ਨਵਜੰਮੇ ਬੱਚੇ ਲਈ ਅੰਮ੍ਰਿਤ ਹੁੰਦੈ ਮਾਂ ਦਾ ਦੁੱਧ : ਡਾ. ਸੁਬੋਧ ਗੁਪਤਾ
Posted on:- 21-08-2014
ਸੰਗਰੂਰ:
ਮਾਂ ਦਾ ਦੁੱਧ ਅਜਿਹਾ ਅੰਮ੍ਰਿਤ ਹੈ, ਜੋ ਨਵਜੰਮੇ ਬੱਚੇ ਲਈ ਜਿੱਥੇ ਬਿਮਾਰੀਆਂ ਨਾਲ ਟਾਕਰਾ ਕਰਨ ਦੀ ਸ਼ਕਤੀ ਮੁਹੱਈਆ ਕਰਦਾ ਹੈ, ਉੱਥੇ ਇਸ ਸਦਕਾ ਮਾਵਾਂ ਵੀ ਕਈ ਬਿਮਾਰੀਆਂ ਤੋਂ ਸੁਰੱਖਿਅਤ ਰਹਿੰਦੀਆਂ ਹਨ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਿਵਲ ਹਸਪਤਾਲ ਵਿਖੇ ਮਾਂ ਦੇ ਦੁੱਧ ਦੀ ਮਹੱਤਤਾ ਸਬੰਧੀ ਕਰਵਾਏ ਗਏ ਸੈਮੀਨਾਰ ਦੌਰਾਨ ਸਿਵਲ ਸਰਜਨ ਸੰਗਰੂਰ ਡਾ. ਸੁਬੋਧ ਗੁਪਤਾ ਨੇ ਕੀਤਾ।
ਮਾਂ ਦੇ ਦੁੱਧ ਦੀ ਮਹੱਤਤਾ `ਤੇ ਚਾਨਣਾ ਪਾਉਂਦਿਆਂ ਡਾ. ਗੁਪਤਾ ਨੇ ਕਿਹਾ ਕਿ ਨਵਜੰਮੇ ਬੱਚੇ ਨੂੰ ਘੱਟੋ ਘੱਟ ਛੇ ਮਹੀਨਿਆਂ ਤੱਕ ਸਿਰਫ਼ ਮਾਂ ਦਾ ਦੁੱਧ ਹੀ ਚੁੰਘਾਉਣਾ ਚਾਹੀਦਾ ਹੈ, ਕਿਉਂਕਿ ਮਾਂ ਦਾ ਦੁੱਧ ਕੀਟਾਣੂ ਮੁਕਤ ਹੋਣ ਦੇ ਨਾਲ-ਨਾਲ ਉਨ੍ਹਾਂ ਪੌਸਟਿਕ ਤੱਤਾਂ ਨਾਲ ਵੀ ਭਰਪੂਰ ਹੁੰਦਾ ਹੈ, ਜੋ ਬੱਚੇ ਦੇ ਵਿਕਾਸ ਲਈ ਅਤਿ ਜ਼ਰੂਰੀ ਹੁੰਦੇ ਹਨ।ਇਸ ਮੌਕੇ ਜ਼ਿਲ੍ਹਾ ਕਮਿਊਨਟੀ ਮੋਬਲਾਈਜ਼ਰ ਅਤੇ ਜ਼ਿਲ੍ਹਾ ਬੀ ਸੀ ਸੀ ਫੈਸੀਲੀਟੇਟਰ ਵਿਕਰਮ ਸਿੰਘ ਨੇ ਨਵਜੰਮੇ ਬੱਚੇ ਲਈ ਮਾਂ ਦੇ ਦੁੱਧ ਦੀ ਮਹੱਤਤਾ ਪ੍ਰਤੀ ਜਾਗਰੂਕਤਾ ਦੇ ਸੁਨੇਹੇ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਚਾਰਨ ਸਬੰਧੀ ਆਪਣੇ ਵਿਚਾਰ ਪ੍ਰਗਟ ਕੀਤੇ।