ਮੁੱਖ ਮੰਤਰੀ ’ਤੇ ਜੁੱਤੀ ਸੁੱਟਣ ਦਾ ਮਾਮਲਾ, ਕੇਸ ਦਰਜ ਅਤੇ ਜਾਂਚ ਸ਼ੁਰੂ
Posted on:- 17-08-2014
ਲੁਧਿਆਣਾ : ਸ਼ਹੀਦ ਮਾਸਟਰ ਕਰਨੈਲ ਸਿੰਘ ਈਸੜੂ ਦੀ ਸ਼ਹੀਦੀ ਮੌਕੇ ਪੰਜਾਬ ਸਰਕਾਰ ਵੱਲੋਂ ਆਯੋਜਿਤ ਕੀਤੇ ਗਏ ਰਾਜ ਪੱਧਰੀ ਸਮਾਗਮ ’ਚ ਪੰਜਾਬ ਦੇ ਮੁੱਖ ਮੰਤਰੀ ਸ੍ਰ. ਪਰਕਾਸ਼ ਸਿੰਘ ਬਾਦਲ ਵੱਲ ਜੁੱਤੀ ਸੁੱਟਣ ਦੀ ਨਾਕਾਮ ਕੋਸ਼ਿਸ਼ ਕਰਨ ਵਾਲਾ ਮੁੱਖ ਦੋਸ਼ੀ ਬਿਕਰਮ ਕੁਮਾਰ (36 ਸਾਲ) ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਵਜੋਂ ਪਾਰਟੀ ਲਈ ਕੰਮ ਕਰ ਰਿਹਾ ਹੈ ਅਤੇ ਮੁੱਖ ਮੰਤਰੀ ’ਤੇ ਜੁੱਤੀ ਸੁੱਟਣ ਦੀ ਯੋਜਨਾ ਇਸਨੇ ਅਤੇ ਇਸਦੇ ਚਾਰ ਸਾਥੀਆਂ ਨੇ ਰਲ ਕੇ ਬਣਾਈ ਸੀ। ਇਸ ਸੰਬੰਧੀ ਮੁੱਢਲੀ ਜਾਂਚ ਦਾ ਖੁਲਾਸਾ ਕਰਨ ਲਈ ਜ਼ਿਲ੍ਹਾ ਪੁਲਿਸ ਮੁਖੀ ਖੰਨਾ ਦੇ ਦਫ਼ਤਰ ਵਿਖੇ ਸੱਦੀ ਗਈ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਲੁਧਿਆਣਾ ਰੇਂਜ ਦੇ ਡੀ. ਆਈ. ਜੀ. ਸ੍ਰ. ਗੁਰਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਦੋਸ਼ੀ ਬਿਕਰਮ ਕੁਮਾਰ ਪੁੱਤਰ ਹਮੀਰ ਕੁਮਾਰ ਨੇ ਮੰਨਿਆ ਹੈ ਕਿ ਉਹ ਧਨੌਲਾ (ਜ਼ਿਲ੍ਹਾ ਬਰਨਾਲਾ) ਦਾ ਰਹਿਣ ਵਾਲਾ ਹੈ ਅਤੇ ਉਥੇ ਆਮ ਆਦਮੀ ਪਾਰਟੀ ਦੇ ਕਨਵੀਨਰ ਵਜੋਂ ਪਾਰਟੀ ਲਈ ਕੰਮ ਕਰ ਰਿਹਾ ਹੈ। ਬਿਕਰਮ ਮੂਲ ਰੂਪ ਵਿੱਚ ਹਰੀਪੁਰਾ ਬਸਤੀ ਸ਼ਹਿਰ ਸੰਗਰੂਰ ਦਾ ਰਹਿਣ ਵਾਲਾ ਹੈ। ਆਪ ਪਾਰਟੀ ਵਿੱਚ ਸਰਗਰਮ ਹੋਣ ਤੋਂ ਪਹਿਲਾਂ ਉਹ ਕੱਪੜੇ ਦੀ ਦੁਕਾਨ ’ਤੇ ਕੰਮ ਕਰਦਾ ਸੀ ਪਰ ਹੁਣ ਉਸਨੇ ਇਹ ਨੌਕਰੀ ਛੱਡ ਦਿੱਤੀ ਸੀ ਤੇ ਹੁਣ ਆਪਣੀ ਅਤੇ ਦੋ ਲੜਕਿਆਂ (6 ਸਾਲ ਅਤੇ 8 ਸਾਲ) ਨਾਲ ਧਨੌਲੇ ਵਿਖੇ ਹੀ ਰਹਿਣ ਲੱਗ ਗਿਆ ਸੀ।
ਇਸ ਘਟਨਾ ਨੂੰ ਅੰਜ਼ਾਮ ਦੇਣ ਲਈ ਬਣਾਈ ਗਈ ਸਾਜਿਸ਼ ਵਿੱਚ ਬਿਕਰਮ ਨੇ ਉਸਦੇ ਚਾਰ ਹੋਰ ਸਾਥੀ ਮਹਿੰਦਰਪਾਲ, ਹਰਦੀਪ ਸਿੰਘ ਧਨੌਲਾ, ਇੰਦੀ ਧਨੌਲਾ ਅਤੇ ਤਾਰੀ ਵੀ ਸ਼ਾਮਿਲ ਸਨ। ਇਨ੍ਹਾਂ ਪੰਜਾਂ ਵਿਅਕਤੀਆਂ ਨੇ ਮਿਤੀ 15 ਅਗਸਤ ਨੂੰ ਸਵੇਰੇ 6:30 ਵਜੇ ਇੱਕ ਸਪੀਚ ਦੀ ਰਿਕਾਰਡਿੰਗ ਵੀ ਕੀਤੀ ਸੀ, ਜੋ ਇਨ੍ਹਾਂ ਨੇ ਵਟਸਐਪ, ਯੂਟਿੳੂਬ ਜਾਂ ਹੋਰ ਸੋਸ਼ਲ ਮਾਧਿਅਮਾਂ ਰਾਹੀਂ ਲੋਕਾਂ ਤੱਕ ਪਹੁੰਚਾਉਣੀ ਸੀ। ਕਈ ਵਾਰ ਮੁੱਖ ਮੰਤਰੀ ਦੇ ਨੇੜੇ ਜਾ ਸਕਣ ’ਚ ਨਾਕਾਮ ਰਹਿਣ ਤੋਂ ਬਾਅਦ ਇਨ੍ਹਾਂ ਪੰਜਾਂ ਵਿਅਕਤੀਆਂ ਨੇ ਈਸੜੂ ਦੀ ਕਾਨਫਰੰਸ ਵਿੱਚ ਇਸ ਘਟਨਾ ਨੂੰ ਅੰਜ਼ਾਮ ਦੇਣ ਦੀ ਸਾਜਿਸ਼ ਰਚ ਕੇ ਰੈਲੀ ਵਾਲੇ ਪੰਡਾਲ ਵਿੱਚ ਦਾਖ਼ਲ ਹੋ ਗਏ। ਮੁੁੱਖ ਮੰਤਰੀ ਬਾਦਲ ਦੇ ਬੋਲਣ ਮੌਕੇ ਜੁੱਤੀ ਸੁੱਟਣ ਦੀ ਕੋਸ਼ਿਸ਼ ਨੂੰ ਨਾਕਾਮ ਕਰਕੇ ਪੁਲਿਸ ਨੇ ਦੋਸ਼ੀ ਨੂੰ ਗਿ੍ਰਫ਼ਤਾਰ ਕਰ ਲਿਆ ਹੈ ਅਤੇ ਉਸਤੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ। ਸ੍ਰ. ਢਿੱਲੋਂ ਨੇ ਦੱਸਿਆ ਕਿ ਦੋਸ਼ੀ ਖ਼ਿਲਾਫ਼ ਬਣਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਜਾਵੇਗਾ।