ਬਰਨਾਲਾ ਸਬਜ਼ੀ ਮੰਡੀ 'ਚ ਮਾਰਕਿਟ, ਆਰਡੀਐਫ਼ ਫੀਸ ਦੀ ਚੋਰੀ ਜ਼ੋਰਾਂ 'ਤੇ
Posted on:- 25-08-2014
ਸਰਕਾਰ ਨੂੰ ਚੂਨਾ, ਮੁਲਾਜ਼ਮਾਂ ਦੀ ਫੁੱਲ ਤਿਜ਼ੋਰੀ
ਬਰਨਾਲਾ : ਮਾਰਕੀਟ
ਕਮੇਟੀ ਬਰਨਾਲਾ ਦੇ ਘੇਰੇ ਹੇਠ ਆਉਂਦੀ ਸਬਜ਼ੀ ਮੰਡੀ ਦੀ ਮਾਰਕੀਟ ਫ਼ੀਸ ਅਤੇ ਆਰ.ਡੀ.ਐਫ਼ ਫੀਸ
ਦੀ ਮੁਲਾਜ਼ਮਾਂ ਦੀ ਮਿਲੀ ਭੁਗਤ ਕਾਰਨ ਜੋਰਾਂ ਤੇ ਹੋ ਰਹੀ ਚੋਰੀ ਤਹਿਤ ਮਾਰਕੀਟ ਕਮੇਟੀ
ਨੂੰ ਭਾਰੀ ਚੂਨਾ ਲੱਗ ਰਿਹਾ ਹੈ। ਜ਼ਿਲ੍ਹੇ ਦੀ ਸਭ ਤੋਂ ਵੱਡੀ ਅਤੇ ਕਾਰੋਬਾਰ ਪੱਖੋਂ ਬੇਹੱਦ
ਕਾਮਯਾਬ ਇਸ ਮੰਡੀ ਦੀ ਸਾਲਾਨਾ ਜਿੱਥੇ ਆਮਦਨ ਬਹੁਤ ਘੱਟ ਦਿਖਾਈ ਜਾ ਰਹੀ ਹੈ ਉੱਥੇ
ਅਧਿਕਾਰੀਆਂ ਵੱਲੋਂ ਆਪਣੀਆਂ ਜੇਬਾਂ ਗਰਮ ਕੀਤੀਆਂ ਜਾ ਰਹੀਆਂ ਹਨ। ਅਜਿਹਾ ਮਾਰਕਿਟ ਕਮੇਟੀ
ਵੱਲੋਂ ਸਬਜ਼ੀ ਮੰਡੀ ਵਿਚ ਨਿਯੁਕਤ ਕੀਤੇ ਕੁੱਝ ਮੁਲਾਜ਼ਮਾਂ ਅਤੇ ਕਮੇਟੀ ਦੇ ਅਧਿਕਾਰੀਆਂ ਦੇ
ਨੱਕ ਹੇਠ ਹੋ ਰਿਹਾ ਹੈ।
ਮਾਰਕੀਟ ਕਮੇਟੀ ਦੇ ਸਕੱਤਰ ਵੱਲੋਂ ਅਤੇ ਇਕੱਤਰ ਕੀਤੀ
ਜਾਣਕਾਰੀ ਅਨੁਸਾਰ ਸਬਜ਼ੀ ਮੰਡੀ ਵਿੱਚੋਂ 2 ਪ੍ਰਤੀਸ਼ਤ ਮਾਰਕਿਟ ਫੀਸ ਅਤੇ 2 ਪ੍ਰਤੀਸ਼ਤ ਰੂਰਲ
ਵਿਕਾਸ ਫੰਡ ਤਹਿਤ ਫੀਸ ਸਬਜ਼ੀ ਮੰਡੀ ਦੇ ਆੜ੍ਹਤੀਆਂ ਕੋਲੋਂ ਲਈ ਜਾਂਦੀ ਹੈ। ਰੂਰਲ ਵਿਕਾਸ
ਫੰਡ ਅਤੇ ਮਾਰਕਿਟ ਫੀਸ ਤਹਿਤ ਮਾਰਕਿਟ ਕਮੇਟੀ ਬਰਨਾਲਾ ਨੂੰ 2 ਕਰੋੜ ਰੁਪਏ ਦੀ ਰਾਸ਼ੀ
ਪ੍ਰਾਪਤ ਹੁੰਦੀ ਹੈ। ਜਦੋਂ ਕਿ ਸਬਜ਼ੀ ਮੰਡੀ ਬਰਨਾਲਾ ਵਿੱਚ ਆਉਂਦੇ ਮਾਲ ਦੀ ਅਸਲ ਫੀਸ ਕਈ
ਗੁਣਾ ਜ਼ਿਆਦਾ ਬਣਦੀ ਹੈ, ਜੋ ਕਿ ਆਪਸੀ ਮਿਲੀਭੁਗਤ ਕਰਕੇ ਕਾਫੀ ਘੱਟ ਦਿਖਾਈ ਜਾ ਰਹੀ ਹੈ।
ਸਬਜ਼ੀ ਮੰਡੀ ਵਿੱਚੋਂ 1 ਕਰੋੜ ਰੁਪਏ ਦਾ ਪ੍ਰਾਪਤ ਹੁੰਦਾ ਰੂਰਲ ਵਿਕਾਸ ਫੰਡ ਸਿੱਧੇ ਤੌਰ ਤੇ
ਪੰਜਾਬ ਸਰਕਾਰ ਦੇ ਖਾਤੇ ਚਲਾ ਜਾਂਦਾ ਹੈ ਅਤੇ ਮਾਰਕਿਟ ਕਮੇਟੀ ਬਰਨਾਲਾ ਨੂੰ ਮਾਰਕਿਟ ਫੀਸ
ਤਹਿਤ ਸਲਾਨਾ 1 ਕਰੋੜ ਦੀ ਆਮਦਨ ਹੁੰਦੀ ਹੈ। ਜਿਸ ਵਿੱਚੋਂ ਪੰਜਾਬ ਮੰਡੀਕਰਨ ਬੋਰਡ ਨੂੰ
ਚੰਦਾ ਬੋਰਡ ਦੇ ਨਾਮ ਨਾਲ 50 ਲੱਖ ਰੁਪਏ ਦੀ ਫੀਸ ਅਤੇ 50 ਲੱਖ ਰੁਪਏ ਦੀ ਰਕਮ ਹੀ ਮਾਰੀਕਟ
ਕਮੇਟੀ ਕੋਲ ਬਕਾਇਆ ਬਚਦੀ ਹੈ ਅਤੇ ਸਬਜ਼ੀ ਮੰਡੀ ਵਿੱਚੋਂ ਪ੍ਰਾਪਤ ਹੁੰਦੀ 50 ਲੱਖ ਰੁਪਏ
ਦੀ ਫੀਸ ਵੱਖ-ਵੱਖ ਖ਼ਰਚਿਆਂ ਰਾਹੀ ਖਰਚ ਕੀਤੀ ਜਾਂਦੀ ਹੈ।
ਉਨ੍ਹਾਂ ਦੱਸਿਆ ਕਿ
ਮੁਲਾਜ਼ਮਾਂ ਦੀ ਤਨਖਾਹ ਤੇ 30 ਲੱਖ ਰੁਪਏ ਅਤੇ ਸਬਜੀ ਮੰਡੀ ਦੀ ਸਾਂਭ ਸੰਭਾਲ ਲਈ 15 ਲੱਖ
ਰੁਪਏ ਤੋਂ ਜ਼ਿਆਦਾ ਖਰਚਾ ਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਮਾਰਕਿਟ ਕਮੇਟੀ ਵੱਲੋਂ ਫੀਸ
ਨੂੰ ਇਕੱਠੀ ਕਰਨ ਲਈ ਸਬਜ਼ੀ ਮੰਡੀ ਵਿੱਚ 3 ਸੁਪਰਵਾਈਜ਼ਰ, 4 ਆਕਸ਼ਨ ਰਿਕਾਡਰ ਅਤੇ ਇੱਕ
ਸੇਵਾਦਾਰ ਲਗਾਇਆ ਹੋਇਆ ਹੈ। ਮਾਰਕਿਟ ਕਮੇਟੀ ਦਾ ਇਹ ਸੇਵਾਦਾਰ ਵੀ ਆਕਸਨ ਰਿਕਾਡਰ ਮੁਤਾਬਕ
ਲਿਖਣ ਦਾ ਹੀ ਕੰਮ ਕਰਦਾ ਹੈ। ਮਾਰਕਿਟ ਕਮੇਟੀ ਇਨ੍ਹਾਂ ਮੁਲਾਜ਼ਮਾਂ ਨੂੰ ਢਾਈ ਲੱਖ ਰੁਪਏ
ਮਹੀਨੇ ਦੇ ਹਿਸਾਬ ਨਾਲ ਸਲਾਨਾ 30 ਲੱਖ ਰੁਪਏ ਤੋਂ ਜ਼ਿਆਦਾ ਤਨਖਾਹ ਦਿੰਦੀ ਹੈ।
ਇਸ
ਤੋਂ ਇਲਾਵਾ ਮਾਰਕਿਟ ਕਮੇਟੀ ਵੱਲੋਂ ਸਲਾਨਾ ਬਿਜਲੀ ਦੇ ਬਿਲ, ਸਾਫ ਸਫ਼ਾਈ ਦੇ ਪ੍ਰਬੰਧ ਅਤੇ
ਪੀਣ ਵਾਲੇ ਪਾਣੀ ਤੇ ਖ਼ਰਚਾ ਵੀ 15 ਲੱਖ ਰੁਪਏ ਤੋਂ ਜ਼ਿਆਦਾ ਹੋ ਜਾਂਦਾ ਹੈ। ਸਬਜ਼ੀ ਮੰਡੀ
ਵਿੱਚ ਕੰਮ ਕਰਦੇ ਮੁਲਾਜ਼ਮਾਂ ਵਿੱਚੋਂ ਇੱਕ ਸੁਪਰਵਾਈਜ਼ਰ ਤੇ ਮਾਰਕਿਟ ਕਮੇਟੀ ਵਿੱਚ ਗਬਨ ਕਰਨ
ਦਾ ਕੇਸ ਵੀ ਚੱਲ ਰਿਹਾ ਹੈ। ਪਰ ਫਿਰ ਵੀ ਇਹ ਸੁਪਰਵਾਈਜ਼ਰਂ ਸਬਜੀ ਮੰਡੀ ਵਿੱਚ ਆਪਣਾ
ਸਿੱਕਾ ਚਲਾ ਰਿਹਾ ਹੈ। ਕੁਝ ਸਰਕਾਰ ਦੇ ਹੁਕਮਾਂ ਨੂੰ ਟਿੱਚ ਜਾਣਦਿਆਂ ਜਿੱਥੇ ਫਰਲੋ ਤੇ
ਰਹਿੰਦਿਆਂ ਆਪਣੇ ਵਪਾਰਕ ਅਦਾਰੇ ਚਲਾ ਰਹੇ ਹਨ ਅਤੇ ਨਾਲੋ ਨਾਲ ਮਾਰਕੀਟ ਕਮੇਟੀ ਤੋਂ 5
ਲੱਖ ਦੇ ਲੱਗਭੱਗ ਸਲਾਨਾ ਤਨਖਾਹ ਵੀ ਹੜੱਪ ਕਰ ਰਹੇ ਹਨ ਅਤੇ ਰਾਜਨੀਤਕ ਪਾਰਟੀ ਦੀ ਧੌਂਸ
ਤਹਿਤ ਮੁਲਾਜਮ ਨਾਂ ਹੋ ਕੇ ਪਾਰਟੀ ਵਰਕਰ ਬਣ ਕੇ ਲੀਡਰਾਂ ਦੇ ਪਿੱਠੂ ਬਣਕੇ ਵਿਚਰਦੇ ਦੇਖੇ
ਜਾਂਦੇ ਹਨ। ਸਬਜ਼ੀ ਮੰਡੀ ਵਿੱਚ ਕੰਮ ਕਰਦੇ ਕੁੱਝ ਵਿਅਕਤੀਆਂ ਨੇ ਦੱਸਿਆ ਕਿ ਮਾਰਕਿਟ ਕਮੇਟੀ
ਦੇ ਰਿਕਾਰਡ ਅਨੁਸਾਰ ਸਬਜ਼ੀ ਮੰਡੀ ਵਿੱਚ ਭਾਵੇਂ 8 ਮੁਲਾਜ਼ਮ ਕੰਮ ਕਰਦੇ ਹਨ, ਪਰ ਇਨ੍ਹਾਂ
ਮੁਲਾਜ਼ਮਾਂ ਦੀ ਗਿਣਤੀ ਕਦੇ ਪੂਰੀ ਨਹੀਂ ਹੁੰਦੀ।
ਸਬਜ਼ੀ ਮੰਡੀ ਵਿੱਚ ਆਉਣ ਵਾਲੇ ਲੋਕਾਂ
ਲਈ ਦੋ ਵਾਟਰ ਕੂਲਰ ਰੱਖੇ ਹੋਏ ਹਨ,ਜਿਹੜੇ ਜ਼ਿਆਦਾਤਰ ਖ਼ਰਾਬ ਹੀ ਰਹਿੰਦੇ ਹਨ ਪਰੰਤੂ
ਕਾਗਜਾਂ ਵਿੱਚ ਇਹ ਦੋਵੇਂ ਵਾਟਰ ਕੂਲਰ ਲੋਕਾਂ ਨੂੰ ਨਿੱਤ ਠੰਢਾ ਪਾਣੀ ਪਿਲਾ ਰਹੇ ਹਨ।
ਸਬਜ਼ੀ ਮੰਡੀ ਵਿੱਚ ਬਣੇ ਪਖਾਨਿਆਂ ਦੀ ਹਾਲਤ ਤਾਂ ਕਾਫੀ ਬਦਤਰ ਹੈ ਕਿਸਾਨ ਅਰਾਮ ਘਰ ਦਾ ਕੋਈ
ਨਾਮੋਨਿਸ਼ਾਨ ਨਹੀਂ।
ਮਾਰਕਿਟ ਕਮੇਟੀ ਦੇ ਨਿਯਮਾਂ ਅਨੁਸਾਰ ਮੰਡੀ ਵਿੱਚੋਂ ਫੀਸ ਇਕੱਠੀ
ਕਰਨ ਵਾਲੇ ਮੁਲਾਜ਼ਮਾਂ ਨੇ ਸਵੇਰੇ ਸਾਢੇ ਚਾਰ ਵਜੇ ਦੇ ਕਰੀਬ ਮੰਡੀ ਵਿੱਚ ਪਹੁੰਚਣਾ ਜ਼ਰੂਰੀ
ਹੁੰਦਾ ਹੈ ਅਤੇ ਮੰਡੀ ਖ਼ਤਮ ਹੋਣ ਤੱਕ ਮੰਡੀ ਵਿੱਚ ਬੋਲੀ ਵੇਲੇ ਮੌਕੇ ਤੇ ਹਰ ਆੜ੍ਹਤੀ ਦੀ
ਦੁਕਾਨ ਤੇ ਜਾ ਕੇ ਸਬਜ਼ੀ ਅਤੇ ਫਲਾਂ ਦੀ ਮਾਤਰਾ ਸਰਕਾਰੀ ਰਜਿਸਟਰ ਵਿੱਚ ਦਰਜ਼ ਕਰਨੀ ਹੁੰਦੀ
ਹੈ। ਪਰ ਕੁੱਝ ਮੁਲਾਜ਼ਮ ਸਾਰੇ ਨਿਯਮਾਂ ਨੂੰ ਛਿੱਕੇ ਟੰਗਦੇ ਹੋਏ ਸ਼ਾਹੀਠਾਠ ਅਤੇ ਕਾਫੀ ਦੇਰੀ
ਨਾਲ ਮੰਡੀ ਵਿੱਚ ਪਹੁੰਚਦੇ ਹਨ ਅਤੇ ਇੱਕ ਜਗ੍ਹਾ ਬੈਠ ਕੇ ਹੀ ਆਪਣੇ ਹਿਸਾਬ ਨਾਲ ਸਬਜ਼ੀ
ਅਤੇ ਫਲਾਂ ਦੀ ਮਾਤਰਾ ਭਰ ਲੈਂਦੇ ਹਨ।
ਕੁਝ ਆੜ੍ਹਤੀਆਂ ਨੇ ਆਪਣਾ ਨਾਂ ਗੁਪਤ ਰੱਖਦਿਆਂ
ਕਿਹਾ ਕਿ ਜਿੱਥੇ ਕਈ ਮੁਲਾਜ਼ਮ ਤਾਂ ਆਪਣੇ ਫਾਇਦੇ ਲਈ ਪਿਛਲੇ ਕਈ ਸਾਲਾਂ ਤੋਂ ਸਬਜ਼ੀ ਮੰਡੀ
ਵਿੱਚ ਹੀ ਡਿਊਟੀ ਦੇ ਰਹੇ ਹਨ ਅਤੇ ਘਰਾਂ ਨੂੰ ਜਾਂਦੇ ਜਾਂਦੇ ਆੜ੍ਰਤੀਆਂ ਤੋਂ ਮਹਿੰਗੇ
ਭਾਅ ਦੇ ਫਲਫਰੂਟ ਅਤੇ ਸਬਜੀਆਂ ਬਾਬੂਸ਼ਾਹੀ ਰੋਅਬ ਨਾਲ ਲੈ ਜਾਂਦੇ ਹਨ ਅਤੇ ਤਿਉਹਾਰਾਂ
ਸਮੇਂ ਵੀ ਵੱਡੇ ਤੋਹਫੇ ਅਤੇ ਵਗਾਰਾਂ ਲੈਦੇ ਹਨ।
ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾਂ
ਨੇ ਪ੍ਰਸ਼ਾਸਨ ਤੋਂ ਮੰਗ ਕਰਦਿਆਂ ਕਿਹਾ ਕਿ ਸਬਜ਼ੀ ਮੰਡੀ ਵਿੱਚ ਵੱਡੇ ਪੱਧਰ ਤੇ ਹੋ ਰਹੀ
ਚੋਰੀ ਨੂੰ ਰੋਕਿਆ ਜਾਵੇ ਅਤੇ ਕਮੇਟੀ ਵੱਲੋਂ ਸਰਕਾਰੀ ਨਿਯਮਾਂ ਅਨੁਸਾਰ ਮੰਡੀ ਵਿੱਚ ਲੰਮੇ
ਸਮੇਂ ਤੋਂ ਕੰਮ ਕਰਦੇ ਮੁਲਾਜ਼ਮਾਂ ਨੂੰ ਬਦਲਿਆਂ ਜਾਣਾ ਚਾਹੀਦਾ ਹੈ।
ਇਸ ਸਬੰਧੀ ਜਦੋਂ
ਪੰਜਾਬ ਮੰਡੀਕਰਨ ਬੋਰਡ ਦੇ ਚੇਅਰਮੈਨ ਅਜਮੇਰ ਸਿੱਘ ਲੱਖੋਵਾਲ ਦੇ ਧਿਆਨ 'ਚ ਇਹ ਮਾਮਲਾ
ਲਿਆਦਾਂ ਗਿਆ ਤਾਂ ਉਨਾਂ ਕਿਹਾ ਕਿ ਚੂਨਾਂ ਲਾਉਣ ਵਾਲੇ ਅਧਿਕਾਰੀਆਂ ਨੂੰ ਬਖਸ਼ਿਆ ਨਹੀਂ
ਜਾਵੇਗਾ ਅਤੇ ਜਿੱਥੇ ਘਟੀ ਮਾਰਕੀਟ ਫੀਸ ਉਨਾਂ ਦੀਆਂ ਜੇਬਾਂ 'ਚੋਂ ਵਸੂਲੀ ਜਾਵੇਗੀ ਅਤੇ
ਤੁਰੰਤ ਐਕਸ਼ਨ ਲਿਆ ਜਾਵੇਗਾ। ਇਸ ਸਬੰਧੀ ਨਾਲ ਜ਼ਿਲ੍ਹਾ ਮੰਡੀਕਰਨ ਅਫ਼ਸਰ ਰਾਮ ਸਿੰਘ ਨਾਲ
ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਸਬਜ਼ੀ ਮੰਡੀ ਵਿੱਚ ਮਾਰਕਿਟ ਫ਼ੀਸ ਦੀ ਚੋਰੀ ਨੂੰ ਰੋਕਣ
ਲਈ ਉਹ ਖੁਦ ਪੜਤਾਲ ਕਰਨਗੇ ਅਤੇ ਦੋਸ਼ੀ ਪਾਏ ਜਾਣ 'ਤੇ ਕਿਸੇ ਵੀ ਮੁਲਾਜ਼ਮ ਨੂੰ ਬਖ਼ਸ਼ਿਆ
ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਸਬਜ਼ੀ ਮੰਡੀ ਵਿੱਚ ਜਿਹੜੇ ਮੁਲਾਜ਼ਮ ਪਿਛਲੇ ਲੰਮੇ ਸਮੇਂ
ਤੋਂ ਕੰਮ ਕਰ ਰਹੇ ਹਨ, ਉਨ੍ਹਾਂ ਦੀ ਜਗ੍ਹਾ ਦੂਸਰੇ ਮੁਲਾਜ਼ਮਾਂ ਨੂੰ ਲਗਾਇਆ ਜਾਵੇਗਾ।