ਅਫਸਪਾ ਹਟਾਉਣ ਅਤੇ ਇਰੋਮ ਸ਼ਰਮੀਲਾ ’ਤੇ ਪਾਏ ਝੂਠੇ ਕੇਸ ਨੂੰ ਰੱਦ ਕਰਵਾਉਣ ਲਈ ਅੱਗੇ ਆਓ:ਖੰਨਾ
Posted on:- 24-08-2014
ਇਨਕਲਾਬੀ ਕੇਂਦਰ ਪੰਜਾਬ ਦੇ ਜਨਰਲ ਸਕੱਤਰ ਕੰਵਲਜੀਤ ਖੰਨਾ ਤੇ ਇਨਕਲਾਬੀ ਨੌਜਵਾਨ-ਵਿਦਿਆਰਥੀ ਮੰਚ ਦੇ ਕਨਵੀਨਰ ਮਨਦੀਪ ਨੇ ਮਨੀਪੁਰੀ ਮਹਿਲਾ ਇਰੋਮ ਸ਼ਰਮੀਲਾ ਚਾਨੂ ਦੀ ਮੁੜ ਗਿ੍ਰਫਤਾਰੀ ਦੀ ਸਖਤ ਸ਼ਬਦਾਂ ‘ਚ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਮਨੀਪੁਰ ਉੱਤਰ ਭਾਰਤ ਦਾ 30 ਲੱਖ ਦੀ ਅਬਾਦੀ ਵਾਲਾ ਇਕ ਛੋਟਾ ਜਿਹਾ ਸੂਬਾ ਹੈ ਜਿੱਥੇ 11 ਸਤੰਬਰ 1958 ਨੂੰ ਭਾਰਤੀ ਸੰਸਦ ਨੇ ‘ਆਰਮਡ ਫੋਰਸਜ਼ ਸਪੈਸ਼ਲ ਪਾਵਰ ਐਕਟ’ (ਅਫਸਪਾ) ਨਾਗਾ ਲੋਕਾਂ ਉਪਰ ਜਬਰੀ ਥੋਪਿਆ ਸੀ।
ਉਸ ਵਕਤ ਪੰਡਿਤ ਜਵਾਹਰ ਲਾਲ ਨਹਿਰੂ ਨੇ ਇਸ ਜਾਬਰ ਕਾਨੂੰਨ ਨੂੰ ਛੇ ਮਹੀਨੇ ਦੇ ਅੰਦਰ ਹਟਾ ਦੇਣ ਦਾ ਭਰੋਸਾ ਦਿੱਤਾ ਸੀ ਜੋ ਅੱਜ ਤੱਕ ਵਫਾ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਅਫਸਪਾ ਇਕ ਅਜਿਹਾ ਕਾਨੂੰਨ ਹੈ ਜਿਸ ਤਹਿਤ ਫੌਜ ਨੂੰ ਕਿਸੇ ਵੀ ਘਰ ਦੀ ਬਿਨਾਂ ਵਰੰਟ ਤਲਾਸ਼ੀ ਲੈਣ, ਗਿ੍ਰਫਤਾਰ ਕਰਨ, ਸਿਰਫ ਸ਼ੱਕ ਦੇ ਅਧਾਰ ਤੇ ਅਪਰਾਧੀ ਘੋਸ਼ਿਤ ਕਰਨ ਅਤੇ ਹੱਤਿਆ ਕਰਨ ਤੱਕ ਦਾ ਅਧਿਕਾਰ ਹੈ। ਇਸ ਕਾਲੇ ਕਾਨੂੰਨ ਤਹਿਤ ਮਨੀਪੁਰ ‘ਚ ਹੁਣ ਤੱਕ 300 ਤੋਂ ਉਪਰ ਲੋਕਾਂ ਦੀ ਗੈਰ ਕਾਨੂੰਨੀ ਢੰਗ ਨਾਲ ਹੱਤਿਆ ਕੀਤੀ ਜਾ ਚੁੱਕੀ ਹੈ।
ਇਰੋਮ ਚਾਨੂ ਸ਼ਰਮੀਲਾ ਨੇ 2 ਨਵੰਬਰ 2000 ਨੂੰ ਮਨੀਪੁਰ ਦੇ ਮਲੋਮ ‘ਚ ਅਸਮ ਰਾਈਫਲਜ਼ ਵੱਲੋਂ 10 ਨਿਰਦੋਸ਼ ਲੋਕਾਂ ਦੀ ਹੱਤਿਆ ਦੀਆਂ ਤਸਵੀਰਾਂ ਵੇਖਕੇ 3 ਨਵੰਬਰ 2000 ਤੋਂ ਅਫਸਪਾ ਹਟਾਉਣ ਦੀ ਮੰਗ ਨੂੰ ਲੈ ਕੇ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਸੀ। ਸਰਕਾਰ ਵੱਲੋਂ ਇਸ ਨੂੰ ਗੈਰਕਾਨੂੰਨੀ ਘੋਸ਼ਿਤ ਕਰਕੇ ਇਰੋਮ ਉੱਤੇ ਆਤਮਦਾਹ ਦਾ ਮੁਕੱਦਮਾ ਦਰਜ ਕਰਕੇ ਉਸਨੂੰ ਲਗਾਤਾਰ 14 ਸਾਲ ਤੋਂ ਕੈਦ ਕੀਤਾ ਹੋਇਆ ਹੈ। ਅਫਸਪਾ ਜੰਮੂ-ਕਸ਼ਮੀਰ, ਨਾਗਾਲੈਂਡ, ਮਿਜੋਰਮ, ਅਸਾਮ ਆਦਿ ਸਮੇਤ ਭਾਰਤ ਦੇ ਲਗਭਗ ਇਕ ਦਰਜਨ ਸੂਬਿਆਂ ਦੇ ਲੋਕਾਂ ਉਪਰ ਥੋਪਿਆ ਹੋਇਆ ਹੈ।
ਉਨ੍ਹਾਂ ਕਿਹਾ ਕਿ ਇਹ ਸਿਰੇ ਦੀ ਗੈਰਜਮਹੂਰੀ ਤੇ ਤਾਨਾਸ਼ਾਹ ਕਾਰਵਾਈ ਹੈ ਕਿ ਜਾਬਰ ਕਾਨੂੰਨ ਲਾਗੂ ਕਰਕੇ ਅਸਹਿਮਤੀ ਦੀ ਅਵਾਜ਼ ਨੂੰ ਬੰਦ ਕੀਤਾ ਜਾ ਰਿਹਾ ਹੈ। ਭੁੱਖ ਹੜਤਾਲ ਦੇ ਜਮਹੂਰੀ ਬੁਨਿਆਦੀ ਹੱਕ ਤੱਕ ਨੂੰ ਆਤਮਦਾਹ ਕਹਿਕੇ ਕੁਚਲਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਆਉਣ ਵਾਲੇ ਦਿਨਾਂ ‘ਚ ‘ਸਰਕਾਰੀ ਤੇ ਨਿੱਜੀ ਜਾਇਦਾਦ ਨੁਕਸਾਨ ਰੋਕੂ ਬਿਲ 2014’ ਵਰਗੇ ਕਾਲੇ ਕਾਨੂੰਨ ਖਿਲਾਫ ਹੋਣ ਵਾਲੇ ਸਾਂਝੇ ਤੇ ਵਿਸ਼ਾਲ ਰੋਸ ਮੁਜਾਹਰਿਆਂ ‘ਚ ਮਨੀਪੁਰ ਸਮੇਤ ਭਾਰਤ ਦੇ ਸਭਨਾ ਸੂਬਿਆਂ ‘ਚੋਂ ਅਫਸਪਾ ਹਟਾਉਣ ਦੀ ਮੰਗ ਨੂੰ ਜੋਰਦਾਰ ਢੰਗ ਨਾਲ ਉਭਾਰਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਰੋਮ ਉਪਰ ਆਤਮਦਾਹ ਦਾ ਮਾਮਲਾ ਦਰਜ ਕਰਨ ਦੀ ਕਾਰਵਾਈ ਸੂਬਾ ਤੇ ਭਾਰਤ ਸਰਕਾਰ ਦੀ ਅਤੀ ਘਿਣਾਉਣੀ ਤੇ ਸ਼ਰਮਨਾਕ ਕਾਰਵਾਈ ਹੈ।