ।
ਮੁੰਬਈ ਕੌਮਾਂਤਰੀ ਹਵਾਈ ਅੱਡਾ ਲਿਮਟਿਡ
(ਐਮਆਈਏਐਲ) ਨੇ ਇੱਕ ਬਿਆਨ ਵਿੱਚ ਦੱਸਿਆ ਹੈ ਕਿ ਇਹ ਯਾਤਰੀ 3 ਸਮੂਹਾਂ ਵਿੱਚ ਆਏ ਹਨ ਅਤੇ
ਅੱਜ ਕੁਝ ਹੋਰ ਲੋਕ ਆਉਣਗੇ। ਐਮਆਈਏਐਲ ਨੇ ਦੱਸਿਆ ਕਿ 20 ਯਾਤਰੀਆਂ ਦਾ ਪਹਿਲਾ ਸਮੂਹ ਸਾਊਣ
ਅਫ਼ਰੀਕਨ ਏਅਰਵੇਜ਼ ਦੀ ਉਡਾਣ ਐਸਏ-284 ਰਾਹੀਂ ਲਾਇਬੇਰੀਆ ਤੋਂ ਸਵੇਰੇ 5.00 ਵਜੇ ਇੱਥੇ
ਪਹੁੰਚਿਆ ਅਤੇ ਸਿਹਤ ਮੰਤਰਾਲਾ ਦੇ ਅਧਿਕਾਰੀਆਂ ਦੀ ਨਿਗਰਾਨੀ ਵਿੱਚ ਉਨ੍ਹਾਂ ਦੀ ਜਾਂਚ ਕਰਨ
ਤੋਂ ਬਾਅਦ ਏਪੀਐਚਓ ਨੇ ਉਨ੍ਹਾਂ ਨੂੰ ਤੰਦਰੁਸਤ ਐਲਾਨ ਦਿੱਤਾ।
ਇਨ੍ਹਾਂ ਵਿੱਚੋਂ ਕਿਸੇ
ਨੂੰ ਵੀ ਇਬੋਲਾ ਦੇ ਲੱਛਣ ਨਹੀਂ ਪਾਏ ਗਏ ਅਤੇ ਇਹ ਵੀ ਨਹੀਂ ਪਾਇਆ ਗਿਆ ਕਿ ਇਸ ਤਰ੍ਹਾਂ
ਦਾ ਕੋਈ ਵਿਅਕਤੀ ਇਸ ਬਿਮਾਰੀ ਨਾਲ ਪੀੜਤ ਕਿਸੇ ਵਿਅਕਤੀ ਦੇ ਸੰਪਰਕ ਵਿੱਚ ਆਇਆ ਸੀ। ਸਾਰੇ
ਯਾਤਰੀਆਂ ਦੇ ਜਹਾਜ਼ ਤੋਂ ਉਤਰਨ ਬਾਅਦ ਏਪੀਐਚਓ ਦੀਆਂ ਟੀਮਾਂ ਨੇ ਜਹਾਜ਼ ਨੂੰ ਰੋਗਾਣੂਆਂ ਤੋਂ
ਮੁਕਤ ਕੀਤਾ। ਇਸ ਤੋਂ ਬਾਅਦ ਲਾਇਬੇਰੀਆ ਤੋਂ 46 ਭਾਰਤੀਆਂ ਦਾ ਇੱਕ ਹੋਰ ਸਮੂਹ ਇਥੋਪੀਆ
ਏਅਰਲਾਇਨਜ਼ ਦੀ ਉਡਾਣ ਈਟੀ-610 ਰਾਹੀਂ ਇੱਥੇ ਪਹੁੰਚਿਆ। ਇਨ੍ਹਾਂ ਯਾਤਰੀਆਂ ਨੂੰ ਵੀ ਸਾਰੀ
ਲੋੜੀਂਦੀ ਜਾਂਚ ਤੋਂ ਬਾਅਦ ਤੰਦਰੁਸਤ ਐਲਾਨ ਦਿੱਤਾ ਗਿਆ। ਐਮਆਈਏਐਲ ਅਧਿਕਾਰੀਆਂ ਨੇ ਦੱਸਿਆ
ਕਿ ਨਾਇਜ਼ਰੀਆ ਤੋਂ ਆਏ 19 ਹੋਰ ਯਾਤਰੀਆਂ ਦੀ ਵੀ ਏਪੀਐਚਓ ਟੀਮ ਨੇ ਜਾਂਚ ਕੀਤੀ ਅਤੇ
ਉਨ੍ਹਾਂ ਨੂੰ ਵੀ ਤੰਦਰੁਸਤ ਐਲਾਨ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਇਬੋਲਾ ਤੋਂ ਪ੍ਰਭਾਵਤ
ਵੱਖ-ਵੱਖ ਦੇਸ਼ਾਂ ਵਿੱਚ ਕੁੱਲ 44,700 ਭਾਰਤੀ ਰਹਿ ਰਹੇ ਹਨ, ਜਿੱਥੇ ਇਸ ਬਿਮਾਰੀ ਨੇ ਹੁਣ
ਤੱਕ 1400 ਲੋਕਾਂ ਦੀ ਜਾਨ ਲੈ ਲਈ ਹੈ।