ਪਾਕਿ ਵੱਲੋਂ ਜੰਮੂ 'ਚ 25 ਚੌਕੀਆਂ 'ਤੇ ਗੋਲੀਬਾਰੀ
Posted on:- 24-08-2014
ਜੰਮੂ ਕਸ਼ਮੀਰ : ਪਾਕਿਸਤਾਨੀ
ਫੌਜ ਵੱਲੋਂ ਲਗਾਤਾਰ ਜੰਗਬੰਦੀ ਦੀ ਉਲੰਘਣਾ ਕਰਦਿਆਂ ਜੰਮੂ ਸੈਕਟਰ 'ਚ ਕੌਮਾਂਤਰੀ ਸਰਹੱਦ
'ਤੇ 25 ਸਰਹੱਦੀ ਚੌਕੀਆਂ ਅਤੇ 19 ਪਿੰਡਾਂ ਨੂੰ ਨਿਸ਼ਾਨਾ ਬਣਾ ਕੇ ਰਾਤ ਭਰ ਮੁੜ ਗੋਲੀਬਾਰੀ
ਕੀਤੀ, ਜਿਸ ਦਾ ਬੀਐਸਐਫ਼ ਵੱਲੋਂ ਮੋੜਵਾਂ ਜਵਾਬ ਦਿੱਤਾ ਗਿਆ। ਬੀਐਸਐਫ਼ ਦੇ ਇਕ ਅਧਿਕਾਰੀ
ਨੇ ਅੱਜ ਦੱਸਿਆ ਕਿ ਪਾਕਿਸਤਾਨ ਦੇ ਰੇਂਜਰਾਂ ਨੇ ਛੋਟੇ ਅਤੇ ਆਟੋਮੈਟਿਕ ਹਥਿਆਰਾਂ ਨਾਲ
ਗੋਲੀਆਂ ਚਲਾਈਆਂ ਅਤੇ ਕੌਮਾਂਤਰੀ ਸਰਹੱਦ 'ਤੇ 25 ਚੌਕੀਆਂ ਅਤੇ ਰਿਹਾਇਸ਼ੀ ਇਲਾਕਿਆਂ 'ਤੇ
ਮੋਰਟਰ ਬੰਬ ਸੁੱਟੇ ਗਏ।
ਉਧਰ ਜੰਮੂ ਕਸ਼ਮੀਰ 'ਚ ਫੌਜ ਅਤੇ ਦਹਿਸ਼ਤਗਰਦਾਂ ਵਿਚਾਲੇ ਅੱਜ
ਹੋਏ ਦੋ ਵੱਖ-ਵੱਖ ਮੁਕਾਬਲਿਆਂ 'ਚ ਚਾਰ ਦਹਿਸ਼ਤਗਰਦ ਮਾਰੇ ਗਏ, ਜਦਕਿ ਦੋ ਜਵਾਨ ਵੀ ਸ਼ਹੀਦ
ਹੋ ਗਏ। ਪੁਲਿਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਕੁਪਵਾੜਾ ਦੇ ਕਾਲਾਰੂਸ ਜੰਗਲ 'ਚ
ਸੁਰੱਖਿਆ ਦਸਤਿਆਂ ਅਤੇ ਦਹਿਸ਼ਤਗਰਦਾਂ ਵਿਚਾਲੇ ਜਾਰੀ ਗੋਲੀਬਾਰੀ 'ਚ 4 ਦਹਿਸ਼ਤਗਰਦ ਮਾਰੇ ਗਏ
ਹਨ। ਅਧਿਕਾਰੀ ਮੁਤਾਬਿਕ ਇਸ ਮੁਕਾਬਲੇ 'ਚ ਇਕ ਜਵਾਨ ਵੀ ਜ਼ਖ਼ਮੀ ਹੋ ਗਿਆ, ਜਿਸ ਨੇ
ਸ੍ਰੀਨਗਰ ਦੇ ਮਿਲਟਰੀ ਹਸਪਤਾਲ 'ਚ ਦਮ ਤੋੜ ਦਿੱਤਾ ਹੈ। ਉਥੇ ਹੀ ਇਕ ਹੋਰ ਮੁਕਾਬਲੇ 'ਚ
ਟੰਗਧਰ ਇਲਾਕੇ 'ਚ ਵੀ ਫੌਜ ਦਾ ਇਕ ਜਵਾਨ ਸ਼ਹੀਦ ਹੋ ਗਿਆ।
ਦੂਜੇ ਪਾਸੇ ਪਾਕਿਸਤਾਨ
ਵੱਲੋਂ ਸ਼ਨੀਵਾਰ ਰਾਤ ਨੂੰ ਹੋਈ ਜੰਗਬੰਦੀ ਦੀ ਉਲੰਘਣਾ ਕੀਤੀ ਗਈ। ਗੋਲੀਬਾਰੀ ਬੀਤੀ ਰਾਤ
8.30 ਵਜੇ ਤੋਂ ਜੰਮੂ ਜ਼ਿਲ੍ਹੇ ਦੇ ਅਰਨੀਆਂ ਅਤੇ ਆਰਐਸ ਪੁਰਾ ਉਪ ਸੈਕਟਰਾਂ 'ਚ ਕੀਤੀ ਗਈ।
ਉਨ੍ਹਾਂ
ਦੱਸਿਆ ਕਿ ਬੀਐਸਐਫ਼ ਦੇ ਜਵਾਨਾਂ ਨੇ ਵੀ ਇਸ ਗੋਲੀਬਾਰੀ ਦਾ ਕਰਾਰਾ ਜਵਾਬ ਦਿੱਤਾ ਅਤੇ ਅੱਜ
ਸਵੇਰ ਕਰੀਬ 7.30 ਵਜੇ ਤੱਕ ਕਾਰਵਾਈ ਜਾਰੀ ਸੀ। ਅਧਿਕਾਰਿਤ ਖ਼ਬਰਾਂ ਅਨੁਸਾਰ ਪਾਕਿਸਤਾਨੀ
ਸੈਨਿਕਾਂ ਨੇ ਰਾਤ ਭਰ ਕੀਤੀ ਗੋਲੀਬਾਰੀ 'ਚ 19 ਸਰਹੱਦੀ ਪਿੰਡਾਂ ਨੂੰ ਨਿਸ਼ਾਨਾ ਬਣਾਇਆ।
ਆਰਐਸ ਪੁਰਾ ਦੇ ਅਧਿਕਾਰੀ ਦਵਿੰਦਰ ਸਿੰਘ ਨੇ ਦੱਸਿਆ ਕਿ ਗੋਲੀਬਾਰੀ 'ਚ ਕੋਈ ਜਾਨੀ ਨੁਕਸਾਨ
ਨਹੀਂ ਹੋਇਆ। ਸਰਹੱਦੀ ਪਿੰਡ ਟਰੇਵਾ 'ਚ ਗੋਲੀਬਾਰੀ ਨਾਲ ਤਿੰਨ ਗਾਵਾਂ ਮਾਰੀਆਂ ਗਈਆਂ।
ਉਨ੍ਹਾਂ ਦੱਸਿਆ ਕਿ ਕੌਮਾਂਤਰੀ ਸਰਹੱਦ 'ਤੇ ਜੰਮੂ ਜ਼ਿਲ੍ਹੇ ਦੇ ਆਰਐਸ ਪੁਰਾ ਅਤੇ ਅਰਨੀਆਂ
ਇਲਾਕੇ ਦੇ 20 ਤੋਂ ਵੱਧ ਪਿੰਡਾਂ ਦੇ ਲੋਕਾਂ ਨੂੰ ਉਥੋਂ ਸੁਰੱਖਿਅਤ ਜਗ੍ਹਾ 'ਤੇ ਕੱਢ ਲਏ
ਜਾਣ ਕਾਰਨ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਹੈ।