ਮੱਧ ਪ੍ਰਦੇਸ਼ : ਕਾਮਤਾਨਾਥ ਮੰਦਿਰ 'ਚ ਭਗਦੜ, 10 ਮੌਤਾਂ
Posted on:- 25-08-2014
ਸਤਨਾ : ਮੱਧ
ਪ੍ਰਦੇਸ਼ ਦੇ ਸਤਨਾ ਜ਼ਿਲ੍ਹੇ 'ਚ ਚਿਤਰਕੁਟ 'ਚ ਸਥਿਤ ਕਾਮਤਾਨਾਥ ਪਹਾੜੀ ਮੰਦਰ 'ਚ ਅੱਜ ਤੜਕੇ
ਮਚੀ ਭਗਦੜ ਵਿਚ 10 ਸ਼ਰਧਾਲੂਆਂ ਦੀ ਮੌਤ ਹੋ ਗਈ, ਜਦਕਿ 60 ਤੋਂ ਵੱਧ ਹੋਰ ਜ਼ਖ਼ਮੀ ਹੋ ਗਏ।
ਮ੍ਰਿਤਕਾਂ 'ਚ 5 ਔਰਤਾਂ ਦੱਸਿਆ ਜਾ ਰਹੀਆਂ ਹਨ।
ਮੱਸਿਆ ਦੇ ਮੌਕੇ ਵੱਡੀ ਗਿਣਤੀ ਵਿਚ
ਸ਼ਰਧਾਲੂ ਇਸ ਧਾਰਮਿਕ ਸਥਾਨ 'ਤੇ ਇਕੱਤਰ ਹੋਏ ਸਨ ਅਤੇ ਸਵੇਰੇ 6 ਵਜੇ ਦੇ ਕਰੀਬ ਮੰਦਰ ਦੇ
ਮੁੱਖ ਦੁਆਰ ਨੇੜੇ ਅਚਾਨਕ ਭਗਦੜ ਮਚ ਗਈ। ਸੂਤਰਾਂ ਅਨੁਸਾਰ ਕਾਮਤਾਨਾਥ ਪਹਾੜ ਦੀ ਪ੍ਰਕਰਮਾ
ਦੌਰਾਨ ਇਹ ਘਟਨਾ ਵਾਪਰ ਗਈ। ਭਗਦੜ ਦੇ ਅਸਲ ਕਾਰਨਾਂ ਦਾ ਹਾਲੇ ਤੱਕ ਪਤਾ ਨਹੀਂ ਲਗ ਸਕਿਆ।
ਆਈਜੀ ਪਵਨ ਸ੍ਰੀਵਾਸਤਵ ਨੇ ਕਿਹਾ ਕਿ ਉਨ੍ਹਾਂ ਨੂੰ ਜੋ ਸ਼ੁਰੂਆਤੀ ਜਾਣਕਾਰੀ ਮਿਲੀ ਹੈ, ਉਸ
ਅਨੁਸਾਰ ਮੰਦਿਰ ਨੇੜੇ ਿਬਜਲੀ ਦੀ ਤਾਰ 'ਚ ਅੱਗ ਲਗ ਗਈ ਅਤੇ ਇਹ ਲੋਕਾਂ 'ਤੇ ਡਿਗ ਜਾਣ
ਕਾਰਨ ਦਹਿਸ਼ਤ ਫੈਲ ਗਈ, ਜਿਸ ਕਾਰਨ ਲੋਕ ਭੱਜਣ ਲੱਗੇ।
ਜ਼ਿਲ੍ਹਾ ਅਧਿਕਾਰੀ ਐਮਐਲ ਮੀਨਾ
ਨੇ ਕਿਹਾ ਕਿ ਭਗਦੜ ਵਿਚ 10 ਲੋਕਾਂ ਦੀ ਮੌਤ ਹੋ ਗਈ ਅਤੇ 60 ਤੋਂ ਵੱਧ ਲੋਕਾਂ ਦੇ ਜ਼ਖ਼ਮੀ
ਹੋਣ ਦਾ ਖਦਸ਼ਾ ਹੈ। ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵ ਰਾਜ ਸਿੰਘ ਚੌਹਾਨ ਨੇ ਭਗਦੜ ਵਿਚ
ਮਾਰੇ ਗਏ ਲੋਕਾਂ ਦੇ ਪਰਿਵਾਰ ਨੂੰ 2–2 ਲੱਖ ਰੁਪਏ ਦੀ ਮਾਲੀ ਮਦਦ ਦੇਣ ਦਾ ਐਲਾਨ ਕੀਤਾ
ਹੈ। ਗੰਭੀਰ ਰੂਪ ਵਿਚ ਜ਼ਖ਼ਮੀ ਲੋਕਾਂ ਨੂੰ 50 ਹਜ਼ਾਰ ਰੁਪਏ ਅਤੇ ਮਾਮੂਲੀ ਤੌਰ 'ਤੇ ਜ਼ਖ਼ਮੀ
ਲੋਕਾਂ ਨੂੰ 10 ਹਜ਼ਾਰ ਦਿੱਤੇ ਜਾਣਗੇ।
ਇਲਾਕੇ ਦੇ ਆਈਜੀ ਪਵਨ ਸ੍ਰੀਵਾਸਤਵ ਨੇ ਵੀ 10
ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਮੱਧ ਪ੍ਰਦੇਸ਼
ਦੇ ਦਤੀਆ ਜ਼ਿਲ੍ਹੇ ਵਿਚ ਇਕ ਮੰਦਰ ਵਿਚ ਮਚੀ ਭਗਦੜ ਵਿਚ 100 ਤੋਂ ਵੱਧ ਲੋਕ ਮਾਰੇ ਗਏ ਸਨ।