ਸਹਾਰਨਪੁਰ ਦੰਗੇ : ਜਾਂਚ ਰਿਪੋਰਟ ਨੇ ਭਾਜਪਾ ਦੀ ਭੂਮਿਕਾ ’ਤੇ ਸਵਾਲ ਉਠਾਏ
Posted on:- 18-8-2014
ਲਖਨਊ : ਉਤਰ
ਪ੍ਰਦੇਸ਼ ਦੇ ਸਹਾਰਨਪੁਰ ਵਿੱਚ ਹਾਲ ਹੀ ਵਿੱਚ ਹੋਏ ਦੰਗਿਆਂ ਦੀ ਜਾਂਚ ਰਿਪੋਰਟ ਵਿੱਚ
ਜਿੱਥੇ ਦੰਗਿਆਂ ਲਈ ਪ੍ਰਸ਼ਾਸਨਿਕ ਲਾਪ੍ਰਵਾਹੀ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ, ਉਥੇ ਹੀ
ਰਿਪੋਰਟ ਵਿੱਚ ਭਾਰਤੀ ਜਨਤਾ ਪਾਰਟੀ ਦੇ ਸਾਂਸਦ ਰਾਘਵ ਲਖਨਪਾਲ ’ਤੇ ਦੰਗੇ ਭੜਕਾਉਣ ਦੇ ਦੋਸ਼
ਲਾਏ ਗਏ ਹਨ। ਇਸ ਦੇ ਨਾਲ ਹੀ ਕਾਂਗਰਸੀ ਆਗੂ ਇਮਰਾਨ ਮਸੂਦ ਨੂੰ ਕਲੀਨ ਚਿੱਟ ਦੇ ਦਿੱਤੀ
ਗਈ ਹੈ।
ਇਹ ਰਿਪੋਰਟ ਉੱਤਰ ਪ੍ਰਦੇਸ਼ ਦੇ ਮੰਤਰੀ ਸ਼ਿਵਪਾਲ ਸਿੰਘ ਯਾਦਵ ਦੀ ਅਗਵਾਈ ਵਿੱਚ
ਬਣਾਈ ਗਈ ਟੀਮ ਨੇ ਤਿਆਰ ਕੀਤੀ ਹੈ, ਜੋ ਅੱਜ ਮੁੱਖ ਮੰਤਰੀ ਅਖਿਲੇਸ਼ ਯਾਦਵ ਨੂੰ ਸੌਂਪੀ
ਗਈ।
ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਇਸ ਨੂੰ ਸਿਆਸੀ ਪਾਰਟੀ (ਸਪਾ) ਦੀ ਜਾਂਚ
ਰਿਪੋਰਟ ਦੱਸਦਿਆਂ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਭਾਜਪਾ ਨੇ ਜਾਂਚ
ਰਿਪੋਰਟ ਨੂੰ ਖਾਰਜ ਕਰ ਦਿੱਤਾ ਹੈ।
ਸੂਤਰਾਂ ਅਨੁਸਾਰ ਜਾਂਚ ਟੀਮ ਨੇ ਆਪਣੀ ਰਿਪੋਰਟ
ਵਿੱਚ ਭਾਰਤੀ ਜਨਤਾ ਪਾਰਟੀ ਦੇ ਸਥਾਨਕ ਐਮਪੀ ਰਾਘਵ ਲਖਨਪਾਲ ’ਤੇ ਸ਼ਹਿਰ ਵਿੱਚ ਦੰਗਾਕਾਰੀਆਂ
ਨੂੰ ਭੜਕਾਉਣ ਦਾ ਦੋਸ਼ ਲਗਾਇਆ ਗਿਆ ਹੈ। ਉਨ੍ਹਾਂ ਵੱਲੋਂ ਲੋਕਾਂ ਨੂੰ ਭੜਕਾਉਣ ਤੋਂ ਬਾਅਦ
ਦੁਕਾਨਾਂ ਸਾੜਨ ਦਾ ਯਤਨ ਕੀਤਾ ਗਿਆ। ਰਿਪੋਰਟ ਮੁਤਾਬਕ ਇਨ੍ਹਾਂ ਦੰਗਿਆਂ ਲਈ ਪ੍ਰਸ਼ਾਸਨਿਕ
ਲਾਪ੍ਰਵਾਹੀ ਵੀ ਜ਼ਿੰਮੇਵਾਰ ਰਹੀ ਅਤੇ ਦੰਗੇ ਭੜਕਣ ਤੋਂ ਬਾਅਦ ਹੀ ਪ੍ਰਸ਼ਾਸਨਿਕ ਅਮਲਾ ਹਰਕਤ
ਵਿੱਚ ਆਇਆ।
ਸਮਾਜਵਾਦੀ ਪਾਰਟੀ (ਸਪਾ) ਦੇ ਜਨਰਲ ਸਕੱਤਰ ਅਤੇ ਰਾਜ ਸਭਾ ਦੇ ਸਾਂਸਦ
ਨਰੇਸ਼ ਅਗਰਵਾਲ ਨੇ ਰਿਪੋਰਟ ’ਤੇ ਕਿਹਾ ਕਿ ਇਸ ਰਿਪੋਰਟ ਵਿੱਚ ਸਪੱਸ਼ਟ ਤੌਰ ’ਤੇ ਦੱਸਿਆ ਗਿਆ
ਹੈ ਕਿ ਅਧਿਕਾਰੀਆਂ ਦੀ ਨਾਕਾਮੀ ਕਾਰਨ ਇਹ ਦੰਗੇ ਹੋਏ ਹਨ। ਇਹ ਫਿਰਕੂ ਨਹੀਂ, ਸਗੋਂ
ਲਾਪ੍ਰਵਾਹੀ ਦੇ ਦੰਗੇ ਸਨ। ਦੋਸ਼ੀ ਅਧਿਕਾਰੀਆਂ ’ਤੇ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਕਿ
ਭਵਿੱਖ ਵਿੱਚ ਅਜਿਹੀ ਲਾਪ੍ਰਵਾਹੀ ਨਾ ਵਰਤੀ ਜਾਵੇ।
ਸ੍ਰੀ ਅਗਰਵਾਲ ਨੇ ਕਿਹਾ ਕਿ
ਦੰਗਿਆਂ ਵਿੱਚ ਉਥੋਂ ਦੇ ਇੱਕ ਭਾਜਪਾ ਸਾਂਸਦ ਦੀ ਭੂਮਿਕਾ ਵੀ ਸਾਹਮਣੇ ਆਈ ਹੈ। ਉਨ੍ਹਾਂ
ਕਿਹਾ ਕਿ ਭਾਜਪਾ ਦੁੱਧ ਧੋਤੀ ਨਹੀਂ ਹੈ। ਇੱਕ ਪਾਸੇ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ
ਫਿਰਕੂ ਦੰਗੇ ਰੋਕਣ ਦੀ ਗੱਲ ਕਰਦੇ ਹਨ ਤੇ ਦੂਜੇ ਪਾਸੇ ਉਨ੍ਹਾਂ ਦੀ ਪਾਰਟੀ ਦੇ ਸਾਂਸਦ
ਅਜਿਹੇ ਫਿਰਕੂ ਦੰਗਿਆਂ ਵਿੱਚ ਸ਼ਾਮਲ ਹੁੰਦੇ ਹਨ। ਇਹ ਤਾਂ ਉਹ ਗੱਲ ਹੋਈ ਕਿ ਚੋਰ ਨੂੰ ਕਹੋ
ਚੋਰੀ ਕਰੋ, ਸ਼ਾਹ ਨੂੰ ਕਹੋ ਜਾਗਦੇ ਰਹੋ।
ਉੱਧਰ ਭਾਰਤੀ ਜਨਤਾ ਪਾਰਟੀ ਨੇ ਸਹਾਰਨਪੁਰ
ਦੰਗਿਆਂ ਦੀ ਜਾਂਚ ਲਈ ਬਣਾਈ ਗਈ ਟੀਮ ਦੀ ਰਿਪੋਰਟ ਨੂੰ ਸਿਆਸੀ ਤੌਰ ’ਤੇ ਪੇ੍ਰਰਿਤ ਅਤੇ
ਆਪਾ ਵਿਰੋਧੀ ਦੱਸਿਆ ਹੈ। ਭਾਜਪਾ ਦੇ ਬੁਲਾਰੇ ਵਿਜੇ ਬਹਾਦਰ ਪਾਠਕ ਨੇ ਦੋਸ਼ ਲਗਾਇਆ ਹੈ ਕਿ
ਰਿਪੋਰਟ ਵਿੱਚ ਇੱਕ ਪਾਸੇ ਤਾਂ ਦੰਗਿਆਂ ਲਈ ਪ੍ਰਸ਼ਾਸਨਿਕ ਲਾਪ੍ਰਵਾਹੀ ਨੂੰ ਜ਼ਿੰਮੇਵਾਰ
ਠਹਿਰਾਇਆ ਗਿਆ ਹੈ, ਉਥੇ ਹੀ ਇੱਕ ਭਾਜਪਾ ਸਾਂਸਦ ’ਤੇ ਵੀ ਦੋਸ਼ ਲਾਏ ਗਏ ਹਨ।
ਉਨ੍ਹਾਂ
ਕਿਹਾ ਕਿ ਜਦੋਂ ਪ੍ਰਸ਼ਾਸਨ ਦੀ ਨਾਕਾਮੀ ਸਾਹਮਣੇ ਆ ਰਹੀ ਹੈ ਤਾਂ ਇਸ ਲਈ ਭਾਜਪਾ ਕਿਵੇਂ
ਜ਼ਿੰਮੇਵਾਰ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਸਮਾਜਵਾਦੀ ਪਾਰਟੀ ਸਿਆਸੀ ਲਾਭ ਲੈਣ ਲਈ
ਭਾਜਪਾ ’ਤੇ ਦੋਸ਼ ਲਗਾ ਰਹੀ ਹੈ। ਸ੍ਰੀ ਪਾਠਕ ਨੇ ਕਿਹਾ ਕਿ ਉਹ ਜਾਂਚ ਕਮੇਟੀ ਸਪਾ ਦੀ ਸੀ,
ਸੂਬਾ ਸਰਕਾਰ ਦੀ ਨਹੀਂ। ਜਾਂਚ ਰਿਪੋਰਟ ਸਰਕਾਰ ਦੀ ਨਾਕਾਮੀ ਨੂੰ ਲੁਕਾਉਣ ਦਾ ਯਤਨ ਹੈ।
ਦੱਸਣਾ ਬਣਦਾ ਹੈ ਕਿ ਬੀਤੀ 26 ਜੁਲਾਈ ਨੂੰ ਸਹਾਰਨਪੁਰ ਦੇ ਕੁਤਬਸ਼ੇਰ ਇਲਾਕੇ ਵਿੱਚ ਇੱਕ
ਵਿਵਾਦਤ ਥਾਂ ’ਤੇ ਉਸਾਰੀ ਦੇ ਕੰਮ ਨੂੰ ਲੈ ਕੇ ਦੋ ਘੱਟ ਗਿਣਤੀ ਭਾਈਚਾਰਿਆਂ ਦਰਮਿਆਨ
ਹਿੰਸਾ ਭੜਕ ਉਠੀ ਸੀ, ਜਿਸ ਦੌਰਾਨ 3 ਲੋਕਾਂ ਦੀ ਮੌਤ ਹੋ ਗਈ ਸੀ। ਇਨ੍ਹਾਂ ਤੋਂ ਇਲਾਵਾ 20
ਵਿਅਕਤੀ ਜ਼ਖ਼ਮੀ ਵੀ ਹੋ ਗਏ ਸਨ ਅਤੇ ਦੰਗਾਕਾਰੀਆਂ ਨੇ ਕਈ ਦੁਕਾਨਾਂ ਫੂਕ ਦਿੱਤੀਆਂ ਸਨ।