ਰਾਜੀਵ-ਲੌਂਗੋਵਾਲ ਸਮਝੌਤੇ ਦੇ ਅਸੀਂ ਵਿਰੋਧੀ ਨਹੀਂ ਸਾਂ, ਪਰ ਕੇਂਦਰ ਦੀ ਨੀਯਤ ’ਤੇ ਸ਼ੱਕ ਸੀ : ਬਾਦਲ
Posted on:- 21-08-2014
-ਪ੍ਰਵੀਨ ਸਿੰਘ
ਲੌਂਗੋਵਾਲ: ਅਨਾਜ ਮੰਡੀ ਲੌਂਗੋਵਾਲ ਵਿਖੇ ਅਮਰ ਸ਼ਹੀਦ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ 29ਵੀਂ ਬਰਸੀ ਪੰਜਾਬ ਸਰਕਾਰ ਵੱਲੋਂ ਮਨਾਈ ਗਈ। ਇਸ ਸਮੇਂ ਬੋਲਦਿਆਂ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਜਦੋਂ ਪੰਜਾਬ ਅੰਦਰ ਮਾਹੌਲ ਬਹੁਤ ਖਰਾਬ ਸੀ ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਧਰਮ ਯੁੱਧ ਮੋਰਚਾ ਚਲਾਇਆ ਜਾ ਰਿਹਾ ਸੀ। ਅਜਿਹੇ ਸਮੇਂ ਮੋਰਚਾ ਡਿਕਟੇਟਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੰਤ ਹਰਚੰਦ ਸਿੰਘ ਲੌਂਗੋਵਾਲ ਨੇ ਪੰਜਾਬ ਅੰਦਰ ਅਮਨ ਸ਼ਾਂਤੀ ਕਾਇਮ ਰੱਖਣ ਲਈ ਭਾਰਤ ਦੇ ਤਤਕਾਲੀ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨਾਲ ਇਕ ਸਮਝੌਤਾ ਕੀਤਾ ਸੀ, ਜਿਸ ਨੂੰ ‘‘ਰਾਜੀਵ ਲੌਂਗੋਵਾਲ’’ ਸਮਝੌਤੇ ਦਾ ਨਾਂ ਦਿੱਤਾ ਗਿਆ ਸੀ। ਅਸੀਂ ਸੰਤਾਂ ਵੱਲੋਂ ਕੀਤੇ ਜਾ ਰਹੇ ਸਮਝੌਤੇ ਦੇ ਵਿਰੋਧੀ ਨਹੀਂ ਸਾਂ ਪਰ ਸਾਨੂੰ ਕੇਂਦਰ ਦੀ ਕਾਂਗਰਸ ਦੀ ਸਰਕਾਰ ਦੀ ਨੀਯਤ ’ਤੇ ਪਹਿਲਾਂ ਤੋਂ ਹੀ ਸ਼ੱਕ ਸੀ।
ਉਸ ਸਮਝੌਤੇ ਮੁਤਾਬਕ ਤਹਿ ਹੋਈਆਂ ਸ਼ਰਤਾਂ ਵਿੱਚ ਚੰਡੀਗੜ੍ਹ ਪੰਜਾਬ ਨੂੰ ਦੇਣਾ, ਪੰਜਾਬੀ ਬੋਲਦੇ ਹਰਿਆਣਾ ਵਿੱਚ ਗਏ ਇਲਾਕੇ ਪੰਜਾਬ ਨੂੰ ਦੇਣ ਤੇ ਦਰਿਆਵਾਂ ਦਾ ਮਸਲਾ ਰੀਪੇਰੀਅਨ ਐਕਟ ਮੁਤਾਬਕ ਲਾਗੂ ਕਰਨਾ ਸੀ। ਕੇਂਦਰ ਦੀ ਸਰਕਾਰ ਨੇ ਕੋਈ ਮੰਗ ਲਾਗੂ ਨਾ ਕੀਤੀ। ਇਸ ਦੇ ਨਾਲ ਹੀ ਸੰਤਾਂ ਵੱਲੋਂ ਭਾਈਚਾਰਕ ਸਾਂਝ ਬਣਾਈ ਰੱਖਣ ਲਈ ਉਲੀਕੇ ਪ੍ਰੋਗਰਾਮ ਨੰੂ ਢਾਹ ਲਗਾਉਣ ਲਈ ਕੁਝ ਤਾਕਤਾਂ ਨੇ ਉਨ੍ਹਾਂ ਨੂੰ ਸ਼ਹੀਦ ਕਰ ਦਿੱਤਾ। ਉਨ੍ਹਾਂ ਕਿਹਾ ਕਿ ਇਸ ਸਮਝੌਤੇ ਵਿੱਚ ਕੁਝ ਆਪਣੇ ਵੀ ਸ਼ਾਮਲ ਸਨ, ਜਿਨ੍ਹਾਂ ਕਰਕੇ ਮਾਮਲਾ ਹੱਲ ਨਹੀਂ ਹੋਇਆ। ਸੰਤਾਂ ਬਾਰੇ ਬੋਲਦਿਆਂ ਸ. ਬਾਦਲ ਨੇ ਕਿਹਾ ਕਿ ਸੰਤ ਛੋਟੀ ਉਮਰ ਤੋਂ ਹੀ ਸੰਤ ਸੁਭਾਅ ਤੇ ਧਾਰਮਿਕ ਵਿਚਾਰਾਂ ਦੇ ਸਨ। ਉਨ੍ਹਾਂ ਨੇ ਧਰਮ ਦਾ ਪ੍ਰਚਾਰ ਕੀਤਾ। ਉਹ ਤਲਵੰਡੀ ਸਾਬੋ ਤਖਤ ਦੇ ਜਥੇਦਾਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣੇ। ਉਨ੍ਹਾਂ ਦੀ ਅਗਵਾਈ ਵਿੱਚ ਧਰਮ ਧੁੱਪ ਮੋਰਚਾ ਤੇ ਐਮਰਜੈਂਸੀ ਦਾ ਮੋਰਚਾ ਲਗਾਇਆ ਗਿਆ। ਸੰਤਾਂ ਨੇ ਪਾਰਟੀ ਤੇ ਪੰਜਾਬੀਆਂ ਨੂੰ ਯੋਗ ਅਗਵਾਈ ਦਿੱਤੀ। ਉਨ੍ਹਾਂ ਕਿਹਾ ਕਿ ਹੁਣ ਦੇਸ਼ ਅੰਦਰ ਐਨਡੀਏ ਸਰਕਾਰ ਆਈ ਹੈ ਤਾਂ ਪੰਜਾਬ ਵਿਕਾਸ ਕਰੇਗਾ ਤੇ ਇੱਥੇ 800 ਕਰੋੜ ਰੁਪਏ ਦਾ ਕੋਟੜਾ ਕੈਨਾਲ ਦੇ ਪਾਣੀ ਨੂੰ ਖੇਤਾਂ ਤੱਕ ਲੈ ਜਾਣ ਦਾ ਪ੍ਰੋਜੈਕਟ ਵੀ ਪਾਸ ਕੇਂਦਰ ਸਰਕਾਰ ਨੇ ਕਰ ਦਿੱਤਾ ਹੈ।
ਉਨ੍ਹਾਂ ਲੌਂਗੋਵਾਲ ਵਿਖੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲਂੋ ਬਣਾਏ ਜਾਣ ਵਾਰੇ ਕਾਲਜ ਸੰਬਧੀ ਬੋਲਦਿਆਂ ਕਿਹਾ ਕਿ ਜੇਕਰ ਉਹ ਨਹੀਂ ਬਣਾਉਣਗੇ ਤਾਂ ਪੰਜਾਬ ਸਰਕਾਰ ਬਣਾ ਦੇਵੇ। ਉਨ੍ਹਾਂ ਵੱਲ ਜੁੱਤੀ ਮਾਰਨ ਵਾਲੇ ਨੂੰ ਮੁਆਫ ਕਰਨ ਸਬੰਧੀ ਪੁੱਛੇ ਸਵਾਲ ਦਾ ਉਤਰ ਦਿੰਦਿਆਂ ਸ. ਬਾਦਲ ਨੇ ਕਿਹਾ ਕਿ ਜੇਕਰ ਕੋਈ ਵਿਅਕਤੀ ਜਜ਼ਬਾਤੀ ਹੋ ਕੇ ਅਜਿਹਾ ਕਰਦਾ ਹੈ ਤਾਂ ਉਸ ਨੂੰ ਮੁਆਫ ਕੀਤਾ ਜਾ ਸਕਦਾ ਹੈ ਕਿਸੇ ਰਾਜਨੀਤਿਕ ਪਾਰਟੀ ਦਾ ਆਗੂ ਅਜਿਹਾ ਕਰੇ ਤਾਂ ਕਾਨੂੰਨ ਮੁਤਾਬਕ ਕਾਰਵਾਈ ਕਰਨੀ ਹੋਵੇਗਾ।
ਇਸ ਸਮੇਂ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਕਮਲ ਸ਼ਰਮਾ ਨੇ ਸੰਤਾਂ ਨੂੰ ਸਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਸ਼ਹੀਦ ਸੰਤ ਹਰਚੰਦ ਸਿੰਘ ਲੌਂਗੋਵਾਲ ਨੇ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਕਾਇਮ ਰੱਖਣ ਲਈ ਸ਼ਹਾਦਤ ਦਾ ਜਾਮ ਪੀਤਾ, ਪੰਜਾਬ ਅੰਦਰ ਬਹੁਤ ਮਾੜੇ ਦਿਨ ਚੱਲ ਰਹੇ ਸਨ। ਚਾਰੇ ਪਾਸੇ ਦਹਿਸ਼ਤ ਦਾ ਮਾਹੌਲ ਸੀ, ਭਾਈਚਾਰਕ ਸਾਂਝ ਟੁੱਟ ਰਹੀ ਸੀ। ਉਸ ਸਮੇਂ ਸੰਤ ਹਰਚੰਦ ਸਿੰਘ ਲੌਂਗੋਵਾਲ ਨੇ ਬੜੀ ਦਿ੍ਰੜਤਾ, ਦਲੇਰੀ ਤੇ ਸੂਝਬੂਝ ਵਾਲਾ ਫੈਸਲਾ ਲਿਆ ਸੀ। ਉਨ੍ਹਾਂ ਦੀ ਸ਼ਹਾਦਤ ਤੋਂ ਬਾਅਦ ਹੀ ਪੰਜਾਬ ਅੰਦਰ ਅਮਨ ਸ਼ਾਂਤੀ ਪਰਤੀ।
ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਤੇ ਮੈਂਬਰ ਰਾਜ ਸਭਾ ਸੁਖਦੇਵ ਸਿੰਘ ਢੀਂਡਸਾ ਨੇ ਸੰਤਾਂ ਨੂੰ ਸ਼ਰਧਾਂਜਲੀ ਦਿੰਦਿਆਂ ਕਿਹਾ ਕਿ ਉਹ ਮਹਾਨ ਵਿਅਕਤੀ ਸਨ ਤੇ ਉਨ੍ਹਾਂ ਨੇ ਪੰਜਾਬੀਅਤ ਵਿਚਲੀ ਐਨ.ਡੀ.ਏ ਸਰਕਾਰ ਦੇ ਆਉਣ ਨਾਲ ਲੋਕਾਂ ਵਿਚੱ ਰੋਸ਼ਨੀ ਦੀ ਕਿਰਨ ਪੈਂਦਾ ਹੋਈ ਹੈ।
ਇਸ ਸਮੇਂ ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਤੇ ਮੈਂਬਰ ਪਾਰਲੀਮੈਂਟ ਪ੍ਰੇਮ ਸਿੰਘ ਚੰਦੂ ਮਾਜਰਾ, ਸਾਬਕਾ ਕੇਂਦਰੀ ਮੰਤਰੀ ਬਲਬੰਤ ਸਿੰਘ ਰਾਮੂਵਾਲੀਆਂ ਤੇ ਪੰਜਾਬ ਦੇ ਖਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਸੰਤਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਉਨ੍ਹਾਂ ਭਾਈਚਾਰਕ ਸ਼ਾਂਝ ਦੇਸ਼ ਦੀ ਏਕਤਾ ਤੇ ਆਖੰਡਤਾ ਨੂੰ ਕਾਇਮ ਰੱਖਣ ਲਈ ਸ਼ਹਾਦਤ ਦਿੱਤੀ।
ਇਸ ਸਮਾਗਮ ਵਿੱਚ ਇਸ ਵਾਰ ਪ੍ਰਕਾਸ਼ ਸਿੰਘ ਬਾਦਲ ਨਾਲ ਵਾਪਰੇ ਜੁਤੀ ਕਾਂਡ ਕਾਰਨ ਪੱਤਰਕਤਾਰ ਗੈਲਰੀ ਵਿੱਚ ਵੀ ਪੱਤਰਕਾਰ ਨੂੰ ਜੁੱਤੇ ਬਾਹਰ ਉਤਾਰ ਕੇ ਜਾਣ ਲਈ ਮਜਬੂਰ ਕੀਤਾ। ਇਸ ਤੋਂ ਪੰਜਾਬੀ ਦੇ ਉਹ ਅਖਾਣ ‘‘ਦੁੱਧ ਦਾ ਫੁੂਕਿਆ ਲੱਸੀ ਨੂੰ ਵੀ ਫੁੂਕਾ ਮਾਰ-ਮਾਰ ਕੇ ਪੀਵੇ’’ ਵਾਲੀ ਗੱਲ ਸੀ। ਜਦਂੋ ਕਿ ਪਿਛਲੇ ਕਿਸੇ ਵੀ ਸਮਾਗਮ ਸਮੇਂ ਅਜਿਹਾ ਨਹੀਂ ਹੋਇਆ। ਇਕੱਠ ਪੱਖੋਂ ਵੀ ਲੋਕਾਂ ਵਿੱਚ ਜ਼ਿਆਦਾ ਉਤਸ਼ਾਹ ਨਜਰ ਨਹੀਂ ਆਇਆ। ਇਸ ਸਮੇਂ ਹੋਰਨਾਂ ਤੋਂ ਇਲਾਵਾ ਸੁਖਵੰਤ ਸਿੰਘ ਸਭਾਉ, ਰਵਿੰਦਰ ਸਿੰਘ ਚੀਮਾਂ, ਇਕਵਾਲ ਸਿੰਘ ਝੁੂੰਦਾ ਐਮ.ਐਲ.ਏ, ਗੋਬਿੰਦ ਸਿੰਘ ਕਾਂਜਲਾ ਸਾਬਕਾ ਮੰਤਰੀ, ਸ. ਰਾਜਿੰਦਰ ਸਿੰਘ ਕਾਂਝਲਾ , ਭਾਜਪਾ ਦੇ ਮੰਤਰੀ ਭਗਤ ਚੂਨੀ ਲਾਲ, ਜਤਿੰਦਰ ਕਾਲੜਾ, ਪ੍ਰਬੰਧਕੀ ਮੈਂਬਰ ਗੁਰਬਚਨ ਸਿੰਘ ਬੱਚੀ, ਸੰਤ ਬਲਵੀਰ ਸਿੰਘ ਘੁੰਨਸ , ਬਾਬੂ ਪ੍ਰਕਾਸ਼ ਚੰਦ ਗਰਗ ਵਿਧਾਇਕ, ਸਾਬਕਾ ਮੰਤਰੀ ਬੱਗੇ ਖਾਂ ਇਕਰਾਮ ਸੰਤ ਬਲਵੀਰ ਸਿੰਘ ਘੁੰਨਸ ਵਿਧਾਇਕ , ਭਾਈਗੋਬਿੰਦ ਸਿੰਘ ਲੌਗੋਵਾਲ ਨੇ ਵੀ ਸੰਤਾਂ ਨੂੰ ਸਰਧਾਂਜਲੀ ਭੇਂਟ ਕੀਤੀ। ਮੰਚ ਸੰਚਾਲਨ ਦੀ ਭੂਮਿਕਾ ਜ. ਗਰਜਾ ਸਿੰਘ ਖੰਡੇਵਾਦ ਨੇ ਨਿਭਾਈ।