ਬਲਜੀਤ ਸਿੰਘ ਦਾਦੂਵਾਲ 6 ਸਤੰਬਰ ਤੱਕ ਜੇਲ੍ਹ ਭੇਜੇ
Posted on:- 24-08-2014
ਫਰੀਦਕੋਟ : ਬੀਤੇ
ਵੀਰਵਾਰ ਦੀ ਰਾਤ ਫਰੀਦਕੋਟ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਸਿੱਖ ਪ੍ਰਚਾਰਕ ਸੰਤ
ਬਲਜੀਤ ਸਿੰਘ ਦਾਦੂਵਾਲ ਦਾ ਪੁਲਿਸ ਰਿਮਾਂਡ ਖਤਮ ਹੋਣ 'ਤੇ ਅੱਜ ਮਾਨਯੋਗ ਅਦਾਲਤ ਨੇ
ਉਨ੍ਹਾਂ ਨੂੰ 6 ਸਤੰਬਰ ਤੱਕ ਜੁਡੀਸ਼ੀਅਲ ਰਿਮਾਂਡ 'ਤੇ ਜੇਲ੍ਹ ਭੇਜ ਦਿੱਤਾ ਹੈ। ਇਸ ਸਾਰੇ
ਮਾਮਲੇ ਬਾਰੇ ਆਪਣੀ ਚੁੱਪ ਤੋੜਦੇ ਹੋਏ ਸੰਤ ਦਾਦੂਵਾਲ ਦੀ ਧਰਮ ਪਤਨੀ ਬੀਬੀ ਜਸਮੀਤ ਕੌਰ
ਦਾਦੂਵਾਲ ਨੇ ਇਸ ਸਾਰੇ ਮਾਮਲੇ ਨੂੰ ਪੰਜਾਬ ਸਰਕਾਰ ਦੀ ਬਦਲਾਖੋਰੀ ਦੀ ਭਾਵਨਾ ਨਾਲ ਕੀਤੀ
ਗਈ ਕਾਰਵਾਈ ਕਰਾਰ ਦਿੱਤਾ। ਪੁਲਿਸ 'ਤੇ ਕਾਤਲਾਨਾ ਹਮਲਾ ਕਰਨ ਅਤੇ ਨਜਾਇਜ਼ ਹਥਿਆਰ ਰੱਖਣ ਦੇ
ਮਾਮਲੇ ਵਿਚ ਫਰੀਦਕੋਟ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਸਿੱਖ ਪ੍ਰਚਾਰਕ ਸੰਤ ਬਲਜੀਤ
ਸਿੰਘ ਦਾਦੂਵਾਲ ਨੂੰ ਅੱਜ ਉਨ੍ਹਾਂ ਦਾ ਨਜਾਇਜ਼ ਅਸਲਾ ਰੱਖਣ ਦੇ ਮਾਮਲੇ ਵਿਚ ਪੁਲਿਸ ਰਿਮਾਂਡ
ਖਤਮ ਹੋਣ 'ਤੇ ਮਾਨਯੋਗ ਅਦਾਲਤ ਵੱਲੋਂ ਉਨ੍ਹਾਂ ਨੂੰ 6 ਸਤੰਬਰ ਤੱਕ ਨਿਆਂਇਕ ਹਿਰਾਸਤ ਵਿਚ
ਜੇਲ੍ਹ ਭੇਜਿਆ ਗਿਆ। ਫਰੀਦਕੋਟ ਪੁਲਿਸ ਨੇ ਸੰਤਾਂ ਦੇ ਕਿਸੇ ਵੀ ਪੈਰੋਕਾਰ ਨੂੰ ਸੰਤਾਂ
ਨਾਲ ਨਹੀਂ ਮਿਲਣ ਦਿੱਤਾ ਅਤੇ ਉਨ੍ਹਾਂ ਨੂੰ ਡਿਊਟੀ ਮੈਜਿਸਟਰੇਟ ਦੇ ਕਮਰੇ ਵਿਚ ਲੈ ਗਏ।
ਅੱਜ ਪੁਲਿਸ ਨੇ ਪੂਰੀ ਤਰ੍ਹਾਂ ਮੀਡੀਆ ਤੋਂ ਵੀ ਦੂਰੀ ਬਣਾਈ ਰੱਖੀ ਅਤੇ ਚੋਰ ਦਰਵਾਜ਼ੇ
ਰਾਹੀਂ ਸੰਤਾਂ ਨੂੰ ਪੇਸ਼ੀ ਭੁਗਤਣ ਤੋਂ ਬਾਅਦ ਕਚਹਿਰੀ ਵਿਚੋਂ ਕੱਢ ਕੇ ਲੈ ਗਏ।
ਇਸ
ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸੰਤਾਂ ਦੀ ਧਰਮ ਪਤਨੀ ਬੀਬੀ ਜਸਮੀਤ ਕੌਰ ਦਾਦੂਵਾਲ
ਨੇ ਕਿਹਾ ਕਿ ਪੰਜਾਬ ਸਰਕਾਰ ਹਰਿਆਣਾ ਗੁਰਦੁਆਰਾ ਕਮੇਟੀ ਵਿਚ ਸੰਤਾਂ ਦੀ ਮੈਂਬਰੀ ਤੋਂ ਖਫਾ
ਹੈ ਇਸੇ ਲਈ ਹੁਣ ਜੋ ਵੀ ਕਾਰਵਾਈ ਕੀਤੀ ਜਾ ਰਹੀ ਹੈ ਇਹ ਸਭ ਬਦਲਾ ਖੋਰੀ ਦੀ ਭਾਵਨਾ ਨਾਲ
ਕੀਤੀ ਜਾ ਰਹੀ ਹੈ। ਅੱਜ ਦੀ ਅਦਾਲਤੀ ਕਾਰਵਾਈ ਬਾਰੇ ਜਦ ਸੰਤ ਦਾਦੂਵਾਲ ਦੇ ਵਕੀਲ ਕੁਲਿੰਦਰ
ਸਿੰਘ ਸੇਖੋਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਫਰੀਦਕੋਟ ਪੁਲਿਸ ਨੇ ਅੱਜ
ਸੰਤਾਂ ਦੇ 10 ਦਿਨ ਦੇ ਪੁਲਿਸ ਰਿਮਾਂਡ ਦੀ ਮੰਗ ਕੀਤੀ ਸੀ ਕਿÀ ਪੁਲਿਸ ਸੰਤਾਂ ਤੋਂ ਹੋਰ
ਅਸਲਾ ਬ੍ਰਾਮਦ ਕਰਵਾਉਣ ਲਈ ਉਨ੍ਹਾਂ ਨੂੰ ਗੁਜਰਾਤ ਲਿਜਾਣਾ ਚਹਾਉਂਦੀ ਸੀ , ਪਰ ਵਕੀਲ
ਸਾਹਿਬ ਦੀਆ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ ਮਾਨਯੋਗ ਜੱਜ ਸਾਹਿਬ ਨੇ ਫਰੀਦਕੋਟ ਪੁਲਿਸ
ਦੀ ਰਿਮਾਂਡ ਵਧਾਏ ਜਾਣ ਦੀ ਅਰਜ਼ੀ ਖਾਰਜ ਕਰਦੇ ਹੋਏ ਸੰਤਾਂ ਨੂੰ 5 ਸਤੰਬਰ ਤੱਕ ਨਿਆਇਕ
ਹਿਰਾਸਤ ਵਿਚ ਭੇਜ ਦਿੱਤਾ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਯੂਨਾਈਟਿਡ ਸਿੱਖ
ਮੂਵਮੈਂਟ ਦੇ ਪ੍ਰਧਾਨ ਭਾਈ ਮੋਹਕਮ ਸਿੰਘ ਨੇ ਪੁਲਿਸ ਦੀ ਇਸ ਸਾਰੀ ਕਾਰਗੁਜਾਰੀ ਨੂੰ ਬਾਦਲ
ਸਰਕਾਰ ਦੀ ਮਾੜੀ ਰਾਜਨੀਤੀ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਆਰਐਸਐਸ
ਨੂੰ ਖੁਸ਼ ਕਰਨ ਲਈ ਸਿੱਖ ਧਰਮ ਦੇ ਪ੍ਰਚਾਰ ਨੂੰ ਰੋਕ ਰਹੇ ਹਨ ਤਾਂ ਹੀ ਸੰਤ ਦਾਦੂਵਾਲ
ਵਰਗੇ ਸਿੱਖ ਪ੍ਰਚਾਰਕਾਂ ਨੂੰ ਝੂਠੇ ਕੇਸਾਂ ਵਿਚ ਫਸਾ ਕੇ ਜੇਲ੍ਹਾਂ ਵਿਚ ਡੱਕ ਰਹੀ ਹੈ।
ਉਨ੍ਹਾਂ ਕਿਹਾ ਕਿ ਇਸ ਸਾਰੇ ਮਾਮਲੇ ਦੀ ਅਗਲੀ ਰੂਪ ਰੇਖਾ 28 ਅਗਸਤ ਨੂੰ ਹੋਣ ਵਾਲੀ ਸਿੱਖ
ਜਥੇਬੰਦੀਆਂ ਦੀ ਮੀਟਿੰਗ ਵਿਚ ਵਚਾਰਿਆ ਜਾਵੇਗਾ ਅਤੇ ਅੱਗੇ ਦੀ ਰਣਨੀਤੀ ਤੈਅ ਕੀਤੀ
ਜਾਵੇਗੀ।