ਕੈਂਸਰ ਨਾਲ ਗ੍ਰਸਿਆ ਪਿਆ ਹੈ ਪਿੰਡ ਖੇੜੀ ਚਹਿਲਾਂ
Posted on:- 19-8-2014
ਸੰਗਰੂਰ/ਫਤਿਹ ਪ੍ਰਭਾਕਰ
ਜਿਲ੍ਹਾ
ਸੰਗਰੂਰ ਦੇ ਬਹੁਤੇ ਪਿੰਡਾਂ ਵਿੱਚ ਲੋਕ ਕੈਂਸਰ ਦੀ ਬਿਮਾਰੀ ਨਾਲ ਪੀੜਤ ਜ਼ਿੰਦਗੀ ਲਈ ਲੜਾਈ
ਲੜ ਰਹੇ ਹਨ। ਸ਼ੇਰਪੁਰ ਨੇੜੇ ਪਿੰਡ ਖੇੜੀ ਚਹਿਲਾਂ ਵਿੱਚ ਦਲਿਤ, ਕਿਸਾਨ ਅਤੇ ਹੋਰ ਕਈ
ਕਿਸਮ ਦੇ ਕੰਮ-ਕਾਰ ਕਰਨ ਵਾਲੇ ਲੋਕ ਆਪਣਾ ਸਭ ਕੁਝ ਖਰਚ ਕਰਕੇ ਆਪਣੇ ਪ੍ਰੀਵਾਰ ਦੇ ਕੈਂਸਰ
ਪੀੜਤ ਮੈਂਬਰ ਨੂੰ ਇਸ ਬਿਮਾਰੀ ਤੋਂ ਬਚਾਉਣ ਲਈ ਵੱਖ- ਵੱਖ ਹਸਪਤਾਲਾਂ ਵਿੱਚ ਚੁੱਕੀਂ
ਫਿਰਦੇ ਹਨ।
ਕੱਚੀ ਮਿੱਟੀ ਦੀ ਛੋਟੀ ਜਿਹੀ ਰਸੋਈ ਵਿੱਚ ਬੈਠੀ 55 ਵਰ੍ਹਿਆਂ ਦੀ ਗੁਰਮੇਲ
ਕੌਰ ਪਿਛਲੇ 6 ਸਾਲਾਂ ਤੋਂ ਕੈਂਸਰ ਦੀ ਬਿਮਾਰੀ ਨਾਲ ਦੋ- ਦੋ ਹੱਥ ਕਰ ਰਹੀ ਹੈ । ਆਮਦਨ
ਦੇ ਸੀਮਤ ਸਾਧਨ ਹੋਣ ਤੇ ਵੀ ਸੰਗਰੂਰ ਅਤੇ ਪਟਿਆਲਾ ਦੇ ਹਸਪਤਾਲਾਂ ਤੋਂ ਇਲਾਜ ਕਰਾ ਰਹੀ
ਹੈ। ਗੁਰਮੇਲ ਕੌਰ ਤੇ ਉਸ ਦੇ ਪਤੀ ਨੇ ਇਲਾਜ ਦੌਰਾਨ ਆ ਰਹੀਆਂ ਮੁਸਕਿਲਾਂ ਬਾਰੇ ਦੱਸਿਆ ਕਿ
ਪਟਿਆਲਾ ਦੇ ਡਾਕਟਰਾਂ ਨੇ ਜਦੋਂ ਇਹ ਕਹਿ ਦਿੱਤਾ ਕਿ ਘਰ ਜਾ ਕੇ ਸੇਵਾ ਕਰ ਲਵੋ। ਦੂਸਰੇ
ਪਾਸੇ ਘਰ ਖਾਣ ਨੂੰ ਦਾਣੇ ਨਹੀਂ ਸਨ ਤਾਂ ਅਸੀਂ ਹਾੜ੍ਹੀ ਵੱਢਣ ਲੱਗ ਪਏ, ਬਈ ਦੇਖੀ ਜਾਉ ਜੋ
ਹੋਓ ਘੱਟੋ-ਘੱਟ ਭੁੱਖੇ ਤਾਂ ਨਹੀਂ ਮਰਾਂਗੇ। ਸਰਕਾਰੀ ਇਲਾਜ ਸਹਾਇਤਾ ਫੰਡ ਬਾਰੇ ਉਹਨਾਂ
ਦਾ ਵਿਚਾਰ ਸੀ ਕਿ ਪੈਸੇ ਜੇਕਰ ਹਸਪਤਾਲ ਪਾਸ ਚਲੇ ਵੀ ਜਾਣ ਤਾਂ ਕਿਹੜਾ ਸਾਡੇ 'ਤੇ ਖਰਚ
ਹੋਣਾ ਹੈ, ਹਸਪਤਾਲਾਂ ਵਾਲੇ ਹੀ ਖਰਚ ਦਿੱਖਾ ਕੇ ਪੈਸੇ ਹਜ਼ਮ ਕਰ ਦਿੰਦੇ ਹਨ।
ਪਿੰਡ
ਖੇੜੀ ਚਹਿਲਾਂ ਦੀ ਹੀ ਸੁਖਦੇਵ ਕੌਰ ਦਰਮਿਆਨੀ ਕਿਸਾਨੀ 'ਚੋਂ ਸੀ। ਸਰਕਾਰੀ ਸਹਾਇਤਾ ਇਲਾਜ
ਫੰਡ ਨਾਲ ਵੀ ਇਲਾਜ ਨਹੀਂ ਹੋ ਸਕਿਆ। ਆਰਥਿਕ ਤੰਗੀ ਕਾਰਨ ਲੁਧਿਆਣਾ ਤੇ ਪਟਿਆਲਾ ਤੋਂ ਇਲਾਜ
ਕਰਾਉਣ ਤੋਂ ਅਸਮਰੱਥ ਹੋ ਗਏ। ਆਖਰ ਸੁਖਦੇਵ ਕੌਰ ਬਿਸਤਰਾ ਛੱਡ ਗਈ। ਇਸੇ ਪਿੰਡ ਦੀ 70
ਕੁ ਵਰ੍ਹਿਆਂ ਦੀ ਬਲਵੀਰ ਕੌਰ ਪਿੱਛਲੇ ਇੱਕ ਵ੍ਹਰੇ ਤੋਂ ਕੈਂਸਰ ਦੀ ਬਿਮਾਰੀ ਨਾਲ ਘੁੱਲ
ਰਹੀ ਹੈ। ਲੱਖ ਰੁਪਏ ਦੇ ਕਰੀਬ ਖਰਚਾ ਕੀਤਾ ਜਾ ਚੁੱਕਿਆ ਹੈ। ਕੈਂਸਰ ਦੇ ਇਲਾਜ ਲਈ ਸਰਕਾਰੀ
ਸਹਾਇਤਾ ਬਾਰੇ ਕੋਈ ਗਿਆਨ ਹੀ ਨਹੀਂ। ਛੋਟੀ ਕਿਸਾਨੀ ਤੋਂ ਹੋਣ ਕਾਰਨ ਦੇਸੀ ਦਵਾਈਆਂ ਨਾਲ
ਹੀ ਗੁਜ਼ਾਰਾ ਕਰ ਰਹੇ ਹਨ। ਪਿੰਡ ਖੇੜੀ ਚਹਿਲਾਂ ਦਾ ਹੀ ਰਾਜਾ ਜੀ ਗੁਰਚਰਨ ਸਿੰਘ ਲੀਵਰ ਦੇ
ਕੈਂਸਰ ਤੋਂ ਪੀੜਤ ਹੈ ਅਤੇ ਪਿੱਛਲੇ ਚਾਰ ਮਹੀਨਿਆਂ ਤੋਂ ਰਜਿੰਦਰਾ ਹਸਪਤਾਲ ਪਟਿਆਲਾ ਤੋਂ
ਇਲਾਜ ਕਰਾ ਰਿਹਾ ਹੈ। ਸਰਕਾਰੀ ਸਹਾਇਤਾ ਫੰਡ ਵਿੱਚੋਂ ਇੱਕ ਲੱਖ ਰੁਪਏ ਰਜਿੰਦਰਾ ਹਸਪਤਾਲ
ਪਾਸ ਸਰਕਾਰ ਪਾਸੋਂ ਆਏ ਹਨ ਤੇ ਇਲਾਜ ਚੱਲ ਰਿਹਾ ਹੈ । ਘਰੇਲੂ ਹਾਲਾਤ ਬਹੁਤੇ ਅੱਛੇ ਨਹੀਂ
ਹਨ। ਲੋਕਾਂ ਦੇ ਵਿਆਹ ਸ਼ਾਦੀਆਂ, ਮੰਗਣੀਆਂ ਆਦਿ ਦੇ ਸਨੇਹੇ ਦੇਣ ਦਾ ਕੰਮ ਕਰਦਾ ਸੀ, ਹੁਣ
ਉਹ ਵੀ ਨਹੀਂ ਕੀਤਾ ਜਾ ਰਿਹਾ।
ਪਿੰਡ ਖੇੜੀ ਚਹਿਲਾਂ ਦੇ ਕਿਸਾਨ ਪ੍ਰੀਵਾਰ ਵਿੱਚੋਂ
ਬੰਤ ਸਿੰਘ ਨੂੰ ਵੀ ਕੈਂਸਰ ਦੀ ਬਿਮਾਰੀ ਨੇ ਆਪਣੀ ਲਪੇਟ ਵਿੱਚ ਲੈ ਕੇ ਮੌਤ ਦੇ ਮੂੰਹ ਧੱਕ
ਦਿੱਤਾ । ਇਲਾਜ ਤੇ ਪਰਿਵਾਰ ਦੀ ਪਹੁੰਚ ਤੋਂ ਕਿਤੇ ਵੱਧ ਖਰਚਾ ਹੋ ਗਿਆ ਤੇ ਬੰਦਾ ਵੀ
ਨਹੀਂ ਬਚਾਇਆ ਜਾ ਸਕਿਆ।
ਇਸੇ ਪਿੰਡ ਦੀ ਵੀਰਪਾਲ ਕੌਰ ਨੇ ਵੀ ਹਜਾਰਾਂ ਰੁਪਏ ਖਰਚ
ਕਰਕੇ ਲੁਧਿਆਣਾ ਦੇ ਇੱਕ ਪ੍ਰਾਈਵੇਟ ਹਸਪਤਾਲ ਪਾਸੋਂ ਇਲਾਜ ਕਰਾ ਰਹੀ ਹੈ। ਸਰਕਾਰੀ ਇਲਾਜ
ਸਹਾਇਤਾ ਫੰਡ ਲੈਣ ਲਈ ਫਾਰਮ ਬਾਅਦ ਵਿੱਚ ਭਰੇ ਹਨ। ਕਿਸਾਨ ਪ੍ਰੀਵਾਰ ਵਿੱਚੋਂ 55 ਕੁ
ਸਾਲਾਂ ਦੀ ਸੁਖਦੇਵ ਕੌਰ 2012 ਤੋਂ ਛਾਤੀ ਦੇ ਕੈਂਸਰ ਤੋਂ ਪੀੜਤ ਹੈ ਤੇ ਇਲਾਜ ਕਰਾ ਰਹੀ
ਹੈ। ਉਹਨਾਂ ਦੱਸਿਆ ਕਿ ਸਰਕਾਰੀ ਇਲਾਜ ਸਹਾਇਤਾ ਰਾਸ਼ੀ ਵੀ ਹਸਪਤਾਲ ਨੂੰ ਮਿਲੀ ਸੀ ਪਰ ਫੇਰ
ਵੀ ਪ੍ਰੀਵਾਰ ਦਾ ਤਿੰਨ ਲੱਖ ਤੋਂ ਉਪਰ ਪੈਸਾ ਖਰਚ ਹੋ ਚੁੱਕਾ ਹੈ। ਸੁਖਦੇਵ ਕੌਰ ਦੀ ਹਾਲਤ
ਠੀਕ ਹੈ ਤੇ ਹੁਣ ਤਿੰਨ ਮਹੀਨਿਆਂ ਤੋਂ ਬਾਅਦ ਦਵਾਈ ਲੈਣ ਜਾਣਾ ਪੈਂਦਾ ਹੈ। ਇਹਨਾਂ ਬਹੁਤੇ
ਕੈਂਸਰ ਪੀੜ੍ਹਤ ਮਰੀਜਾਂ ਤੇ ਉਹਨਾਂ ਦੇ ਵਾਰਸਾਂ ਦਾ ਕਹਿਣਾ ਹੈ ਕਿ ਸਰਕਾਰੀ ਇਲਾਜ ਸਹਾਇਤਾ
ਰਾਸ਼ੀ ਨਕਦ ਪਰਿਵਾਰਾਂ ਨੂੰ ਦਿੱਤੀ ਜਾਣੀ ਚਾਹੀਦੀ ਹੈ ਤਾਂ ਜੋ ਮਰੀਜ ਜਿਥੋਂ ਮਰਜ਼ੀ ਇਲਾਜ
ਕਰਾ ਲਵੇ। ਇਨ੍ਹਾਂ ਦਾ ਕਹਿਣਾ ਸੀ ਕਿ ਹਸਪਤਾਲਾਂ ਪਾਸ ਭੇਜੀ ਇਲਾਜ ਸਹਾਇਤਾ ਰਾਸ਼ੀ ਦੀ
ਵਰਤੋਂ ਮਰੀਜ 'ਤੇ ਸਹੀ ਨਹੀਂ ਖਰਚ ਕੀਤੀ ਜਾਂਦੀ।