ਇਰਾਕ 'ਚ ਫਸੇ ਭਾਰਤੀ ਕਿਰਤੀਆਂ ਬਾਰੇ ਕਿਸੇ ਵੀ ਅਫਵਾਹ 'ਚ ਕੋਈ ਸਚਾਈ ਨਹੀਂ : ਸੁਸ਼ਮਾ ਸਵਰਾਜ
Posted on:- 19-8-2014
ਅੰਮ੍ਰਿਤਸਰ :
ਵਿਦੇਸ਼
ਮੰਤਰੀ ਸ੍ਰੀਮਤੀ ਸੁਸ਼ਮਾ ਸਵਰਜ ਨੇ ਇਰਾਕ ਵਿਚ ਫਸੇ ਭਾਰਤੀ ਕਿਰਤੀਆਂ ਬਾਰੇ ਫੈਲਾਈਆਂ ਜਾ
ਰਹੀਆਂ ਅਫਵਾਹਾਂ ਨੂੰ ਮੂਲੋਂ ਨਕਾਰਦਿਆਂ ਪੀੜਤ ਪਰਿਵਾਰਾਂ ਨੂੰ ਕਿਸੇ ਵੀ ਅਫਵਾਹਾਂ ਵਲ
ਧਿਆਨ ਨਾ ਦੇਣ ਦੀ ਅਪੀਲ ਕੀਤੀ ਹੈ। ਅੱਜ ਇਰਾਕ ਵਿਚ ਖਾਨਾਜੰਗੀ ਦੌਰਾਨ ਆਈਐਸਆਈਐਸ ਦੇ
ਲੜਾਕੂਆਂ ਵੱਲੋਂ ਬੰਧਕ ਬਣਾਏ ਗਏ 40 ਭਾਰਤੀ ਕਿਰਤੀਆਂ ਦੇ ਪਰਿਵਾਰਕ ਮੈਂਬਰਾਂ ਨੇ ਕੇਦਰੀ
ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਦੀ ਰਹਿਨੁਮਾਈ ਵਿਚ ਕੁਝ ਤੌਖਲਿਆਂ ਦੀ
ਨਿਵਰਤੀ ਨੂੰ ਲੈ ਕੇ ਸ੍ਰੀਮਤੀ ਸੁਸ਼ਮਾ ਸਵਰਾਜ ਨਾਲ ਉਨ੍ਹਾਂ ਦੇ ਦਫਤਰ ਜਵਾਹਰ ਲਾਲ ਨਹਿਰੂ
ਭਵਨ, ਨਵੀਂ ਦਿਲੀ ਵਿਖੇ ਮੁਲਾਕਾਤ ਕੀਤੀ। ਗੌਰਤਲਬ ਹੈ ਕਿ ਲਗਾਤਾਰ ਉਕਤ ਮਾਮਲੇ ਦੀ
ਪੈਰਵਾਈ ਕਰ ਰਹੇ ਪੰਜਾਬ ਦੇ ਮਾਲ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਦੀ ਵਿਸ਼ੇਸ਼ ਯਤਨਾਂ
ਸਦਕਾ ਉਹਨਾਂ ਦੇ ਮੀਡੀਆ ਸਲਾਹਕਾਰ ਪ੍ਰੋ: ਸਰਚਾਂਦ ਸਿੰਘ ਅਤੇ ਮਜੀਠਾ ਤੋ ਸ੍ਰੋਮਣੀ ਕਮੇਟੀ
ਮੈਬਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਦੀ ਅਗਵਾਈ ਵਿਚ ਪੰਜਾਬ ਤੋਂ ਗਏ ਪ੍ਰਭਾਵਿਤ
ਪਰਿਵਾਰਾਂ ਦੀ ਇਹ ਵਿਦੇਸ਼ ਮੰਤਰੀ ਨਾਲ ਚੌਥੀ ਮੁਲਾਕਾਤ ਹੈ। ਪ੍ਰੋ: ਸਰਚਾਂਦ ਸਿੰਘ
ਅਨੁਸਾਰ ਇਸ ਮੌਕੇ ਵਿਦੇਸ਼ ਮੰਤਰੀ ਨੇ ਬੰਧਕਾਂ ਸੰਬੰਧੀ ਗਲ ਕਰਦਿਆਂ ਕਿਹਾ ਕਿ ਭਾਰਤ ਸਰਕਾਰ
ਦੀਆਂ ਵਿਸ਼ੇਸ਼ ਯਤਨਾਂ ਸਦਕਾ ਰੋਜਾਨਾ ਮਿਲ ਰਹੀਆਂ ਵਖ ਵਖ ਸੂਚਨਾਵਾਂ ਅਨੁਸਾਰ ਇਰਾਕ ਵਿਚ
ਫਸੇ ਭਾਰਤੀ ਕਿਰਤੀ ਤੇ ਪੰਜਾਬੀ ਨੌਜਵਾਨ ਪੂਰੀ ਤਰਾਂ ਸੁਰਖਿਅਤ ਅਤੇ ਚੜਦੀਕਲਾ ਵਿਚ ਹਨ
ਅਤੇ ਉਹਨਾਂ ਨੂੰ ਅਜ ਤਕ ਮੋਸੂਲ ਦੇ ਇਕ ਟੈਕਸਟਾਈਲ ਫੈਕਟਰੀ ਵਿਚ ਰਖਿਆ ਗਿਆ ਹੈ ਤੇ ਉਹਨਾਂ
ਨੂੰ ਖਾਣਾ ਤੇ ਹੋਰ ਜਰੂਰੀ ਸਹੂਲਤਾਂ ਮਿਲ ਰਹੀਆਂ ਹਨ।
ਉਹਨਾਂ ਸਪਸ਼ਟ ਕਿਹਾ ਕਿ ਬੰਧਕਾਂ
ਸੰਬੰਧੀ ਫੈਲਾਈਆਂ ਜਾ ਰਹੀਆਂ ਅਫਵਾਹਾਂ ਵਿਚ ਕੋਈ ਸਚਾਈ ਨਹੀਂ ਹੈ। ਉਹਨਾਂ ਮੀਡੀਆ ਨੁੰ
ਪ੍ਰਭਾਵਿਤ ਪਰਿਵਾਰਾਂ ਦੀ ਮਨੋ ਦਸ਼ਾ ਦਾ ਖਿਆਲ ਰਖਨ ਦੀ ਅਪੀਲ ਕਰਦਿਆਂ ਕਿਸੇ ਵੀ ਗੈਰ
ਮਿਆਰੀ ਸੂਤਰਾਂ ਦੇ ਹਵਾਲੇ ਨਾਲ ਕੋਈ ਵੀ ਖਬਰ ਨਸ਼ਰ ਕਰਨ ਤੋਂ ਗੁਰੇਜ ਕਰਨ ਦੀ ਵੀ ਅਪੀਲ
ਕੀਤੀ। ਸੂਤਰਾਂ ਅਨੁਸਾਰ ਬੰਧਕ ਬਣਾਏ ਪੰਜਾਬੀ ਨੌਜਵਾਲਾਂ ਵਿਚੋਂ ਕਈਆਂ ਨੇ ਆਪਣੀ ਸਲਾਮਤੀ
ਸੰਬੰਧੀ ਜਾਣਕਾਰੀ ਭੇਜੀ ਹੈ। ਵਿਦੇਸ਼ ਮੰਤਰੀ ਨੇ ਕਿਹਾ ਕਿ ਬੰਧਕਾਂ ਸੰਬੰਧੀ ਉਹ ਅਤੇ
ਪੂਰਾ ਦੇਸ਼ ਚਿੰਤਿਤ ਹੈ, ਅਤੇ ਜਦ ਵੀ ਉਹਨਾਂ ਦੀ ਰਿਹਾਈ ਹੁੰਦੀ ਹੈ ਸਰਕਾਰ ਉਹਨਾਂ ਨੂੰ ਲੈ
ਕੇ ਆਉਣ ਲਈ ਕਿਸੇ ਕਮਰਸ਼ੀਅਲ ਫਲਾਈਟ ਦੀ ਉਡੀਕ ਨਹੀਂ ਕਰੇਗੀ ਸਗੋਂ ਆਪਣਾ ਵਿਸ਼ੇਸ਼ ਜਹਾਜ
ਭੇਜ ਕੇ ਉਹਨਾਂ ਨੂੰ ਲੈ ਕੇ ਆਉਣਗੇ। ਉਹਨਾਂ ਜਾਣਕਾਰੀ ਦਿਦਿਆਂ ਕਿਹਾ ਕਿ ਬੰਧਕਾਂ ਤੋਂ
ਇਲਾਵਾ ਇਰਾਕ ਦੇ ਬਸਰਾ ਸਮੇਤ ਹੋਰਨਾਂ ਸ਼ਹਿਰਾਂ ਵਿਚ ਫਸੇ ਹੋਰ ਭਾਰਤੀਆਂ ਸੰਬੰਧੀ ਵੀ ਇਰਾਕ
ਦੇ ਉਪ ਪ੍ਰਧਾਨ ਮੰਤਰੀ ਵਲੋਂ ਸੰਬੰਧਿਤ ਕੰਪਨੀਆਂ , ਫੈਕਟਰੀਆਂ ਅਤੇ ਸੰਸਥਾਵਾਂ ਨੂੰ
ਸਰਕਾਰੀ ਹਦਾਇਤ ਜਾਰੀ ਕਰਦਿਤੀ ਗਈ ਹੈ ਕਿ ਉਹ ਭਾਰਤ ਵਾਪਸ ਪਰਤਣ ਦੇ ਚਾਹਵਾਨਾਂ ਨੂੰ ਭਾਰਤ
ਵਾਪਸੀ ਵਿਚ ਰੁਕਾਵਟਾਂ ਪੈਦਾ ਨਾ ਕਰਨ। ਕਰੀਬ ਦੌ ਘੰਟੇ ਚਲੀ ਅਜ ਦੀ ਮੀਟਿੰਗ ਵਿਚ
ਪੰਜਾਬ ਤੋਂ ਇਲਾਵਾ ਹਿਮਾਚਲ ਪ੍ਰਦੇਸ਼ ਅਤੇ ਬਿਹਾਰ ਨਾਲ ਸੰਬੰਧਿਤ ਬੰਧਕਾਂ ਦੇ ਪਰਿਵਾਰਕ
ਮੈਬਰ ਵੀ ਪਹਿਲੀ ਵਾਰ ਸ਼ਾਮਿਲ ਹੋਏ। ਇਸ ਮੌਕੇ ਕੇਦਰੀ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ
ਬਾਦਲ ਵਲੋਂ ਪ੍ਰਭਾਵਿਤ ਪਰਿਵਾਰਾਂ ਦੀ ਮਾਲੀ ਹਾਲਤ ਸੰਬੰਧੀ ਸ੍ਰੀਮਤੀ ਸੁਸ਼ਮਾ ਸਵਰਾਜ ਨਾਲ
ਗਲ ਕਰਦਿਆਂ ਕਿਹਾ ਕਿ ਜਿਵੇ ਬੰਧਕਾਂ ਦੀ ਘਰ ਵਾਪਸੀ ਤਕ ਪੰਜਾਬ ਦੇ ਮੁਖ ਮੰਤਰੀ ਸ:
ਪ੍ਰਕਾਸ਼ ਸਿੰਘ ਬਾਦਲ ਵਲੋਂ ਪ੍ਰਭਾਵਿਤ ਪਰਿਵਾਰਾਂ ਨੂੰ ਸਰਕਾਰੀ ਖਜਾਨੇ ਵਿਚੋਂ ਹਰ ਮਹੀਨੇ
20 ਹਜਾਰ ਰੁਪੈ ਸਹਾਇਤਾ ਰਾਸ਼ੀ ਦੇਣੀ ਸ਼ਰੂ ਕੀਤੀ ਹੈ ਅਤੇ ਸ੍ਰੋਮਣੀ ਗੁਰਦਵਾਰਾ ਪ੍ਰਬੰਧਕ
ਕਮੇਟੀ ਅਮ੍ਰਿਤਸਰ ਵਲੋਂ 50 ਹਾਜਾਰ ਪ੍ਰਤੀ ਪਰਿਵਾਰ ਤੇ ਦਿਲੀ ਸਿੱਖ ਗੁਰਦਵਾਰਾ ਮੈਨੇਜਮੈਟ
ਕਮੇਟੀ ਵਲੋਂ ਵੀ ਮਾਲੀ ਸਹਾਇਤਾ ਕੀਤੀ ਗਈ ਹੈ ਉਸੇ ਤਰਾਂ ਹਿਮਾਚਲ ਪ੍ਰਦੇਸ਼ ਅਤੇ ਬਿਹਾਰ
ਸਰਕਾਰਾਂ ਨੂੰ ਵੀ ਆਪੋ ਆਪਣੇ ਸੂਬੇ ਨਾਲ ਸੰਬੰਧਿਤ ਪੀੜਤ ਪਰਿਵਾਰਾਂ ਨੂੰ ਮਾਲੀ ਸਹਾਹਿਤਾ
ਦੇਣ ਲਈ ਉਪਰਾਲੇ ਕਰਨ ਲਈ ਕਹਿਣ ਤੋ ਇਲਾਵਾ ਪ੍ਰਧਾਨ ਮੰਤਰੀ ਰਾਹਤ ਫੰਡ ਵਿਚੋਂ ਪ੍ਰਭਾਵਿਤ
ਪਰਿਵਾਰਾਂ ਨੁੰ ਮਾਲੀ ਮਦਦ ਮੁਹਈਆ ਕਰਾਉਣ ਦੀ ਅਪੀਲ ਕੀਤੀ। ਸ੍ਰੀਮਤੀ ਬਾਦਲ ਨੇ ਆਏ ਹੋਏ
ਪਰਿਵਾਰਾਂ ਨੂੰ ਯਕੀਨ ਦਵਾਇਆ ਕਿ ਭਾਰਤ ਸਰਕਾਰ ਉਹਨਾਂ ਦੇ ਅਜੀਜਾਂ ਨੂੰ ਘਰ ਵਾਪਸ ਲਿਆਉਣ
ਵਿਚ ਕੋਈ ਢਿੱਲ ਨਹੀਂ ਰਹਿਣ ਦੇਵੇਗੀ ਅਤੇ ਇਸ ਕਾਰਜ ਲਈ ਸਰਕਾਰ ਆਪਣੀ ਵਿਤ ਦੇ ਅੰਦਰ ਤੇ
ਬਾਹਰ ਹਰ ਸੰਭਵ ਕਾਰਵਾਈ ਕਰ ਰਹੀ ਹੈ। ਇਸ ਮੌਕੇ ਪੀੜਤ ਪਰਿਵਾਰਾਂ ਤੋ ਇਲਾਵਾ ਸਾਬਕਾ
ਕੇਦਰੀ ਮੰਤਰੀ ਤੇ ਅਕਾਲੀ ਆਗੂ ਬਲਵੰਤ ਸਿੰਘ ਰਾਮੂਵਾਲੀਆ ਅਤੇ ਦਿਲੀ ਕਮੇਟੀ ਦੇ ਜਨਰਲ
ਸਕਤਰ ਸ: ਮਨਜਿੰਦਰ ਸਿੰਘ ਸਿਰਸਾ ਨੇ ਵੀ ਕੇਦਰ ਸਰਕਾਰ ਦੇ ਉਪਰਾਲਿਆਂ 'ਤੇ ਤਸਲੀ ਦਾ
ਪ੍ਰਗਟਾਵਾ ਕੀਤਾ ਹੈ। ਇਸ ਮੌਕੇ ਪੀੜਤ ਪਰਿਵਾਰ ਦੇ ਮੈਬਰ ਪਰਵਿੰਦਰ ਸਿੰਘ ਲੱਕੀ, ਸਰਦਾਰਾ
ਸਿੰਘ ਜਲਾਲ ਉਸਮ ਅਤੇ ਦਵਿੰਦਰ ਸਿੰਘ ਨੇ ਕਿਹਾ ਕਿ ਇਸ ਵਾਰ ਦੀ ਮੁਲਾਕਾਤ ਨਾਲ ਪਰਿਵਾਰਾਂ
ਨੂੰ ਪੂਰੀ ਤਸਲੀ ਹੋਈ ਹੈ। ਮੀਟਿੰਗ ਵਿਚ ਵਿਦੇਸ਼ ਮੰਤਰਾਲੇ ਦੇ ਅਧਿਕਾਰੀ ਸ੍ਰੀ ਅਨਿਲ
ਵਧਵਾ ਤੋ ਇਲਾਵਾ ਸ: ਮਜੀਠੀਆ ਦੇ ਮੀਡੀਆ ਸਲਾਹਕਾਰ ਪ੍ਰੋ: ਸਰਚਾਂਦ ਸਿੰਘ , ਸ੍ਰੋਮਣੀ
ਕਮੇਟੀ ਮੈਬਰ ਐਡਵੋਕੇਨ ਭਗਵੰਤ ਸਿੰਘ ਸਿਆਲਕਾ, ਦਿਲੀ ਕਮੇਟੀ ਦੇ ਧਰਮ ਪ੍ਰਚਾਰ ਕਮੇਟੀ ਦੇ
ਅਗੂ ਰਾਣਾ ਅਤੇ ਪੀੜਤ ਪਰਿਵਾਰਕ ਮੈਬਰ ਗੁਰਪਿੰਦਰ ਕੌਰ, ਪਰਵਿੰਦਰ ਸਿੰਘ ਲੱਕੀ, ਸਰਦਾਰਾ
ਸਿੰਘ ਜਲਾਲ ਉਸਮਾਂ, ਕਸ਼ਮੀਰ ਸਿੰਘ, ਕਰਨਜੀਤ ਸਿੰਘ, ਸਵਿੰਦਰ ਸਿੰਘ, ਰਕੇਸ਼ ਕੁਮਾਰ,
ਦਵਿੰਦਰ ਸਿੰਘ, ਪ੍ਰਦੀਪ ਕੁਮਾਰ, ਮੁਨੀਸ਼ ਕੁਮਾਰ, ਰਾਜ ਕੁਮਾਰ, ਰਵੀ, ਦੀਪਕ , ਸਰਵਨ
ਸਿੰਘ, ਗੁਰਬਚਨ ਸਿੰਘ , ਨੀਰਜ ਸ਼ਰਮਾ, ਆਰ ਕੇ ਤਿਵਾੜੀ, ਨਵਿੰਦਰ ਸਿੰਘ , ਸੁਖਵਿੰਦਰ ਕੌਰ,
ਰਣਜੀਤ ਕੌਰ, ਹਰਭਜਨ ਕੌਰ, ਸੀਮਾ , ਬੀਬੀ ਧਰਮ ਕੌਰ, ਜਸਬੀਰ ਕੌਰ, ਮਨਜੀਤ ਕੌਰ ਆਦਿ 38
ਪਰਿਵਾਰਕ ਮੈਬਰਾਂ ਨੇ ਵੀ ਹਿਸਾ ਲਿਆ।