ਪ੍ਰਦੂਸ਼ਣ ਫੈਲਣ ਪਿੱਛੇ ਸਿਸਟਮ ਦੀ ਢਿੱਲ ਜ਼ਿੰਮੇਵਾਰ : ਸੰਤ ਸੀਚੇਵਾਲ
Posted on:- 17-08-2014
-ਵੀ ਪੀ ਸਿੰਘ ਨਾਗਰਾ
ਚੰਡੀਗੜ੍ਹ : ਵਾਤਾਵਰਣ
ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਅੱਜ ਜੋ ਅਸੀਂ ਪੂਦੁਸ਼ਨ ਦਾ ਸੰਤਾਪ
ਭੋਗ ਰਹੇ ਹਾਂ, ਇਸੇ ਪਿੱਛੇ ਸਾਡੇ ਸਿਸਟਮ ਦੀ ਨਾਲਾਇਕੀ ਜ਼ਿੰਮੇਵਾਰ ਹੈ, ਜਿਸ ਨੇ ਇਸ ਨੂੰ
ਫੈਲਣ ਤੋਂ ਰੋਕਣ ਲਈ ਕਿਸੇ ਤਰ੍ਹਾਂ ਦਾ ਸ਼ਿਕੰਜਾ ਨਹੀਂ ਕੱਸਿਆ। ਉਨ੍ਹਾਂ ਅੱਜ ਸਥਾਨਕ
ਸੈਕਟਰ 29-ਡੀ ਦੇ ਭਕਨਾ ਭਵਨ ਦੀ ਫੇਰੀ ਦੌਰਾਨ ਗੱਲਬਾਤ ਕਰਦੇ ਹੋਏ ਕਿਹਾ ਕਿ ਲੋਕਾਂ ਨੂੰ
ਪ੍ਰਚਾਰ ਰਾਹੀਂ ਪ੍ਰਦੂੁਸ਼ਨ ਨੂੰ ਫੈਲਾਉਣ ਤੋਂ ਰੋਕਿਆ ਜਾ ਸਕਦਾ ਹੈ, ਪਰ ਜਿੰਨੀ ਦੇਰ
ਸਰਕਾਰ ਜਾ ਪ੍ਰਸ਼ਾਸਨ ਇਸ ਪਾਸੇ ਗੰਭੀਰਤਾ ਨਾਲ ਨਹੀਂ ਕੰਮ ਕਰਦਾ, ਉਨੀ ਦੇਰ ਇਸ ’ਤੇ ਕਾਬੂ
ਨਹੀਂ ਪਾਇਆ ਜਾ ਸਕਦਾ।
ਉਨ੍ਹਾਂ ਕਿਹਾ ਕਿ ਅੱਜ ਜੋ ਕਾਲਾ ਸੰਘਿਆ ਡਰੇਨ ਜਾ ਬੁੱਢਾ
ਦਰਿਆ ਗੰਦੇ ਨਾਲੇ ਦਾ ਰੂਪ ਧਾਰਨ ਕਰ ਚੁੱਕਿਆ ਹੈ, ਉਸ ਪਿੱਛੇ ਜਿੱਥੇ ਫੈਕਟਰੀਆਂ ਦਾ ਗੰਦਾ
ਪਾਣੀ ਬਿਨਾਂ ਸੋਧੇ ਪਾਉਣਾ ਜ਼ਿੰਮੇਵਾਰ ਹੈ, ਉਥੇ ਹੀ ਸਹਿਰਾਂ ਦਾ ਕਾਰਪੋਰੇਸ਼ਨਾਂ ਵੱਲੋਂ
ਸੁੱਟਿਆ ਜਾਂਦਾ ਬਿਨਾਂ ਸੋਧਿਆ ਪਾਣੀ ਵੀ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਉਦਯੋਗਾਂ ਆਦਿ
ਦਾ ਗੰਦਾ ਪਾਣੀ ਭਾਵੇ 15 ਤੋਂ 20 ਫੀਸਦੀ ਹੀ ਹੈ ਪਰ ਉਹ ਸੋਧਿਆ ਨਾ ਹੋਣ ਕਰਕੇ ਐਮਸੀ
ਵੱਲੋਂ ਛੱਡੇ ਜਾਂਦੇ 80 ਫੀਸਦੀ ਗੰਦੇ ਪਾਣੀ ਨਾਲੋਂ ਕਿਤੇ ਜ਼ਿਆਦਾ ਜ਼ਹਿਰੀਲਾ ਹੈ। ਉਨ੍ਹਾਂ
ਕਿਹਾ ਕਿ ਇਲੈਕਟ੍ਰੋਪਲੇਟਿੰਗ ਤੇ ਚਮੜਾ ਉਦਯੋਗ ਵੱਲੋਂ ਜੋ ਬਿਨ ਸੋਧਿਆ ਪਾਣੀ ਛੱਡਿਆ
ਜਾਂਦਾ ਰਿਹਾ ਹੈ, ਉਸ ਨੇ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਨੂੰ ਜਨਮ ਦਿੱਤਾ। ਉਨ੍ਹਾਂ
ਕਿਹਾ ਕਿ ਕੈਂਸਰ ਨੇ ਪਹਿਲਾਂ ਜਿੱਥੇ ਅਸਿੱਧੇ ਰੂੁਪ ’ਚ ਮਾਲਵਾ ਤੇ ਰਾਜਸਥਾਨ ਨੂੰ ਆਪਣੀ
ਜਕੜ ’ਚ ਲਿਆ, ਉਥੇ ਹੀ ਹੁਣ ਇਹ ਬਿਮਾਰੀ ਸਿੱਧੇ ਰੂਪ ’ਚ ਦੋਆਬੇ ਨੂੰ ਘੇਰ ਰਹੀ ਹੈ।
ਉਨ੍ਹਾਂ ਕਿਹਾ ਕਿ ਸਾਡੇ ਦੇਸ਼ ’ਚ ਹੋਰਨਾਂ ਦੇਸ਼ਾਂ ਦੇ ਮੁਕਾਬਲੇ ਅਜੇ ਵੀ ਪ੍ਰਦੁਸ਼ਨ ਕਾਫੀ
ਥੱਲੇ ਹੈ ਤੇ ਜੇ ਸਰਕਾਰਾਂ ਇਸ ਮਾਮਲੇ ਪ੍ਰਤੀ ਸੁਹਿਰਦਤਾ ਦਿਖਾਉਣ ਤਾਂ ਇਹ ਕਾਬੂੁ ’ਚ ਆ
ਸਕਦਾ ਹੈ।
ਉਨ੍ਹਾਂ ਕਿਹਾ ਕਿ ਜਲੰਧਰ ’ਚ ਏਸ਼ੀਆ ’ਚੋਂ ਸਭ ਤੋਂ ਜ਼ਿਆਦਾ ਹਸਪਤਾਲ ਹਨ,
ਪਰ ਜੇ ਇੱਥੇ ਪਾਣੀ ਦੀ ਟੈਸਟਿੰਗ ਕਰਨ ਵਾਲੀਆਂ ਲੈਬਾਂ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ
ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਉਨ੍ਹਾਂ ਕਿਹਾ ਕਿ ਜਿਸ ਤਰੀਕੇ ਨਾਲ ਸਾਡਾ ਪਾਣੀ
ਪ੍ਰਦੂੁਸ਼ਤ ਹੋਇਆ ਤੇ ਇਸ ਦਾ ਪੱਧਰ ਦਿਨੋਂ ਦਿਨੀਂ ਹੇਠਾ ਜਾ ਰਿਹਾ ਹੈ, ਇਸ ’ਚੋਂ ਕਿਸੇ
ਸ਼ਾਜਿਸ਼ ਦੀ ਬੋਅ ਵੀ ਆਉਂਦੀ ਹੈ ਕਿ ਇਹ ਸਭ ਕਿਤੇ ਧਨ ਕੁਬੇਰਾਂ ਦੀ ਮਿਲੀਭੁਗਤ ਨਾਲ ਤਾਂ
ਨਹੀਂ ਹੋ ਰਿਹਾ। ਉਨ੍ਹਾਂ ਕਿਹਾ ਕਿ ਸਿਸਟਮ ਪਹਿਲਾਂ ਪਾਣੀ ਨੂੰ ਪ੍ਰਦੂੁਸ਼ਤ ਹੰੁਦਿਆਂ ਦਰਸ਼ਕ
ਬਣ ਕੇ ਵੇਖਦਾ ਰਿਹਾ ਤੇ ਵੇਖ ਰਿਹਾ ਹੈ। ਉਨ੍ਹਾਂ ਕਿਹਾ ਕਿ ਪਾਣੀ ਨੂੰ ਪਹਿਲਾਂ ਜ਼ਹਿਰੀਲਾ
ਕਰ ਲਿਆ ਗਿਆ ਤੇ ਹੁਣ ਆਰਓ ਸਿਸਟਮ ਲਾਏ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਜਦੋਂ
ਉਨ੍ਹਾਂ ਨੇ ਕਾਲੀ ਵੇਈ ਨੂੰ ਸਾਫ ਕਰਨ ਦੀ ਸੇਵਾ ਸੰਭਾਲੀ ਤਾਂ ਉਨ੍ਹਾਂ ਦਾ ਵਿਰੋਧ ਵੀ
ਹੋਇਆ, ਜਿਸ ਨੇ ਉਨ੍ਹਾਂ ਨੂੰ ਹੋਰ ਬੱਲ ਦਿੱਤਾ। ਉਨ੍ਹਾਂ ਕਿਹਾ ਕਿ ਅੱਜ ਕਾਲੀ ਵੇਈ ਦੇ
ਸਾਫ ਹੋਣ ਨਾਲ ਹਜ਼ਾਰਾਂ ਏਕੜ ਜ਼ਮੀਨ ਆਬਾਦ ਹੋ ਚੁੱਕੀ ਹੈ ਤੇ ਇਸ ਕਾਲੀ ਵੇਈ ਦਾ ਪਾਣੀ ਇਸ
ਜ਼ਮੀਨ ਨੂੰ ਸਿੰਜਦਾ ਹੈ। ਉਨ੍ਹਾਂ ਕਿਹਾ ਕਿ ਸੀਚੇਵਾਲ ਚ ਅੱਠ ਤੇ ਦਸੂਹੇ ਦੇ ਇਲਾਕੇ ’ਚ
ਪੰਜ ਕਿਲੋਮੀਟਰ ਤੱਕ ਇਸ ਕਾਲੀ ਵੇਈ ਦਾ ਪਾਣੀ ਖੇਤਾਂ ਨੂੰ ਲੱਗਦਾ ਹੈ। ਉਨ੍ਹਾਂ ਕਿਹਾ ਕਿ
ਜੇ ਕਰ ਇਕ ਸ਼ਹਿਰ ਦਾ ਪਾਣੀ ਸੋਧ ਕੇ ਖੇਤਾਂ ਨੂੰ ਲਾਇਆ ਜਾਵੇ ਤਾਂ ਇਹ ਇਕ ਨਹਿਰ ਦੇ ਬਾਰਬਰ
ਹੁੰਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਇਹ ਪਾਣੀ ਪਲੀਤ ਹੋ ਰਿਹਾ ਸੀ ਤਾਂ ਉਸ ਵੇਲੇ ਸਿਆਸੀ
ਲੋਕ, ਧਾਰਮਿਕ ਲੋਕ ਤੇ ਇੰਜੀਨੀਅਰ ਕਿੱਥੇ ਸਨ। ਉਨ੍ਹਾਂ ਕਿਹਾ ਕਿ ਨਾ ਤਾਂ ਗੁਰੂਆਂ ਦੀ
ਗੱਲ ਮੰਨੀ ਗਈ, ਨਾ ਹੀ ਵਿਗਿਆਨਕ ਸੋਚ ਅਪਣਾਈ ਗਈ ਤੇ ਨਾ ਹੀ ਸੰਵਿਧਾਨ ਨੂੰ ਮੰਨਿਆ ਗਿਆ।
ਉਨ੍ਹਾਂ ਕਿਹਾ ਕਿ ਸਾਰੇ ਲੋਕ ਇਸ ਪਾਸੇ ਜਾਗਦੇ ਹੋਏ ਇਸ ਤਰ੍ਹਾਂ ਨਾਲ ਕੰਮ ਕਰਨ ਕਿ ਇਹ
ਇਕ ਮਨੁੱਖਤਾ ਦਾ ਵੱਡਾ ਭਲਾ ਹੈ। ਇਸ ਮੌਕੇ ਉਨ੍ਹਾਂ ਨੇ ਭਕਨਾ ਭਵਨ ਵਿਖੇ ਆਰਟ ਗੈਲਰੀ,
ਲਾਇਬਰੇਰੀ ਤੇ ਕਾਨਫਰੰਸ ਹਾਲ ਆਦਿ ਦਾ ਦੌਰਾ ਵੀ ਕੀਤਾ। ਇਸ ਦੌਰਾਨ ਕਾਮਰੇਡ ਵਿਜੇ ਮਿਸਰਾ,
ਕਾਮਰੇਡ ਨਾਜਰ ਸਿੰਘ, ਬੀਬੀ ਸੁਰਿੰਦਰ ਕੌਰ ਤੇ ਰਿਪੁਦਮਨ ਰਿਪੀ ਆਦਿ ਵੀ ਮੌਜੂਦ ਸਨ।