ਮੁੱਖ ਮੰਤਰੀ ਵੱਲੋਂ ਪੰਜਾਬ ਨੂੰ ਦੇਸ਼ ਦਾ ਅਗਾਂਹਵਧੂ ਸੂਬਾ ਬਣਾਉਣ ਦਾ ਸੱਦਾ
Posted on:- 17-08-2014
-ਤੇਜਿੰਦਰ ਫ਼ਤਿਹਪੁਰ
ਪਟਿਆਲਾ : ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅਜ਼ਾਦੀ ਦਿਹਾੜੇ ਮੌਕੇ ਲੋਕਾਂ ਨੂੰ ਸੱਦਾ ਦਿੱਤਾ ਕਿ ਬੇਰੁਜ਼ਗਾਰੀ, ਗਰੀਬੀ ਅਤੇ ਅਨਪੜ੍ਹਤਾ ਤੋਂ ਇਲਾਵਾ ਨਸ਼ਿਆਂ ਦੀ ਅਲਾਮਤ ਤੋਂ ਮੁਕਤ ਅਗਾਂਹਵਧੂ ਪੰਜਾਬ ਦੀ ਸਿਰਜਣਾ ਕਰਨ ਦਾ ਪ੍ਰਣ ਲਿਆ ਜਾਵੇ ਤਾਂ ਜੋ ਲਾਮਿਸਾਲ ਕੁਰਬਾਨੀਆਂ ਦੇਣ ਵਾਲੇ ਮਹਾਨ ਦੇਸ਼ਭਗਤਾਂ ਅਤੇ ਆਜ਼ਾਦੀ ਘੁਲਾਟੀਆਂ ਦੇ ਸੰਜੋਏ ਹੋਏ ਸੁਪਨਿਆਂ ਨੂੰ ਸਾਕਾਰ ਕੀਤਾ ਜਾ ਸਕੇ। ਇਹ ਸ਼ਬਦ ਉਨ੍ਹਾਂ ਇਥੇ ਯਾਦਵਿੰਦਰਾ ਪਬਲਿਕ ਸਕੂਲ ਦੇ ਮੈਦਾਨ ਵਿੱਚ 68ਵੇਂ ਆਜ਼ਾਦੀ ਦਿਹਾੜੇ ਮੌਕੇ ਰਾਜ ਪੱਧਰੀ ਸਮਾਗਮ ਦੌਰਾਨ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨ ਤੋਂ ਬਾਅਦ ਲੋਕਾਂ ਇਕੱਠ ਨੂੰ ਸੰਬੋਧਨ ਕਰਦਿਆਂ ਕਹੇ। ਸ੍ਰੀ ਬਾਦਲ ਨੇ ਅੱਗੇ ਆਖਿਆ ਕਿ ਇਹ ਹਰ ਪੰਜਾਬੀ ਲਈ ਬਹੁਤ ਮਾਣ ਤੇ ਫਖ਼ਰ ਵਾਲੀ ਗੱਲ ਹੈ ਕਿ ਦੇਸ਼ ਦੀਆਂ ਪ੍ਰਮੁੱਖ ਆਜ਼ਾਦੀ ਲਹਿਰਾਂ ਕੂਕਾ ਲਹਿਰ, ਗਦਰ ਲਹਿਰ, ਕਾਮਾਗਾਟਾ ਮਾਰੂ, ਪਗੜੀ ਸੰਭਾਲ ਜੱਟਾ, ਗੁਰਦੁਆਰਾ ਸੁਧਾਰ ਲਹਿਰ ਅਤੇ ਬੱਬਰ ਅਕਾਲੀ ਲਹਿਰ ਵੀ ਬਹਾਦਰ ਪੰਜਾਬੀਆਂ ਦੀ ਅਗਵਾਈ ਵਿੱਚ ਹੀ ਚੱਲੀਆਂ।
ਕੌਮੀ ਆਜ਼ਾਦੀ ਸੰਘਰਸ਼ ਵਿੱਚ ਪੰਜਾਬੀਆਂ ਦੇ ਅਮੀਰ ਵਿਰਸੇ ਦੇ ਪਾਸਾਰ ਲਈ
ਸੂਬਾ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਮੁੱਖ ਮੰਤਰੀ ਨੇ ਆਖਿਆ ਕਿ ਸੂਬਾ ਸਰਕਾਰ
ਵੱਲੋਂ ਜਲੰਧਰ ਨੇੜੇ 200 ਕਰੋੜ ਰੁਪਏ ਦੀ ਲਾਗਤ ਨਾਲ ਵਿਸ਼ਵ ਪੱਧਰੀ ਜੰਗ-ਏ-ਆਜ਼ਾਦੀ ਯਾਦਗਾਰ
ਦੀ ਸਥਾਪਨਾ ਕੀਤੀ ਜਾ ਰਹੀ ਹੈ ਜੋ ਆਜ਼ਾਦੀ ਸੰਘਰਸ਼ ਵਿੱਚ ਪੰਜਾਬੀਆਂ ਦੇ ਅਥਾਹ ਯੋਗਦਾਨ
ਨੂੰ ਉਜਾਗਰ ਕਰੇਗੀ। ਇਸੇ ਤਰ੍ਹਾਂ ਸ. ਬਾਦਲ ਨੇ ਆਖਿਆ ਕਿ ਅੰਮਿ੍ਰਤਸਰ ਵਿਖੇ
ਅੰਮਿ੍ਰਤਸਰ-ਅਟਾਰੀ ਰੋਡ ’ਤੇ 7 ਏਕੜ ਰਕਬੇ ਵਿੱਚ ਜੰਗੀ ਯਾਦਗਾਰ-ਕਮ-ਸਮਾਰਕ ਦੀ ਉਸਾਰੀ
ਕੀਤੀ ਜਾ ਰਹੀ ਹੈ ਜੋ ਪੰਜਾਬੀ ਸੈਨਿਕਾਂ ਅਤੇ ਅਧਿਕਾਰੀਆਂ ਵੱਲੋਂ ਫੌਜ ਦੀ ਸੇਵਾ ਦੌਰਾਨ
ਦਿੱਤੀਆਂ ਲਾਮਿਸਾਲ ਕੁਰਬਾਨੀਆਂ ਨੂੰ ਦਰਸਾਏਗੀ। ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ
ਡੀ.ਜੀ.ਪੀ ਸੁਮੇਧ ਸੈਣੀ ਅਤੇ ਡਿਪਟੀ ਕਮਿਸ਼ਨਰ ਵਰੁਣ ਰੂਜਮ ਨਾਲ ਪਰੇਡ ਦਾ ਨਿਰੀਖਣ ਕੀਤਾ
ਜਿਸ ਦੀ ਅਗਵਾਈ ਪਰੇਡ ਕਮਾਂਡਰ ਡੀ.ਐਸ.ਪੀ ਆਕਾਸ਼ਦੀਪ ਸਿੰਘ ਔਲਖ ਅਤੇ ਸਹਾਇਕ ਪਰੇਡ ਕਮਾਂਡਰ
ਡੀ.ਐਸ.ਪੀ ਜਸਕੀਰਤ ਸਿੰਘ ਅਹੀਰ ਕਰ ਰਹੇ ਸਨ। ਇਸ ਦੌਰਾਨ ਮੁੱਖ ਮੰਤਰੀ ਨੇ
ਆਈ.ਟੀ.ਬੀ.ਪੀ, ਪੀ.ਏ.ਪੀ, ਪੰਜਾਬ ਹੋਮਗਾਰਡ, ਐਨ.ਸੀ.ਸੀ ਕੈਡਿਟ ਤੋਂ ਇਲਾਵਾ ਪੰਜਾਬ
ਪੁਲਿਸ ਦੇ ਬੈਂਡ ਦੇ ਪ੍ਰਭਾਵਸ਼ਾਲੀ ਮਾਰਚ ਪਾਸਟ ਦੌਰਾਨ ਸਲਾਮੀ ਲਈ। ਸਮਾਰੋਹ ਦੌਰਾਨ ਮੁੱਖ
ਮੰਤਰੀ ਵੱਲੋਂ ਵੱਖ-ਵੱਖ ਖੇਤਰਾਂ ਵਿੱਚ ਨਾਮਣਾ ਖੱਟਣ ਵਾਲੀਆਂ 16 ਸ਼ਖ਼ਸੀਅਤਾਂ ਨੂੰ ਰਾਜ
ਪੱਧਰੀ ਪੁਰਸਕਾਰ, 7 ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਕਮਿਊਨਿਟੀ ਪੁਲਿਸਿੰਗ ਸੇਵਾ
ਮੈਡਲ ਅਤੇ ਇੱਕ ਮਰਹੂਮ ਜੇਲ੍ਹ ਵਾਰਡਰ ਦੀ ਪਤਨੀ ਨੂੰ ਗਲੈਂਟਰੀ ਸਰਵਿਸ ਮੈਡਲ ਨਾਲ
ਸਨਮਾਨਿਤ ਕੀਤਾ ਗਿਆ। ਉਨ੍ਹਾਂ ਵੱਲੋਂ ਆਜ਼ਾਦੀ ਘੁਲਾਟੀਆਂ ਨੂੰ ਵੀ ਵਿਸ਼ੇਸ਼ ਤੌਰ ’ਤੇ
ਸਨਮਾਨਿਤ ਕੀਤਾ ਗਿਆ।