ਕਾਂਗਰਸ ਨੇ ਵਿਨੋਦ ਰਾਏ ਦੇ ਦੋਸ਼ ਨਕਾਰੇ
Posted on:- 24-08-2014
ਨਵੀਂ ਦਿੱਲੀ : ਭਾਰਤ
ਦੇ ਸਾਬਕਾ ਕੰਪਟਰੋਲਰ ਐਂਡ ਆਡਿਟਰ ਜਨਰਲ ਮਹਾਲੇਖਾ ਪ੍ਰੀਖਿਅਕ (ਕੈਗ) ਵਿਨੋਦ ਰਾਏ ਦੀ
ਆਉਣ ਵਾਲੀ ਕਿਤਾਬ ਛਪਣ ਤੋਂ ਹੀ ਵਿਵਾਦਾਂ 'ਚ ਘਿਰ ਗਈ ਹੈ। ਇਕ ਅੰਗਰੇਜ਼ੀ ਅਖ਼ਬਾਰ ਦੀ
ਰਿਪੋਰਟ ਅਨੁਸਾਰ ਵਿਨੋਦ ਰਾਏ ਨੇ ਦਾਅਵਾ ਕੀਤਾ ਹੈ ਕਿ ਕਾਂਗਰਸ ਦੀ ਅਗਵਾਈ ਵਾਲੀ ਯੂਪੀਏ
ਸਰਕਾਰ ਦੇ ਕੁਝ ਆਗੂਆਂ ਨੇ ਉਨ੍ਹਾਂ 'ਤੇ ਕੋਲਾ ਘੁਟਾਲੇ ਅਤੇ ਰਾਸ਼ਟਰ ਮੰਡਲ ਖੇਡ ਘੁਟਾਲੇ
ਦੀ ਰਿਪੋਰਟ ਤੋਂ ਕੁਝ ਆਗੂਆਂ ਦੇ ਨਾਵਾਂ ਨੂੰ ਹਟਾਉਣ ਲਈ ਦਬਾਅ ਪਾਇਆ ਸੀ।
ਇਸ ਮਾਮਲੇ ਨੂੰ ਲੈ ਕੇ ਕਾਂਗਰਸ ਅਤੇ ਹੋਰਨਾਂ ਸਿਆਸੀ ਪਾਰਟੀਆਂ ਨੇ ਤਿੱਖੀ ਪ੍ਰਤੀਕਿਰਿਆ ਜ਼ਾਹਰ ਕੀਤੀ ਹੈ।
ਕਾਂਗਰਸ
ਨੇ ਸਾਬਕਾ ਕੰਟਰੋਲਰ ਐਂਡ ਲੇਖਾ ਪ੍ਰੀਖਿਅਕ (ਕੈਗ) ਵਿਨੋਦ ਰਾਏ ਦੇ ਉਸ ਦਾਅਵੇ ਦੀ ਸਖ਼ਤ
ਆਲੋਚਨਾ ਕੀਤੀ ਹੈ, ਜਿਸ 'ਚ ਯੂਪੀਏ ਸਾਸ਼ਨਕਾਲ ਦੌਰਾਨ ਘੁਟਾਲਿਆਂ 'ਚ ਸ਼ਾਮਲ ਲੋਕਾਂ ਦੇ ਨਾਂ
ਹਟਾਉਣ ਲਈ ਉਨ੍ਹਾਂ 'ਤੇ ਦਬਾਅ ਬਣਾਉਣ ਦੀ ਗੱਲ ਕਹੀ ਗਈ ਹੈ। ਕਾਂਗਰਸ ਨੇ ਕਿਹਾ ਹੈ ਕਿ
ਚੀਜ਼ਾਂ ਨੂੰ ਸਨਸਨੀਖੇਜ਼ ਬਣਾਉਣਾ ਵਿਨੋਦ ਰਾਏ ਦੀ ਆਦਤ ਹੈ। ਕਾਂਗਰਸੀ ਆਗੂ ਮੁਨੀਸ਼ ਤਿਵਾੜੀ
ਨੇ ਇਥੇ ਪੱਤਰਕਾਰਾਂ ਨੂੰ ਕਿਹਾ ਕਿ ਜੇਕਰ ਕਿਸੇ ਵੀ ਤਰ੍ਹਾਂ ਨਾਲ ਉਹ ਕਿਸੇ ਦਬਾਅ 'ਚ ਸਨ
ਜਾਂ ਉਨ੍ਹਾਂ ਨੂੰ ਸਿੱਧੇ ਤੌਰ 'ਤੇ ਮਜਬੂਰ ਕੀਤਾ ਜਾ ਰਿਹਾ ਸੀ ਕਿ ਕੁਝ ਲੋਕਾਂ ਦੇ ਨਾਂ
ਘੁਟਾਲਿਆਂ ਵਿਚੋਂ ਹਟਾ ਦਿੱਤੇ ਜਾਣ ਤਾਂ ਕੀ ਇਹ ਉਨ੍ਹਾਂ 'ਤੇ ਨਿਰਭਰ ਨਹੀਂ ਸੀ ਕਿ ਉਹ
ਉਸ ਸਮੇਂ ਹੀ ਉਸ ਗੱਲ ਨੂੰ ਜਨਤਕ ਕਰਦੇ। ਉਨ੍ਹਾਂ ਕਿਹਾ ਕਿ ਵਿਨੋਦ ਰਾਏ ਨੇ ਖੁਦ ਸਨਸਨੀ
ਫੈਲਾਉਣ ਵਾਲੀਆਂ ਇਨ੍ਹਾਂ ਛੋਟੀਆਂ-ਛੋਟੀਆਂ ਗੱਲਾਂ ਨੂੰ ਦਬਾਇਆ ਹੋਇਆ ਸੀ।
ਭਾਰਤੀ
ਜਨਤਾ ਪਾਰਟੀ ਅਤੇ ਆਮ ਆਦਮੀ ਪਾਰਟੀ ਨੇ ਕਿਹਾ ਹੈ ਕਿ ਵਿਨੋਦ ਰਾਏ ਨੂੰ ਉਨ੍ਹਾਂ ਆਗੂਆਂ ਦੇ
ਨਾਂ ਦੱਸਣੇ ਚਾਹੀਦੇ ਹਨ, ਜਿਨ੍ਹਾਂ ਨੇ ਕਥਿਤ ਤੌਰ 'ਤੇ ਘੁਟਾਲਿਆਂ 'ਚੋਂ ਨਾਂ ਹਟਾਉਣ ਲਈ
ਉਨ੍ਹਾਂ 'ਤੇ ਦਬਾਅ ਪਾਇਆ ਸੀ।
ਦੱਸਣਾ ਬਣਦਾ ਹੈ ਕਿ ਸਾਬਕਾ ਕੈਗ ਵਿਨੋਦ ਰਾਏ ਨੇ
ਦਾਅਵਾ ਕੀਤਾ ਹੈ ਕਿ ਯੂਪੀਏ ਦੇ ਆਗੂਆਂ ਨੇ ਕੁਝ ਆਗੂਆਂ ਨੂੰ ਇਸ ਕੰਮ 'ਤੇ ਲਗਾਇਆ ਸੀ ਕਿ
ਮੈਂ ਕੋਲਗੇਟ ਅਤੇ ਰਾਸ਼ਟਰ ਮੰਡਲ ਖੇਡ ਘੁਟਾਲਿਆਂ ਨਾਲ ਜੁੜੀ ਆਡਿਟ ਰਿਪੋਰਟ ਤੋਂ ਕੁਝ
ਨਾਵਾਂ ਨੂੰ ਹਟਾ ਦੇਵਾਂ। ਵਿਨੋਦ ਰਾਏ ਨੇ ਆਪਣੀ ਆਉਣ ਵਾਲੀ ਕਿਤਾਬ 'ਨਾਟ ਜਸਟ ਐਨ
ਅਕਾਊਂਟੈਂਟ' 'ਚ ਆਪਣੇ ਵਿਚਾਰ ਪ੍ਰਗਟ ਕੀਤੇ ਹਨ, ਜੋ ਅਗਲੇ ਮਹੀਨੇ ਜਾਰੀ ਹੋਵੇਗੀ।
ਉਨ੍ਹਾਂ ਇਹ ਦਾਅਵਾ ਵੀ ਕੀਤਾ ਹੈ ਕਿ ਉਨ੍ਹਾਂ ਦੇ ਕੈਗ ਬਣਨ ਤੋਂ ਪਹਿਲਾਂ ਆਈਏਐਸ 'ਚ
ਉਨ੍ਹਾਂ ਦੇ ਸਹਿਯੋਗੀ ਰਹੇ ਕੁਝ ਲੋਕਾਂ ਨੂੰ ਵੀ ਯੂਪੀਏ ਦੇ ਆਗੂਆਂ ਨੇ ਨਾਂ ਹਟਾਉਣ ਲਈ
ਮੈਨੂੰ ਮਨਾਉਣ ਦੀ ਅਪੀਲ ਕੀਤੀ ਸੀ।
ਸਾਬਕਾ ਕੈਗ ਵਿਨੋਦ ਰਾਏ 'ਤੇ ਨਿਸ਼ਾਨਾ ਸਾਧਦਿਆਂ
ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਤਾਰਿਕ ਅਨਵਰ ਨੇ ਕਿਹਾ ਕਿ ਜੇਕਰ ਰਾਏ ਕਿਸੇ
ਦਬਾਅ 'ਚ ਸਨ ਤਾਂ ਉਨ੍ਹਾਂ ਨੂੰ ਉਸ ਸਮੇਂ ਬੋਲਣਾ ਚਾਹੀਦਾ ਸੀ ਅਤੇ ਇਸ ਗੱਲ ਨੂੰ ਜਨਤਕ
ਕਰਨਾ ਚਾਹੀਦਾ ਸੀ। ਜਨਤਾ ਦਲ ਯੂ ਦੇ ਆਗੂ ਅਲੀ ਅਨਵਰ ਨੇ ਖੁਲਾਸੇ ਦੇ ਸਮੇਂ ਨੂੰ ਲੈ ਕੇ
ਵੀ ਸਵਾਲ ਉਠਾਇਆ ਅਤੇ ਕਿਹਾ ਕਿ ਜੇਕਰ ਰਾਏ ਨੇ ਇਨ੍ਹਾਂ ਗੱਲਾਂ ਦਾ ਖੁਲਾਸਾ ਪਹਿਲਾਂ ਕੀਤਾ
ਹੁੰਦਾ ਤਾਂ ਇਸ ਨੂੰ ਗੰਭੀਰਤਾ ਨਾਲ ਲਿਆ ਜਾਂਦਾ। ਸਪਾ ਆਗੂ ਨਰੇਸ਼ ਅਗਰਵਾਲ ਨੇ ਕਿਹਾ ਕਿ
ਰਾਏ ਭਾਜਪਾ 'ਚ ਸ਼ਾਮਲ ਹੋਣ ਦੇ ਇੱਛੁਕ ਹਨ।