ਜ਼ਿਮਨੀ ਚੋਣਾਂ : ਪਟਿਆਲਾ 'ਚ 60 ਤੇ ਤਲਵੰਡੀ ਸਾਬੋ 'ਚ 82.34 ਫੀਸਦੀ ਵੋਟਾਂ ਪਈਆਂ
Posted on:- 21-8-2014
ਚੰਡੀਗੜ੍ਹ, ਪਟਿਆਲਾ, ਤਲਵੰਡੀ ਸਾਬੋ : ਅੱਜ
ਸੂਬੇ ਦੇ ਦੋ ਵਿਧਾਨ ਸਭਾ ਹਲਕਿਆਂ 'ਚ ਹੋਈਆਂ ਜ਼ਿਮਨੀ ਚੋਣਾਂ 'ਚ ਵੋਟਰਾਂ ਨੇ ਸਖ਼ਤ ਗਰਮੀ
ਹੋਣ ਦੇ ਬਾਵਜੂਦ ਖੁੱਲ ਕੇ ਆਪਣੀ ਵੋਟ ਦੇ ਅਧਿਕਾਰ ਦਾ ਇਸਤੇਮਾਲ ਕੀਤਾ। ਪੰਜਾਬ ਦੇ ਮੁੱਖ
ਚੋਣ ਅਧਿਕਾਰੀ ਵੀ.ਕੇ. ਸਿੰਘ ਨੇ ਦੱਸਿਆ ਕਿ ਅੱਜ ਪਟਿਆਲਾ ਤੇ ਤਲਵੰਡੀ ਸਾਬੋ ਵਿਧਾਨ ਸਭਾ
ਹਲਕਿਆਂ ਲਈ ਹੋਈ ਜ਼ਿਮਨੀ ਚੋਣ ਮੌਕੇ ਔਸਤ 71.17 ਫੀਸਦੀ ਵੋਟਾਂ ਪਈਆਂ। ਉਨ੍ਹਾਂ ਦੱਸਿਆ
ਕਿ ਚੋਣਾਂ ਦਾ ਅਮਲ ਅਮਨ-ਅਮਾਨ ਤੇ ਸ਼ਾਂਤੀਪੂਰਵਕ ਨੇਪਰੇ ਚੜ੍ਹਿਆ। ਉਨ੍ਹਾਂ ਕਿਹਾ ਕਿ
ਦੋਵਾਂ ਵਿਧਾਨ ਸਭਾ ਹਲਕਿਆਂ ਤੋਂ ਕੋਈ ਅਣਸੁਖਾਵੀਂ ਘਟਨਾ ਵਾਪਰਨ ਦੀ ਰਿਪੋਰਟ ਨਹੀਂ ਆਈ।
ਮੁੱਖ
ਚੋਣ ਅਧਿਕਾਰੀ ਨੇ ਵੋਟ ਫੀਸਦੀ ਬਾਰੇ ਵਿਸਥਾਰ 'ਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਤਲਵੰਡੀ
ਸਾਬੋ ਵਿਖੇ 82.34 ਫੀਸਦੀ ਵੋਟਾਂ ਤੇ ਪਟਿਆਲਾ ਵਿਖੇ 60 ਫੀਸਦੀ ਵੋਟਾਂ ਪਈਆਂ। ਸ੍ਰੀ
ਵੀ.ਕੇ. ਸਿੰਘ ਨੇ ਕਿਹਾ ਕਿ ਦੋਵੇਂ ਵਿਧਾਨ ਸਭਾ ਹਲਕਿਆਂ ਦੀਆਂ ਵੋਟਾਂ ਦੀ ਗਿਣਤੀ 25
ਅਗਸਤ 2014 ਨੂੰ ਹੋਵੇਗੀ ਤੇ ਉਸੇ ਦਿਨ ਹੀ ਨਤੀਜੇ ਐਲਾਨ ਦਿੱਤੇ ਜਾਣਗੇ।
ਮੁੱਖ ਚੋਣ
ਅਧਿਕਾਰੀ ਨੇ ਅਗਾਂਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੋਵੇਂ ਵਿਧਾਨ ਸਭਾ ਹਲਕਿਆਂ ਦੀ
ਜ਼ਿਮਨੀ ਚੋਣ ਲਈ ਸਬੰਧਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਕਰੜੇ ਪ੍ਰਬੰਧ ਕੀਤੇ ਹੋਏ
ਸਨ। ਸੰਵੇਦਨਸ਼ੀਲ ਬੂਥਾਂ 'ਤੇ ਵੱਡੀ ਗਿਣਤੀ 'ਚ ਪੁਲਿਸ ਕਰਮੀ ਤਾਇਨਾਤ ਕੀਤੇ ਗਏ ਸਨ।
ਉਨ੍ਹਾਂ ਅਮਨ-ਅਮਾਨ ਨਾਲ ਵੋਟਾਂ ਦਾ ਅਮਲ ਨੇਪਰੇ ਚੜ੍ਹਨ 'ਤੇ ਸਮੂਹ ਰਾਜਸੀ ਪਾਰਟੀਆਂ,
ਪੋਲਿੰਗ ਸਟਾਫ, ਪੁਲਿਸ ਕਰਮੀਆਂ ਦਾ ਧੰਨਵਾਦ ਕਰਦਿਆਂ ਦੋਵੇਂ ਹਲਕਿਆਂ ਦੇ ਵੋਟਰਾਂ ਨੂੰ ਇਸ
ਲਈ ਵਧਾਈ ਵੀ ਦਿੱਤੀ।
ਦੂਜੇ ਪਾਸੇ ਪਟਿਆਲਾ ਤੋਂ ਮਿਲੀ ਰਿਪੋਰਟ ਅਨੁਸਾਰ ਜ਼ਿਮਨੀ ਚੋਣ
ਮਾਮੂਲੀ ਤਕਰਾਰਾਂ ਅਤੇ ਹੁਲੜਬਾਜੀ ਨੂੰ ਛੱਡ ਕੇ ਅਮਨ ਅਮਾਨ ਨਾਲ ਸੰਪਨ ਹੋ ਗਈ। ਸਵੇਰੇ
ਤੜਕਸਾਰ 7 ਵਜੇ ਵੋਟਾਂ ਪਾਉਣ ਦਾ ਕੰਮ ਸੁਰੂ ਹੋ ਚੁੱਕਾ ਸੀ। ਸੇਵੇਰ ਵੋਟਰਾਂ ਵਿਚ ਵੋਟਾਂ
ਪਾਉਣ ਦਾ ਭਾਰੀ ਉਤਸ਼ਾਹ ਵੇਖਿਆ ਜਾ ਰਿਹਾ ਸੀ। ਜਾਣਕਾਰੀ ਮੁਤਾਬਕ ਸਵੇਰੇ 10 ਵਜੇ ਲਗਭਗ 10
ਫੀਸਦੀ ਪੋਲਿੰਗ ਹੋਈ, 11 ਵਜੇ 19 ਫੀਸਦੀ, 12 ਵਜੇ 28 ਫੀਸਦੀ, 1 ਵਜੇ 39 ਫੀਸਦੀ,
2.30 ਵਜੇ 45 ਫੀਸਦੀ, 3 ਵਜੇ 50 ਫੀਸਦੀ, 4 ਵਜੇ 55 ਫੀਸਦੀ, 5 ਵਜੇ 58 ਫੀਸਦੀ ਅਤੇ
ਵੋਟਾਂ ਪੈਣ ਦੇ ਆਖਰੀ ਸਮੇਂ 6 ਵਜੇ ਤੱਕ 60 ਫੀਸਦੀ ਫੀਸਦੀ ਵੋਟਿੰਗ ਹੋ ਕੇ ਚੋਣਾ
ਅਮਨ-ਅਮਾਨ ਨਾਲ ਸੰਪਨ ਹੋ ਗਈਆਂ।
ਭਾਂਵੇਂ ਕਿ ਪਟਿਆਲਾ ਸ਼ਹਿਰ ਦੇ ਕਈ ਹਿੱਸਿਆ ਜਿਵੇਂ
ਤੇਜਬਾਗ ਕਲੌਨੀ ਬੂਥ, ਅਨਾਰਦਾਨਾ ਚੌਂਕ ਦੇ 32 ਨੰਬਰ ਸਕੂਲ ਬੂਥ, ਸਰਕਾਰੀ ਕਾਲਜ ਲੜਕੀਆਂ
ਬੂਥ, ਘਾਸ ਮੰਡੀ ਸਕੂਲ ਦੇ ਬੂਥ ਤੇ, ਮਥੁਰਾ ਕਲੌਨੀ ਵਿਖੇ ਸਥਿਤ ਬੂਥ ਤੇ, ਬੁਢਾ ਦਲ ਸਕੂਲ
ਵਿਖੇ ਸਥਿਤ ਬੂਥ ਸਮੇਤ ਕੁਝ ਹੋਰ ਬੂਥਾਂ ਤੇ ਮਾਮੂਲੀ ਤਕਰਾਰ ਵੇਖਣ ਨੂੰ ਮਿਲਿਆ, ਪਰ
ਕੋਈ ਵੀ ਅਣਸੁਖਾਵੀਂ ਘਟਨਾ ਦੀ ਖਬਰ ਨਹੀਂ ਹੈ। ਇਨ੍ਹਾਂ ਬੂਥਾਂ ਤੇ ਵਖਿਆ ਗਿਆ ਕਿ ਅਕਾਲੀ
ਦਲ ਨਾਲ ਸਬੰਧਿਤ ਕੁਝ ਆਗੂਆਂ ਵੱਲੋਂ ਬਾਹਰਲੇ ਵਿਅਕਤੀ ਲਿਆ ਕੇ ਹੁਲੜਬਾਜੀ ਕਰਨ ਦੀ ਕੋਸ਼ਿਸ
ਕੀਤੀ ਗਈ, ਪਰ ਪੈਰਾ-ਮਿਲਟਰੀ ਫੋਰਸ ਤਾਇਨਾਤ ਹੋਣ ਕਾਰਨ ਅਜਿਹਾ ਸੰਭਵ ਨਹੀਂ ਹੋ ਸਕਿਆ।
ਸੂਤਰਾਂ ਦਾ ਕਹਿਣਾ ਹੈ ਕਿ ਇਹ ਹੁਲੜਬਾਜੀ ਜਾਅਲੀ ਵੋਟਾਂ ਪਾਉਣ ਦੇ ਮਕਸਦ ਨਾਲ ਕੀਤੀ ਗਈ,
ਪਰ ਕਾਮਯਾਬੀ ਨਹੀਂ ਮਿਲੀ।
ਸਾਬਕਾ ਮੁੱਖ ਮੰਤਰੀ ਪੰਜਾਬ ਅਤੇ ਸਾਂਸਦ ਕੈਪਟਨ
ਅਮਰਿੰਦਰ ਸਿੰਘ ਅਤੇ ਕਾਂਗਰਸ ਦੀ ਉਮੀਦਵਾਰ ਪ੍ਰਨੀਤ ਕੌਰ ਨੇ ਹਰ ਵਾਰ ਦੀ ਤਰਾਂ ਇਸ ਵਾਰ
ਵੀ ਵਾਈਪੀਐਸ ਦੇਬੂਥ ਤੇ ਆਪਦੀ ਵੋਟ ਦਾ ਇਸਤੇਮਾਲ ਕੀਤਾ। ਜਦਕਿ ਆਪ ਦੇ ਸਾਂਸਦ ਡਾ ਧਰਮਵੀਰ
ਗਾਂਧੀ ਨੇ ਵੀ ਪ੍ਰਵਾਰ ਸਮੇਤ ਇਸੇ ਬੂਥ ਤੇ ਵੋਟ ਦਾ ਇਸਤੇਮਾਲ ਕੀਤਾ। ਇਸੇ ਤਰਾਂ ਅਕਾਲੀ
ਦਲ- ਭਾਜਪਾ ਗਠਜੋੜ ਦੇ ਉਮੀਦਵਾਰ ਸ੍ਰੀ ਭਗਵਾਨਦਾਸ ਜੁਨੇਜਾ ਨੇ ਆਪਣੇ ਸਪੁੱਤਰ ਯੂਥ
ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਖਜਾਨਚੀ ਹਰਪਾਲ ਜੁਨੇਜਾ ਅਤੇ ਸ੍ਰੀ ਗੁਰਪਾਲ ਜੁਨੇਜਾ
ਸਮੇਤ ਪੂਰੇ ਪਰਿਵਾਰ ਨੂੰ ਨਾਲ ਲੈ ਕੇ ਵਾਈ.ਪੀ.ਐਸ. ਸਕੂਲ ਵਿਖੇ ਆਪਣੀ ਵੋਟ ਦੇ ਅਧਿਕਾਰ
ਦੀ ਵਰਤੋਂ ਕੀਤੀ। ਜੁਨੇਜਾ ਨੇ ਕਿਹਾ ਕਿ ਇਸ ਵਾਰ ਉਨ੍ਹਾਂ ਦੀ ਜਿੱਤ ਯਕੀਨੀ ਹੈ, ਕਿਉਂਕਿ
ਲੋਕਾਂ ਵੱਲੋਂ ਪ੍ਰਚਾਰ ਦੇ ਦੌਰਾਨ ਜਿਹੜਾ ਹੁੰਗਾਰਾ ਮਿਲਿਆ ਅਤੇ ਜੋ ਅੱਜ ਵੋਟਰਾਂ ਦਾ
ਰੁਝਾਨ ਦਿਖ ਰਿਹਾ ਹੈ, ਉਸ ਤੋਂ ਸਾਫ ਹੈ ਇਸ ਵਾਰ ਲੋਕ ਆਪਣੀ ਵੋਟ ਦੇ ਅਧਿਕਾਰ ਦਾ
ਇਸਤੇਮਾਲ ਕਰਕੇ ਮਹਿਲਾਂ ਵਾਲਿਆਂ ਨੂੰ ਲੋਕਤੰਤਰ ਦੀ ਤਾਕਤ ਦਾ ਅਹਿਸਾਸ ਕਰਵਾਉਣਗੇ।
ਬਠਿੰਡਾ
ਤੋਂ ਪ੍ਰਾਪਤ ਹੋਈ ਰਿਪੋਰਟ ਅਨੁਸਾਰ ਹਲਕਾ ਤਲਵੰਡੀ ਸਾਬੋ ਦੀ ਜ਼ਿਮਨੀ ਚੋਣ ਲਈ ਅੱਜ ਹੋਈਆਂ
ਧਾਂਦਲੀਆਂ ਤੇ ਹਿੰਸਕ ਘਟਨਾਵਾਂ ਨੇ ਬਿਹਾਰ ਵਰਗੇ ਸੂਬਿਆਂ ਦੀਆਂ ਉਹ ਘਟਨਾਵਾਂ ਮੁੜ ਚੇਤੇ
ਕਰਵਾ ਦਿੱਤੀਆਂ, ਜਿਨ੍ਹਾਂ ਨੂੰ ਸੁਣ ਪੜ੍ਹ ਕੇ ਪੰਜਾਬੀ ਸ਼ਰਮਸਾਰ ਹੋ ਜਾਇਆ ਕਰਦੇ ਸਨ।
ਰਾਮਾ ਮੰਡੀ ਵਿਖੇ ਗੋਲੀ ਚੱਲਣ ਤੋਂ ਇਲਾਵਾ ਤਲਵੰਡੀ ਸਾਬੋ 'ਚ ਕਾਂਗਰਸੀ ਵਰਕਰਾਂ ਤੇ
ਆਗੂਆਂ ਨੂੰ ਪੁਲਿਸ ਲਾਠੀਚਾਰਜ ਦਾ ਵੀ ਸਾਹਮਣਾ ਕਰਨਾ ਪਿਆ।
ਚੋਣ ਧਾਂਦਲੀਆਂ ਦੀਆਂ
ਸੂਚਨਾਵਾਂ ਮਿਲਣ ਤੇ ਕਾਂਗਰਸੀ ਉਮੀਦਵਾਰ ਹਰਮੰਦਰ ਸਿੰਘ ਜੱਸੀ ਤੇ ਆਮ ਆਦਮੀ ਪਾਰਟੀ ਦੀ
ਪ੍ਰੋ. ਬਲਜਿੰਦਰ ਕੌਰ ਸਮੇਤ ਉਹਨਾਂ ਦੇ ਚੋਣ ਏਜੰਟ ਇੱਕ ਤੋਂ ਦੂਜੇ ਪੋਲਿੰਗ ਬੂਥ ਤੱਕ
ਸਮੁੱਚੇ ਇਲਾਕੇ ਵਿੱਚ ਭੱਜ ਦੌੜ ਕਰਦੇ ਦੇਖੇ ਗਏ। ਮੀਡੀਆ ਪ੍ਰਤੀਨਿਧਾਂ ਸਾਹਮਣੇ ਉਹ ਹਰ
ਥਾਂ ਇੱਕੋ ਹੀ ਦੋਸ ਦੁਹਰਾ ਰਹੇ ਸਨ, ਕਿ ਅਕਾਲੀਆਂ ਵੱਲੋਂ ਚੋਣ ਨਤੀਜੇ ਹਥਿਆਉਣ ਦੀਆਂ
ਸਿਕਾਇਤਾਂ ਵੱਲ ਚੋਣ ਅਮਲੇ ਅਤੇ ਪੁਲਿਸ ਦੇ ਸੀਨੀਅਰ ਅਧਿਕਾਰੀ ਕੋਈ ਤਵੱਜੋਂ ਨਹੀ ਦੇ ਰਹੇ।
ਅਜਿਹੀ
ਹੀ ਭੱਜ ਦੌਰ ਦੌਰਾਨ ਮਾਰਕੀਟ ਕਮੇਟੀ ਰਾਮਾ ਮੰਡੀ ਦੇ ਦਫ਼ਤਰ ਵਿਚਲੇ ਪੋਲਿੰਗ ਬੂਥਾਂ ਦੀ
ਨਰੀਖਿਆ ਲਈ ਜਦ ਸ੍ਰੀ ਜੱਸੀ ਖੁਦ ਅੰਦਰ ਚਲੇ ਗਏ ਤਾਂ ਉਹਨਾਂ ਦੇ ਕਾਫ਼ਲੇ ਨਾਲ ਸਬੰਧਤ ਕੁਝ
ਨੌਜਵਾਨ ਬਾਹਰ ਸੜਕ ਤੇ ਖੜੇ ਸਨ, ਇਸੇ ਹੀ ਸਮੇਂ ਅਕਾਲੀ ਉਮੀਦਵਾਰ ਸ੍ਰੀ ਜੀਤ ਮੁਹਿੰਦਰ
ਸਿੰਘ ਸਿੱਧੂ ਦਾ ਕਾਫ਼ਲਾ ਮੌਕੇ ਤੇ ਆ ਗਿਆ। ਉਸ ਵਿਚਲੇ ਕੁਝ ਨੌਜਵਾਨਾਂ ਨੇ ਬਾਹਰ ਲੜਕੇ
ਦੇਖ ਕੇ ਉਹਨਾਂ ਨਾਲ ਉਲਝਣਾ ਸੁਰੂ ਕਰ ਦਿੱਤਾ। ਗੱਲ ਜਦ ਮਾਰ ਕੁਟਾਈ ਤੱਕ ਪੁੱਜ ਗਈ ਤਾਂ
ਨੀਮ ਸੁਰੱਖਿਆ ਬਲਾਂ ਦੇ ਕਰਮਚਾਰੀ ਉਹਨਾਂ ਤੇ ਟੁੱਟ ਪਏ। ਝੜਪਾਂ ਦੌਰਾਨ ਜਿਵੇਂ ਹੀ ਸਿੱਧੂ
ਸਮਰਥਕਾਂ ਦੀਆਂ ਗੱਡੀਆਂ ਦੀ ਭੰਨਤੋੜ ਹੋਣ ਲੱਗ ਪਈ ਤਾਂ ਇਸੇ ਦੌਰਾਨ ਕੁਝ ਗੋਲੀਆਂ ਚੱਲਣ
ਦੀ ਅਵਾਜ ਨਾਲ ਉਹ ਕਾਫ਼ਲਾ ਅਗਲੀ ਮੰਜਿਲ ਨੂੰ ਤੁਰ ਪਿਆ।
ਘਟਨਾ ਦੀ ਇਤਲਾਹ ਮਿਲਦਿਆਂ ਹੀ
ਭਾਰੀ ਪੁਲਿਸ ਫੋਰਸ ਨਾਲ ਜਿਲਾ ਪੁਲਿਸ ਮੁਖੀ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਮੌਕੇ ਤੇ
ਪੁੱਜ ਗਏ, ਜਿਹਨਾਂ ਦੀ ਹਦਾਇਤ ਤੇ ਪੁਲਿਸ ਨੇ ਜਦ ਬਾਹਰਲੇ ਨੌਜਵਾਨਾਂ ਦੀ ਫੜੋ ਫੜੀ ਸੁਰੂ
ਕਰ ਦਿੱਤੀ, ਤਾਂ ਸ੍ਰੀ ਜੱਸੀ ਇਹ ਕਹਿੰਦਿਆਂ ਉਹਨਾਂ ਨਾਲ ਬਹਿਸਣ ਲੱਗ ਪਏ ਕਿ ਪੁਲਿਸ
ਹਮਲਾਵਰਾਂ ਦੀ ਮੱਦਦ ਅਤੇ ਉਹਨਾਂ ਦੇ ਸਮਰਥਕਾਂ ਨਾਲ ਜਿਆਦਤੀ ਕਰ ਰਹੀ ਹੈ। ਹਾਲਾਤ ਨੂੰ
ਕਾਬੂ ਕਰਨ ਲਈ ਸਹਿਯੋਗ ਦੇਣ ਦੀ ਅਪੀਲ ਤੇ ਸ੍ਰੀ ਜੱਸੀ ਕੁਝ ਸਾਂਤ ਹੋ ਗਏ ਤੇ ਫੜੇ ਹੋਏ
ਲੜਕਿਆਂ ਨੂੰ ਪੁਲਿਸ ਨੇ ਛੱਡ ਦਿੱਤਾ।
ਬਾਅਦ ਵਿੱਚ ਜਦ ਪੁਲਿਸ ਨੇ ਫਲੈਗ ਮਾਰਚ ਕੀਤਾ
ਤਾਂ ਸ੍ਰੀ ਸਿੱਧੂ ਦੇ ਸਮਰਥਕਾਂ ਨੇ ਉਹਨਾਂ ਦੀ ਜਿੱਤ ਦਾ ਦਾਅਵਾ ਕਰਦਿਆਂ ਜੈਕਾਰੇ ਤੇ
ਨਾਅਰੇ ਲਾਉਣੇ ਸੁਰੂ ਕਰ ਦਿੱਤੇ। ਸਥਿਤੀ ਵਿਗੜਦੀ ਦੇਖ ਕੇ ਪੁਲਿਸ ਨੇ ਉਹਨਾਂ ਨੂੰ ਖਿੰਡਾ
ਦਿੱਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਜੱਸੀ ਨੇ ਦੋਸ ਲਾਇਆ ਕਿ ਅਸਲ ਵਿੱਚ ਇਹ
ਉਹਨਾਂ ਨੂੰ ਕਤਲ ਕਰਨ ਦੀ ਇੱਕ ਡੂੰਘੀ ਸਾਜਿਸ ਦਾ ਨਤੀਜਾ ਸੀ, ਲੇਕਿਨ ਕੇਂਦਰੀ ਸੁਰੱਖਿਆ
ਬਲਾਂ ਦੇ ਉਹਨਾਂ ਨਾਲ ਤਾਇਨਾਤ ਹੋਣ ਕਾਰਨ ਉਹਨਾਂ ਦੀ ਜਾਨ ਬਚ ਗਈ।
ਇਹ ਪੋਲਿੰਗ ਦੇ
ਖਾਤਮੇ ਦਾ ਸਮਾਂ ਹੀ ਸੀ, ਕਿ ਕਾਂਗਰਸੀ ਵਰਕਰਾਂ ਦੀਆਂ ਗੱਡੀਆਂ ਦਾ ਇੱਕ ਵੱਡਾ ਕਾਫ਼ਲਾ
ਯੂਨੀਵਰਸਿਟੀ ਕੈਂਪਸ ਦੇ ਪੋਲਿੰਗ ਬੂਥਾਂ ਦੇ ਬਾਹਰ ਆ ਰੁਕਿਆ। ਇਸੇ ਦੌਰਾਨ ਇੱਕ ਹੋਰ
ਕਾਫ਼ਲੇ ਵਿੱਚ ਆਏ ਨੌਜਵਾਨਾਂ ਨੇ ਉਹਨਾਂ ਦੀਆਂ ਗੱਡੀਆਂ ਦੀ ਭੰਨਤੋੜ ਕਰਕੇ ਨਰਮੇ ਦੇ ਖੇਤਾਂ
ਵਿੱਚ ਪਨਾਹ ਲੈ ਲਈ। ਕਾਂਗਰਸੀਆਂ ਵੱਲੋਂ ਵਾਰ ਵਾਰ ਮੰਗ ਕਰਨ ਤੇ ਵੀ ਜਦ ਪੁਲਿਸ ਨੇ ਕੋਈ
ਕਾਰਵਾਈ ਨਾ ਕੀਤੀ ਤਾਂ ਤਕਰਾਰ ਤੂੰ ਤੂੰ ਮੈਂ ਮੈਂ ਤੱਕ ਵਧ ਗਿਆ। ਹਾਲਤ ਬੇਕਾਬੂ
ਹੁੰਦਿਆਂ ਦੇਖ ਕੇ ਪੁਲਿਸ ਨੇ ਸਖਤੀ ਦਾ ਰੌਂਅ ਅਪਨਾ ਲਿਆ ਇਸੇ ਦੌਰਾਨ ਜੱਸੀ ਦੇ ਕਾਫ਼ਲੇ
ਵਿਚਲੇ ਕੁਝ ਵਿਅਕਤੀਆਂ ਨੇ ਪੱਥਰਬਾਜੀ ਕਰ ਦਿੱਤੀ।
ਬੱਸ ਫਿਰ ਕੀ ਸੀ, ਪੁਲਿਸ ਆਪਣੀ ਆਈ
ਤੇ ਉੱਤਰ ਆਈ ਅਤੇ ਜੱਸੀ ਦੇ ਕਾਫ਼ਲੇ ਤੇ ਲਾਠੀਚਾਰਜ ਕਰ ਦਿੱਤਾ। ਸ੍ਰੀ ਜੱਸੀ ਨੂੰ ਤਾਂ
ਭਾਵੇਂ ਉਹਨਾਂ ਦੇ ਸੁਰੱਖਿਆ ਕਾਫ਼ਲੇ ਨੇ ਆਪਣੇ ਘੇਰੇ ਵਿੱਚ ਲੈ ਲਿਆ, ਲੇਕਿਨ ਉਹਨਾਂ ਦੇ
ਕਾਫੀ ਸਾਰੇ ਸਮਰਥਕ ਪੁਲਿਸ ਦੇ ਕੁਟਾਪੇ ਦੀ ਲਪੇਟ ਵਿੱਚ ਆ ਗਏ। ਭਾਰੀ ਮਾਤਰਾ ਵਿੱਚ ਆਏ
ਸੁਰੱਖਿਆ ਬਲਾਂ ਦੀ ਮੌਜੂਦਗੀ ਤੋਂ ਸਾਰਾ ਇਲਾਕਾ ਪੁਲਿਸ ਛਾਉਣੀ ਵਿੱਚ ਬਦਲ ਗਿਆ। ਸੀਨੀਅਰ
ਪੁਲਿਸ ਅਫਸਰ ਵੀ ਮੌਕੇ ਤੇ ਪੁੱਜ ਗਏ, ਖਬਰ ਲਿਖੇ ਜਾਣ ਵੇਲੇ ਤੱਕ ਸਥਿਤੀ ਤਨਾਅ ਪੂਰਨ ਪਰ
ਕਾਬੂ ਹੇਠ ਸੀ।
ਆਮ ਆਦਮੀ ਪਾਰਟੀ ਦੀ ਉਮੀਦਵਾਰ ਪ੍ਰੋ: ਬਲਜਿੰਦਰ ਕੌਰ ਨੇ ਦੋਸ ਲਾਇਆ
ਕਿ ਸੀਨੀਅਰ ਅਕਾਲੀ ਆਗੂਆਂ ਦੀ ਅਗਵਾਈ ਹੇਠ ਸਮੁੱਚੇ ਤਲਵੰਡੀ ਸਾਬੋ ਕਸਬੇ ਦੇ ਬੂਥਾਂ ਤੇ
ਕਬਜੇ ਕਰਕੇ ਹਜਾਰਾਂ ਦੀ ਗਿਣਤੀ ਵਿੱਚ ਜਾਅਲੀ ਵੋਟਾਂ ਭੁਗਤਾਈਆਂ ਗਈਆਂ ਹਨ। ਉਹਨਾਂ ਇਹ ਵੀ
ਦੋਸ ਲਾਇਆ ਕਿ ਰਾਜ ਦੇ ਖੁਫੀਆ ਵਿਭਾਗ ਨੇ ਸਮੁੱਚੇ ਹਲਕੇ ਦੇ ਵਿਕਾਊ ਵੋਟਰਾਂ ਦੀ ਸਨਾਖਤ
ਕਰਕੇ ਖੁਦ ਅਕਾਲੀ ਦਲ ਲਈ ਵੋਟਾਂ ਦੀ ਵੱਡੀ ਪੱਧਰ ਤੇ ਖਰੀਦੋ ਫਰੋਖਤ ਕਰਦਿਆਂ ਲੋਕਤੰਤਰ
ਨੂੰ ਸਰਮਸਾਰ ਕਰ ਦਿੱਤਾ ਹੈ। ਉਹਨਾਂ ਮੰਗ ਕੀਤੀ ਕਿ ਗੜਬੜ ਵਾਲੇ ਸਾਰੇ ਬੂਥਾਂ ਤੇ ਮੁੜ
ਪੋਲਿੰਗ ਕਰਵਾਈ ਜਾਵੇ।
ਇੱਥੇ ਇਹ ਜਿਕਰਯੋਗ ਹੈ ਕਿ ਇਹਨਾਂ ਹੀ ਕਾਲਮਾਂ ਵਿੱਚ ਅੱਜ ਇਹ
ਖਦਸਾ ਪ੍ਰਗਟ ਕੀਤਾ ਗਿਆ ਸੀ, ਕਿ ਪੋਲਿੰਗ ਦੌਰਾਨ ਵੱਡੀ ਪੱਧਰ ਤੇ ਹਿੰਸਕ ਘਟਨਾਵਾਂ ਵਾਪਰ
ਸਕਦੀਆਂ ਹਨ। ਹਾਲਾਂਕਿ ਬਹੁਤ ਸਾਰੇ ਜਿਲ੍ਹਿਆਂ ਤੋਂ ਪੁਲਿਸ ਮੰਗਵਾਈ ਗਈ ਸੀ, ਲੇਕਿਨ
ਚਿਤਾਵਨੀ ਦੇ ਬਾਵਜੂਦ ਸਥਿਤੀ ਨੂੰ ਕਾਬੂ ਹੇਠ ਰੱਖਣ ਦੇ ਉਪਰਾਲੇ ਕਿਤੇ ਨਜਰ ਨਹੀਂ ਆਏ।