ਜ਼ਿਮਨੀ ਚੋਣਾਂ 'ਚ ਭਾਜਪਾ ਨੂੰ ਝਟਕਾ
Posted on:- 25-08-2014
ਨਵੀਂ ਦਿੱਲੀ : ਸਿਆਸੀ ਦੁਸ਼ਮਣੀ
ਭੁਲਾ ਕੇ ਕਰੀਬ 20 ਸਾਲ ਬਾਅਦ ਇਕ ਮੰਚ 'ਤੇ ਆਏ ਬਿਹਾਰ ਦੇ ਦੋ ਸੀਨੀਅਰ ਸਿਆਸੀ ਆਗੂਆਂ
ਲਾਲੂ ਪ੍ਰਸਾਦ ਯਾਦਵ ਅਤੇ ਨਿਤਿਸ਼ ਕੁਮਾਰ ਨੇ ਭਾਜਪਾ ਨੂੰ ਸਖ਼ਤ ਟੱਕਰ ਦਿੱਤੀ ਹੈ। ਬਿਹਾਰ
ਦੀਆਂ 10 ਵਿਧਾਨ ਸਭਾ ਸੀਟਾਂ ਲਈ 21 ਅਗਸਤ ਨੂੰ ਹੋਈਆਂ ਉਪ ਚੋਣਾਂ 'ਚ ਲਾਲੂ–ਨਿਤਿਸ਼ ਤੇ
ਕਾਂਗਰਸ ਦੇ ਗਠਜੋੜ ਨੇ 6 ਸੀਟਾਂ 'ਤੇ ਜਿੱਤ ਹਾਸਲ ਕਰ ਲਈ ਹੈ। ਬਿਹਾਰ ਤੋਂ ਇਲਾਵਾ ਪੰਜਾਬ
'ਚ 2, ਮੱਧ ਪ੍ਰਦੇਸ਼ 'ਚ 3 ਅਤੇ ਕਰਨਾਟਕਾ 'ਚ 3 ਕੁੱਲ ਮਿਲਾ ਕੇ 18 ਸੀਟਾਂ 'ਤੇ ਉਪ
ਚੋਣਾਂ ਹੋਈਆਂ ਸਨ।
ਬਿਹਾਰ 'ਚ ਛਪਰਾ, ਮੋਹੀਓਦੀਨਨਗਰ ਅਤੇ ਰਾਜ ਨਗਰ ਤੋਂ ਰਾਸ਼ਟਰੀ
ਜਨਤਾ ਦਲ ਨੇ ਜਿੱਤ ਹਾਸਲ ਕੀਤੀ ਹੈ, ਜਦਕਿ ਭਾਗਲਪੁਰ ਤੋਂ ਕਾਂਗਰਸ ਨੇ ਜਿੱਤ ਪ੍ਰਾਪਤ
ਕੀਤੀ ਅਤੇ ਜਨਤਾ ਦਲ (ਯੂ) ਨੂੰ ਜਾਲੇ ਤੇ ਪਰਬਤਾ ਸੀਟ 'ਤੇ ਸਫ਼ਲਤਾ ਮਿਲੀ ਹੈ।
ਇਨ੍ਹਾਂ
ਤੋਂ ਇਲਾਵਾ ਬਿਹਾਰ ਵਿਚ ਭਾਜਪਾ ਨੇ ਬਾਂਕਾ, ਨਰਕਟਿਯਾਗੰਜ, ਮੋਹਨੀਆ ਅਤੇ ਹਾਜ਼ੀਪੁਰ ਸੀਟ
'ਤੇ ਜਿੱਤ ਹਾਸਲ ਕੀਤੀ ਹੈ। ਜ਼ਿਕਰਯੋਗ ਹੈ ਕਿ ਲਾਲੂ ਪ੍ਰਸਾਦ ਦੀ ਰਾਸ਼ਟਰੀ ਜਨਤਾ ਦਲ ਨੇ 4,
ਨਿਤਿਸ਼ ਕੁਮਾਰ ਦੀ ਪਾਰਟੀ ਜਨਤਾ ਦਲ (ਯੂ) ਨੇ 4 ਅਤੇ ਕਾਂਗਰਸ ਨੇ 2 ਸੀਟਾਂ 'ਤੇ ਉਪ ਚੋਣ
ਲੜੀ ਸੀ। ਉਧਰ ਭਾਜਪਾ ਨੇ 9 ਸੀਟਾਂ ਅਤੇ ਲੋਕ ਜਨ ਸ਼ਕਤੀ ਪਾਰਟੀ ਨੇ 1 ਸੀਟ 'ਤੇ ਚੋਣ ਲੜੀ
ਸੀ।
ਕਰਨਾਟਕ ਵਿਚ 3 ਸੀਟਾਂ 'ਚੋਂ ਕਾਂਗਰਸ ਨੇ ਬੇਲਾਰੀ ਸੀਟ ਭਾਜਪਾ ਤੋਂ ਖੋਹ ਲਈ
ਹੈ ਅਤੇ ਚਿਕੋਡੀ–ਸਦਾਲਗਾ ਸੀਟ 'ਤੇ ਵੀ ਕਬਜ਼ਾ ਬਰਕਰਾਰ ਰੱਖਿਆ, ਜਦਕਿ ਭਾਜਪਾ ਨੂੰ
ਸ਼ਿਕਾਰੀਪੁਰਾ ਤੋਂ ਸਫ਼ਲਤਾ ਮਿਲੀ ਹੈ। ਬੇਲਾਰੀ ਦਿਹਾਤੀ ਸੀਟ ਤੋਂ ਕਾਂਗਰਸ ਦੇ ਐਨਵਾਈ
ਗੋਪਾਲ ਕ੍ਰਿਸ਼ਨਨ ਨੇ ਭਾਜਪਾ ਦੇ ਓਬਾਲੇਸ਼ ਨੂੰ 33 ਹਜ਼ਾਰ ਵੋਟਾਂ ਦੇ ਫ਼ਰਕ ਨਾਲ ਹਰਾਇਆ।
ਮੱਧ
ਪ੍ਰਦੇਸ਼ 'ਚ 3 ਸੀਟਾਂ 'ਤੇ ਉਪ ਚੋਣ ਵਿਚੋਂ ਭਾਜਪਾ ਨੇ 2 ਸੀਟਾਂ ਆਗਰ ਤੇ ਵਿਜਯਰਾਘਵਗੜ੍ਹ
'ਤੇ ਜਿੱਤ ਪ੍ਰਾਪਤ ਕੀਤੀ ਅਤੇ ਬਹੋਰੀਬੰਦ ਦੀ ਸੀਟ ਕਾਂਗਰਸ ਦੇ ਖਾਤੇ 'ਚ ਚਲੀ ਗਈ। ਮੱਧ
ਪ੍ਰਦੇਸ਼ ਦੀ ਆਗਰ ਵਿਧਾਨ ਸਭਾ ਉਪ ਚੋਣ ਵਿਚ ਭਾਜਪਾ ਦੇ ਗੋਪਾਲ ਪਰਮਾਰ ਨੇ ਕਾਂਗਰਸ ਦੇ ਰਾਜ
ਕੁਮਾਰ ਗੌਰੇ ਨੂੰ 27702 ਵੋਟਾਂ ਨਾਲ ਹਰਾਇਆ।