ਪਾਕਿਸਤਾਨ ਵੱਲੋਂ ਬੀਐਸਐਫ਼ ਦੀਆਂ 22 ਚੌਕੀਆਂ 'ਤੇ ਗੋਲਾਬਾਰੀ, 2 ਹਲਾਕ
Posted on:- 23-08-2014
ਜੰਮੂ : ਪਾਕਿਸਤਾਨੀ
ਸੈਨਿਕਾਂ ਨੇ ਅੱਜ ਜੰਮੂ ਸੈਕਟਰ ਵਿੱਚ ਕੌਮੀ ਸਰਹੱਦ 'ਤੇ 22 ਬੀਐਸਐਫ਼ ਦੀਆਂ ਚੌਕੀਆਂ ਅਤੇ
13 ਪਿੰਡਾਂ ਵਿੱਚ ਬਿਨਾਂ ਕਿਸੇ ਕਾਰਨ ਭਿਅੰਕਰ ਗੋਲਾਬਾਰੀ ਕੀਤੀ, ਜਿਸ ਵਿੱਚ ਦੋ ਨਾਗਰਿਕ
ਅਤੇ ਬੀਐਸਐਫ਼ ਦੇ ਜਵਾਨ ਸਮੇਤ 6 ਜ਼ਖ਼ਮੀ ਹੋ ਗਏ। ਅੱਧੀ ਰਾਤ ਤੋਂ ਬਾਅਦ ਪਾਕਿਸਤਾਨ ਦੇ
ਵੱਲੋਂ ਜੰਗਬੰਦੀ ਦਾ ਉਲੰਘਣ ਕਰਦੇ ਹੋਏ ਪੁੰਛ ਦੇ ਹਮੀਰਪੁਰ ਉਪ ਸੈਕਟਰ ਵਿੱਚ ਅਤੇ
ਆਰਐਸਪੁਰਾ ਅਤੇ ਅਰਨੀਆਂ ਦੀ ਪੂਰੀ ਸਰਹੱਦ ਪੱਟੀ ਨੂੰ ਨਿਸ਼ਾਨਾ ਬਣਾਇਆ ਗਿਆ। ਇਸ ਦੇ ਤੁਰੰਤ
ਬਾਅਦ ਐਮਰਜੈਂਸੀ ਤਹਿਤ ਸਰਹੱਦੀ ਪਿੰਡਾਂ ਵਿੱਚ ਰਹਿ ਰਹੇ 3 ਹਜ਼ਾਰ ਤੋਂ ਜ਼ਿਆਦਾ ਲੋਕਾਂ
ਨੂੰ ਉਥੋਂ ਹਟਾ ਕੇ ਸੁਰੱਖਿਅਤ ਥਾਵਾਂ 'ਤੇ ਭੇਜ ਦਿੱਤਾ ਗਿਆ ਹੈ।
ਬੀਐਸਐਫ਼ ਦੇ ਇੱਕ
ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਬੀਐਸਐਫ਼ ਦੇ ਜਵਾਨਾ ਨੇ ਤੁਰੰਤ ਪੁਜੀਸ਼ਨ ਲਈ ਅਤੇ ਜਵਾਬੀ
ਕਾਰਵਾਈ ਕੀਤੀ। ਅੱਜ 7 ਵਜੇ ਤੱਕ ਦੋਵਾਂ ਪਾਸਿਓਂ ਤੋਂ ਗੋਲਾਬਾਰੀ ਜਾਰੀ ਸੀ। ਅਧਿਕਾਰੀਆਂ
ਨੇ ਦੱਸਿਆ ਕਿ ਪਾਕਿ ਰੇਂਜਰਾਂ ਨੇ ਅੰਤਰਰਾਸ਼ਟਰੀ ਸਰਹੱਦ ਦੇ ਕੋਲ ਜੰਮੂ ਦੇ ਅਰਨੀਆਂ ਅਤੇ
ਆਰਐਸਪੁਰਾ ਉਪ ਸੈਕਟਰ ਵਿੱਚ ਰਾਤ ਸਾਢੇ 12 ਵਜੇ ਤੋਂ 82 ਮਿਲੀਮੀਟਰ ਦੇ ਮੋਰਟਰ ਦਾਗੇ ਅਤੇ
ਸਵੈ ਚਾਲਕ ਰਾਇਫ਼ਲਾਂ ਨਾਲ 22 ਸਰਹੱਦ ਚੌਕੀ ਅਤੇ ਰਿਹਾਇਸ਼ੀ ਇਲਾਕਿਆਂ ਨੂੰ ਨਿਸ਼ਾਨਾ
ਬਣਾਇਆ।
ਆਰਐਸ ਪੁਰਾ ਦੇ ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪਾਕਿਸਤਾਨੀ ਸੈਨਿਕਾਂ
ਵੱਲੋਂ ਦਾਗਿਆ ਗਿਆ ਇੱਕ ਮੋਰਟਰ ਜ਼ੋਰਾ ਫਾਰਮ ਵਿੱਚ ਇੱਕ ਮਕਾਨ 'ਤੇ ਡਿੱਗਿਆ, ਜਿਸ ਨਾਲ
ਛੱਤ ਢਹਿ ਗਈ ਅਤੇ ਅਕਰਮ ਤੇ ਅਸਲਮ ਹੁਸੈਨ ਦੀ ਮੌਤ ਹੋ ਗਈ। ਅਧਿਕਾਰੀ ਅਨੁਸਾਰ ਸਾਲ 2003
ਵਿੱਚ ਜੰਗਬੰਦੀ ਸਮਝੌਤੇ ਤੋਂ ਬਾਅਦ ਜੰਮੂ ਵਿੱਚ ਕੌਮੀ ਸਰਹੱਦ 'ਤੇ ਪਾਕਿ ਰੇਂਜਰਾਂ ਵੱਲੋਂ
ਉਲੰਘਣ ਕੀਤੇ ਜਾਣ ਦੀ ਇਹ ਸਾਰਿਆਂ ਤੋਂ ਵੱਡੀ ਕਾਰਵਾਈ ਹੈ।
ਪਾਕਿਸਤਾਨੀ ਸੈਨਿਕਾਂ ਨੇ
ਅੱਜ ਦੋ ਵਾਰ ਜੰਗਬੰਦੀ ਦਾ ਉਲੰਘਣ ਕੀਤਾ। ਜੰਮੂ ਕਸ਼ਮੀਰ ਦੇ ਪੁੰਛ ਜ਼ਿਲ੍ਹੇ ਵਿੱਚ ਕੰਟਰੋਲ
ਰੇਖਾ 'ਤੇ ਹਮੀਰਪੁਰ ਉਪ ਸੈਕਟਰ ਵਿੱਚ ਉਨ੍ਹਾਂ ਦੀ ਗੋਲਾਬਾਰੀ ਦਾ ਭਾਰਤੀ ਸੈਨਿਕਾਂ ਨੇ
ਵੀ ਕਰਾਰਾ ਜਵਾਬ ਦਿੱਤਾ।
ਰੱਖਿਆ ਮੰਤਰੀ ਅਰੁਣ ਜੇਤਲੀ ਨੇ ਕਿਹਾ ਕਿ ਭਾਰਤੀ ਸੈਨਾ
ਪਾਕਿਸਤਾਨ ਵੱਲੋਂ ਕੀਤੀ ਗੋਲਾਬਾਰੀ ਦਾ ਜਵਾਬ ਦੇ ਰਹੀ ਹੈ ਅਤੇ ਜੰਗਬੰਦੀ ਦੀ ਉਲੰਘਣਾ ਦਾ
ਵੀ ਕਰਾਰਾ ਜਵਾਬ ਦਿੱਤਾ ਜਾ ਰਿਹਾ ਹੈ। ਸ੍ਰੀ ਜੇਤਲੀ ਨੇ ਪਾਕਿਸਤਾਨ ਦੀ ਗੋਲਾਬਾਰੀ ਵਿੱਚ
ਮਾਰੇ ਗਏ ਨਾਗਰਿਕਾਂ ਦੀ ਘਟਨਾ ਦੀ ਵੀ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਸਾਡੀ ਸੈਨਾ
ਜੰਗਬੰਦੀ ਦਾ ਉਲੰਘਣ ਸਬੰਧੀ ਜਵਾਬ ਦੇਣ ਲਈ ਤਿਆਰ ਹੈ ਅਤੇ ਮੈਨੂੰ ਪੂਰਾ ਭਰੋਸਾ ਹੈ ਕਿ
ਸੈਨਾ ਰਾਸ਼ਟਰ ਦੇ ਹਿੱਤ ਵਿੱਚ ਸਫ਼ਲਤਾਪੂਰਵਕ ਕੰਮ ਕਰ ਰਹੀ ਹੈ।