Thu, 21 November 2024
Your Visitor Number :-   7252612
SuhisaverSuhisaver Suhisaver

ਜ਼ਿਮਨੀ ਚੋਣਾਂ ਦੇ ਨਤੀਜੇ ਤੈਅ ਕਰਨਗੇ ਪੰਜਾਬ ਦੀ ਸਿਆਸਤ ਦੀ ਦਿਸ਼ਾ ਤੇ ਦਸ਼ਾ

Posted on:- 23-08-2014

ਬਠਿੰਡਾ : ਪਟਿਆਲਾ ਤੇ ਤਲਵੰਡੀ ਸਾਬੋ ਹਲਕਿਆਂ ਦੀਆਂ ਜ਼ਿਮਨੀ ਚੋਣਾਂ ਦੇ ਆਉਣ ਵਾਲੇ ਨਤੀਜੇ ਦੋਵਾਂ ਵੱਡੀਆਂ ਪਾਰਟੀਆਂ ਦੇ ਉਮੀਦਵਾਰਾਂ ਦੀ ਕਿਸਮਤ ਤੋਂ ਇਲਾਵਾ ਇਹ ਤੈਅ ਕਰਨ ਵਿੱਚ ਵੀ ਮਹੱਤਵਪੂਰਨ ਸੰਕੇਤ ਦੇਣਗੇ, ਕਿ 2017 ਦੇ ਚੋਣ ਦੰਗਲ ਉਪਰੰਤ ਪੰਜਾਬ ਦੇ ਮੁੱਖ ਮੰਤਰੀ ਵਾਲੀ ਕੁਰਸੀ ਤੇ ਸੁਖਬੀਰ ਬਾਦਲ, ਕੈਪਟਨ ਅਮਰਿੰਦਰ ਸਿੰਘ, ਮਨਪ੍ਰੀਤ ਸਿੰਘ ਬਾਦਲ ਅਤੇ ਪ੍ਰਤਾਪ ਸਿੰਘ ਬਾਜਵਾ 'ਚੋਂ ਕਿਹੜਾ ਸੱਜਣ ਸਸ਼ੋਭਿਤ ਹੋ ਸਕਦਾ ਹੈ।  

  ਦੋਵਾਂ ਹਲਕਿਆਂ ਤੋਂ ਚੋਣਾਂ ਤਾਂ ਭਾਵੇਂ ਕਈ-ਕਈ ਉਮੀਦਵਾਰ ਲੜ ਰਹੇ ਹਨ, ਪਰ ਵੋਟਾਂ ਪੈਣ ਤੋਂ ਬਾਅਦ ਜੋ ਦੰਦਕਥਾ ਚੱਲ ਰਹੀ ਹੈ, ਉਸ ਅਨੁਸਾਰ ਪਟਿਆਲਾ ਤੋਂ ਕਾਂਗਰਸ ਦੀ ਉਮੀਦਵਾਰ ਪ੍ਰਨੀਤ ਕੌਰ ਅਤੇ ਅਕਾਲੀ ਦਲ ਦੇ ਭਗਵਾਨ ਦਾਸ ਜੁਨੇਜਾ ਦਰਮਿਆਨ ਮੁਕਾਬਲਾ ਹੈ। ਜਦਕਿ ਤਲਵੰਡੀ ਸਾਬੋ ਤੋਂ ਇੱਕ ਦੂਜੇ ਦੇ ਕੱਟੜ ਵਿਰੋਧੀ ਚਲੇ ਆ ਰਹੇ ਜੀਤ ਮੁਹਿੰਦਰ ਸਿੰਘ ਸਿੱਧੂ ਅਕਾਲੀ ਦਲ ਅਤੇ ਹਰਮੰਦਰ ਸਿੰਘ ਜੱਸੀ ਕਾਂਗਰਸ ਤਰਫੋਂ ਆਹਮੋ ਸਾਹਮਣੇ ਹਨ।
ਪਟਿਆਲਾ ਹਲਕੇ ਤੋਂ ਆਪਣੀ ਧਰਮਪਤਨੀ ਪ੍ਰਨੀਤ ਕੌਰ ਦੀ ਚੋਣ ਮੁਹਿੰਮ ਦੀ ਕਮਾਂਡ ਸਾਬਕਾ ਮੁੱਖ ਮੰਤਰੀ ਤੇ ਲੋਕ ਸਭਾ 'ਚ ਕਾਂਗਰਸ ਪਾਰਟੀ ਦੇ ਉਪ ਲੀਡਰ ਕੈਪਟਨ ਅਮਰਿੰਦਰ ਸਿੰਘ ਨੇ ਖੁਦ ਕੀਤੀ। ਦੂਜੇ ਪਾਸੇ ਤਲਵੰਡੀ ਸਾਬੋ ਤੋਂ ਹਰਮੰਦਰ ਸਿੰਘ ਜੱਸੀ ਦੇ ਚੋਣ ਪ੍ਰਚਾਰ ਦਾ ਜ਼ੁਮਾ ਜਿੱਥੇ ਸੂਬਾ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਚੁੱਕਿਆ, ਉੱਥੇ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਤੇ ਲੋਕ ਸਭਾ ਹਲਕਾ ਬਠਿੰਡਾ ਤੋਂ ਕਾਂਗਰਸ ਦੇ ਨਿਸਾਨ ਤੇ ਚੋਣ ਲੜ ਚੁੱਕ ਪੀਪਲਜ ਪਾਰਟੀ ਆਫ ਪੰਜਾਬ ਦੇ ਮੁਖੀ ਮਨਪ੍ਰੀਤ ਸਿੰਘ ਬਾਦਲ ਵੀ ਸਟਾਰ ਪ੍ਰਚਾਰਕ ਸਨ। ਚੋਣ ਅਮਲ ਦੌਰਾਨ ਹੀ ਮਨਪ੍ਰੀਤ ਨੇ ਜਨਤਕ ਤੌਰ 'ਤੇ ਇਹ ਦਾਅਵਾ ਕਰਕੇ ਕਾਂਗਰਸੀ ਹਲਕਿਆਂ 'ਚ ਡਾਢੀ ਹਿੱਲਜੁੱਲ ਪੈਦਾ ਕਰ ਦਿੱਤੀ ਸੀ, ਕਿ ਜੱਸੀ ਨੂੰ ਉਮੀਦਵਾਰ ਬਣਾਉਣ ਤੋਂ ਪਹਿਲਾਂ ਕਾਂਗਰਸ ਦੇ ਕੌਮੀ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਉਸਦੀ ਸਹਿਮਤੀ ਲਈ ਸੀ।
ਸੀਨੀਅਰ ਬਾਦਲ ਦੇ ਸਰੀਰਕ ਅਤੇ ਬੌਧਿਕ ਤੌਰ 'ਤੇ ਫਿੱਟ ਹੋਣ ਦੇ ਬਾਵਜੂਦ ਇਹ ਹਕੀਕਤ ਸਪੱਸ਼ਟ ਹੈ, ਕਿ 2017 ਦੀ ਚੋਣ ਲਈ ਮੱਖ ਮੰਤਰੀ ਦੇ ਅਹੁਦੇ ਵਾਸਤੇ ਸੁਖਬੀਰ ਸਿੰਘ ਬਾਦਲ ਹੀ ਪ੍ਰਮੁੱਖ ਦਾਅਵੇਦਾਰ ਹੋਣਗੇ, ਜਿੱਥੋਂ ਤੱਕ ਕਾਟੋ ਕਲੇਸ਼ ਦਾ ਸ਼ਿਕਾਰ ਕਾਂਗਰਸ ਪਾਰਟੀ ਦਾ ਸੁਆਲ ਹੈ, ਬਤੌਰ ਸੁਬਾਈ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਦੀ ਦਾਅਵੇਦਾਰੀ ਪ੍ਰਮੁੱਖ ਹੋਵੇਗੀ, ਪਰੰਤੂ ਇੱਕ ਵਾਰ ਪੂਰੀ ਤਰ੍ਹਾਂ ਹਾਸ਼ੀਏ 'ਤੇ ਕੀਤੇ ਕੈਪਟਨ ਅਮਰਿੰਦਰ ਸਿੰਘ ਦੀ ਗੁਰੂ ਕੀ ਨਗਰੀ ਸ੍ਰੀ ਅਮ੍ਰਿਤਸਰ ਤੋਂ ਭਾਜਪਾ ਦੇ ਬਹੁਤ ਹੀ ਉੱਚੇ ਕੱਦ ਵਾਲੇ ਅਰੁਣ ਜੇਤਲੀ ਨੂੰ ਚਿੱਤ ਕਰਦਿਆਂ ਜੋ ਮੁਕਾਮ ਹਾਸਲ ਕੀਤੈ, ਉਸ ਨੂੰ ਨਜ਼ਰਅੰਦਾਜ਼ ਕਰਕੇ ਕੋਈ ਫੈਸਲਾ ਲੈਣਾ ਹਾਈਕਮਾਂਡ ਲਈ ਖਾਲਾ ਜੀ ਦਾ ਵਾੜਾ ਨਹੀਂ ਹੋਵੇਗਾ। ਸਿਆਸੀ ਵਿਸਲੇਸ਼ਕਾਂ ਦੀ ਸਮਝ ਹੈ ਕਿ ਉਦੋਂ ਤੱਕ ਕਾਂਗਰਸ ਪਾਰਟੀ ਵਿੱਚ ਬਕਾਇਦਾ ਸ਼ਾਮਲ ਹੋ ਕੇ ਮਨਪ੍ਰੀਤ ਬਾਦਲ ਜਿਨ੍ਹਾਂ ਦੀ ਰਾਹੁਲ ਗਾਂਧੀ ਨਾਲ ਨੇੜਤਾ ਜੱਗ ਜਾਹਰ ਹੈ, ਦੀ ਅੱਖ ਵੀ ਵੱਡੀ ਕੁਰਸੀ ਤੇ ਹੋਵੇਗੀ।
ਹੁਣ ਲਓ, ਆਉਣ ਵਾਲੇ ਚੋਣ ਨਤੀਜਿਆਂ ਦੇ ਅਸਰ ਨੂੰ, ਅਗਰ ਦੋਵਾਂ ਹੀ ਥਾਵਾਂ ਤੋਂ ਅਕਾਲੀ ਦਲ ਦੇ ਉਮੀਦਵਾਰ ਜਿੱਤ ਪ੍ਰਾਪਤ ਕਰਦੇ ਹਨ ਤਾਂ ਸਥਾਪਤੀ ਵਿਰੋਧ ਦਾ ਸਾਹਮਣਾ ਕਰ ਰਹੇ ਅਕਾਲੀ ਦਲ ਦੇ ਪ੍ਰਧਾਨ ਜੂਨੀਅਰ ਬਾਦਲ ਦਾ ਮੁੱਖ ਮੰਤਰੀ ਦੇ ਅਹੁਦੇ ਲਈ ਰਾਹ ਸੁਖਾਲਾ ਹੋ ਜਾਵੇਗਾ। ਜੇਕਰ ਕਾਂਗਰਸ ਪਾਰਟੀ ਦੀ ਦੋਵਾਂ ਹੀ ਥਾਵਾਂ ਤੋਂ ਜਿੱਤ ਨਸੀਬ ਹੁੰਦੀ ਹੈ ਤਾਂ ਧੜਿਆਂ ਵਿੱਚ ਵੰਡੀ ਇਸ ਪਾਰਟੀ ਦੇ ਕੁੱਕੜਾਂ ਨੂੰ ਖੇਹ ਉਡਾਉਣ ਤੋਂ ਰੋਕਣਾ ਹਾਈਕਮਾਂਡ ਦੇ ਵੱਸ ਦੀ ਗੱਲ ਨਹੀਂ ਹੋਵੇਗੀ।
ਜੇਕਰ ਪਟਿਆਲਾ ਤੋਂ ਪ੍ਰਨੀਤ ਕੌਰ ਨੂੰ ਸਫਲਤਾ ਮਿਲਦੀ ਹੈ ਤਾਂ ਨਿਸਚੈ ਹੀ ਰਾਜ ਅਤੇ ਕੌਮੀ ਸਿਆਸਤ ਵਿੱਚ ਨਿਊ ਮੋਤੀ ਮਹਿਲ ਦੇ ਮੌਜੂਦਾ ਮੁਖੀ ਕੈਪਟਨ ਅਮਰਿੰਦਰ ਸਿੰਘ ਦੇ ਸਿਤਾਰੇ ਬੁਲੰਦ ਹੋਣਗੇ। ਤਲਵੰਡੀ ਸਾਬੋ ਤੋਂ ਜੱਸੀ ਦੇ ਜਿੱਤਣ ਉਪਰੰਤ ਕੈਪਟਨ ਦੇ ਮੁਕਾਬਲੇ ਪ੍ਰਤਾਪ ਸਿੰਘ ਬਾਜਵਾ ਅਤੇ ਮਨਪ੍ਰੀਤ ਬਾਦਲ ਮੁੱਖ ਮੰਤਰੀ ਦੀ ਸੀਟ ਲਈ ਇੱਕ ਦੂਜੇ ਦੀਆਂ ਟੰਗਾਂ ਖਿੱਚਣਗੇ। ਜੇਕਰ ਅਕਾਲੀ ਦਲ ਦੇ ਜੀਤ ਮੁਹਿੰਦਰ ਸਿੰਘ ਸਿੱਧੂ ਜਿੱਤ ਪ੍ਰਾਪਤ ਕਰਦੇ ਹਨ ਤਾਂ ਬਾਜਵਾ ਅਤੇ ਮਨਪ੍ਰੀਤ ਨਾਲੋਂ ਕੈਪਟਨ ਦੇ ਕੱਦ ਕਾਠ ਵਿੱਚ ਹੋਰ ਵੀ ਵਾਧਾ ਹੋ ਜਾਵੇਗਾ। ਜਿੱਤ ਦਾ ਫ਼ਰਕ 2014 ਦੀਆਂ ਲੋਕ ਸਭਾ ਚੋਣਾਂ ਦੀ ਤੁਲਨਾ ਵਿੱਚ ਜੇ ਵਧਦਾ ਹੈ ਤਾਂ ਇਹਨਾਂ ਦੋਵਾਂ ਆਗੂਆਂ ਦਾ ਆਪਣੇ ਸਿਆਸੀ ਵਿਰੋਧੀ ਕੈਪਟਨ ਦੇ ਸਾਹਮਣੇ ਟਿਕਣਾ ਮੁਸਕਿਲ ਹੋਵੇਗਾ। ਅਗਰ ਘਟ ਜਾਂਦਾ ਹੈ ਤਾਂ ਇਹ ਦੋਵਾਂ ਦੀ ਪ੍ਰਾਪਤੀ ਹੋਵੇਗੀ।
ਜਿੱਤ ਜਾਂ ਹਾਰ ਦੀ ਸੂਰਤ ਵਿੱਚ ਜਾਤੀ ਤੌਰ ਤੇ ਪ੍ਰਨੀਤ ਕੌਰ ਨੂੰ ਕੋਈ ਬਹੁਤਾ ਨਫ਼ਾ ਨੁਕਸਾਨ ਨਹੀਂ ਹੋਣਾ, ਪਰੰਤੂ ਜੀਤ ਮੁਹਿੰਦਰ ਅਤੇ ਜੱਸੀ ਜੋ ਜਿਹੜਾ ਵੀ ਹਾਰਿਆ, ਸਿਆਸਤ ਦੇ ਖੇਤਰ ਵਿੱਚ ਉਸ ਲਈ ਬਨਵਾਸ ਤਹਿ ਹੈ। ਇਸ ਸੰਦਰਭ 'ਚ ਮੌਜੂਦਾ ਜਿਮਨੀ ਚੋਣਾਂ ਸਧਾਰਨ ਨਾ ਹੋ ਕੇ ਪੰਜਾਬ ਦੀ ਭਵਿੱਖ ਦੀ ਰਾਜਨੀਤੀ ਦੀ ਦਿਸ਼ਾ ਅਤੇ ਦਸ਼ਾ ਤਹਿ ਕਰਨ ਵਿੱਚ ਬਹੁਤ ਜ਼ਿਆਦਾ ਅਹਿਮ ਹੋਣਗੀਆਂ।

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ