ਅਮਿਤ ਸ਼ਾਹ ਵੱਲੋਂ ਭਾਜਪਾ ਦੀ ਨਵੀਂ ਟੀਮ ਦਾ ਐਲਾਨ
Posted on:- 17-08-2014
ਨਵੀਂ ਦਿੱਲੀ : ਭਾਜਪਾ ਵਿੱਚ ਹੁਣ ਤੱਕ ਦੇ ਸਭ ਤੋਂ ਨੌਜਵਾਨ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਦੀ ਪੂਰੀ ਟੀਮ ਵੀ ਸਭ ਤੋਂ ਨੌਜਵਾਨ ਬਣਾਈ ਗਈ ਹੈ। ਸ਼ਨੀਵਾਰ ਨੂੰ ਐਲਾਨੀ ਕੇਂਦਰੀ ਟੀਮ ਦੀ ਔਸਤ ਉਮਰ 50 ਸਾਲ ਦੇ ਆਸ ਪਾਸ ਹੈ। ਨਵਾਂ ਰੰਗ, ਨਵਾਂ ਜੋਸ਼ ਅਤੇ ਸੰਗਠਨਆਤਮਕ ਸਮਰੱਥਾ ਦੇ ਲਿਹਾਜ ਨਾਲ ਕੁਝ ਵੱਡੇ ਚਿਹਰਿਆਂ ਨੂੰ ਵੀ ਹਟਾਉਣ ਵਿੱਚ ਝਿਜਕ ਨਹੀਂ ਕੀਤੀ ਗਈ। ਨੌਜਵਾਨ ਚਿਹਰਾ ਵਰੁਣ ਗਾਂਧੀ ਨੂੰ ਵੀ ਟੀਮ ਵਿੱਚ ਜਗ੍ਹਾ ਨਹੀਂ ਮਿਲੀ। ਉਥੇ ਆਰਐਸਐਸ ਵਿੱਚੋਂ ਆਏ ਰਾਮ ਮਾਧਵ ਅਤੇ ਸਵਰਗੀ ਪ੍ਰਮਾਦ ਮਹਾਜਨ ਦੀ ਪੁੱਤਰੀ ਪੂਨਮ ਮਹਾਜਨ ਵਰਗੇ ਨਵੇਂ ਚਿਹਰਿਆਂ ਨੂੰ ਵੱਡੀ ਜ਼ਿੰਮੇਵਾਰੀ ਦੇਣ ਵਿੱਚ ਕੋਈ ਝਿਜਕ ਨਹੀਂ ਦਿਖ਼ਾਈ ਦਿੱਤੀ।
ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਬੀਐਸ ਯੇਦੀਯਰੱਪਾ ਨੂੰ ਉਪ ਪ੍ਰਧਾਨ ਬਣਾਇਆ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਸੰਸਦੀ ਬੋਰਡ ਅਤੇ ਚੋਣ ਕਮੇਟੀ ਵਿੱਚ ਵੀ ਕੁਝ ਅਜਿਹੇ ਬਦਲਾਅ ਦੀ ਝਲਕ ਦਿਖੇਗੀ। ਫ਼ਿਲਹਾਲ ਐਲਾਨ ਹੋ ਚੁੱਕੀ ਟੀਮ ਤੋਂ ਇੱਕ ਸਪੱਸ਼ਟ ਸੰਦੇਸ਼ ਉਭਰ ਕੇ ਆਇਆ ਹੈ ਕਿ ਸ਼ਾਹ ਸੰਘ ਦੇ ਨਾਲ ਪੂਰਾ ਤਾਲਮੇਲ ਬਿਠਾਕੇ ਅੱਗੇ ਵਧਣਾ ਚਾਹੁੰਦੇ ਹਨ। ਸੰਘ ਦੇ ਰਸਤੇ ਭਾਜਪਾ ਵਿੱਚ ਆਏ ਸੰਗਠਨ ਜਨਰਲ ਸਕੱਤਰ ਅਤੇ ਜੁਆਇੰਟ ਜਨਰਲ ਸਕੱਤਰਾਂ ਦੀ ਸੰਖਿਆ ਵੀ ਹੁਣ 3 ਤੋਂ ਵਧ ਕੇ 5 ਹੋ ਗਈ ਹੈ।
ਜਦਕਿ ਜਨਰਲ ਸਕੱਤਰ ਦੇ ਪੱਧਰ ’ਤੇ 3 ਅਹੁਦੇਦਾਰਾਂ ਦਾ ਸੰਘ ਨਾਲ ਗਹਿਰਾ ਸਬੰਧ ਦੱਸਿਆ ਜਾ ਰਿਹਾ ਹੈ। ਸਾਫ਼ ਹੈ ਕਿ ਸ਼ਾਹ ਦੇ ਕਾਰਜਕਾਲ ਵਿੱਚ ਸੰਗਠਨ ਨੂੰ ਜ਼ਮੀਨੀ ਪੱਧਰ ਤੱਕ ਪਹੰੁਚਾਉਣ ਦੀ ਕੋਸ਼ਿਸ਼ ਤੇਜ਼ ਹੋਵੇਗੀ। ਸ਼ਾਹ ਨੇ ਆਪਣੀ ਟੀਮ ਵਿੱਚ 11 ਉਪ ਪ੍ਰਧਾਨ, 8 ਜਨਰਲ ਸਕੱਤਰ, 17 ਸਕੱਤਰ ਅਤੇ 10 ਬੁਲਾਰਿਆਂ ਨੂੰ ਸ਼ਾਮਲ ਕੀਤਾ ਹੈ। ਪਿਛਲੇ ਹੀ ਹਫ਼ਤੇ ਰਾਸ਼ਟਰੀ ਕੌਂਸਲ ਤੇ ਪ੍ਰਧਾਨ ਅਹੁਦੇ ’ਤੇ ਮੋਹਰ ਲੱਗਣ ਤੋਂ ਬਾਅਦ ਸ਼ਨੀਵਾਰ ਨੂੰ ਸ਼ਾਹ ਨੇ ਟੀਮ ਦਾ ਐਲਾਨ ਕਰ ਦਿੱਤਾ ਹੈ। ਬੈਠਕ ਵਿੱਚ ਹੀ ਅਗਲੇ ਚਾਰ ਪੰਜ ਸਾਲਾਂ ਵਿੱਚ ਹੋਣ ਵਾਲੀਆਂ ਚੋਣਾਂ ਵਿੱਚ ਜਿੱਤ ਦਾ ਸੰਕਲਪ ਦਿਖ਼ਾਉਂਦੇ ਹੋਏ ਸ਼ਾਹ ਨੇ ਉਤਰ ਪ੍ਰਦੇਸ਼ ਸਮੇਤ ਦੱਖਣ ਦੇ ਰਾਜਾਂ ’ਤੇ ਵਿਸ਼ੇਸ਼ ਦਿੱਤਾ। ਸਿਰਫ਼ ਡੇਢ ਦੋ ਸਾਲ ਪਹਿਲਾਂ ਕੇਂਦਰੀ ਰਾਜਨੀਤੀ ਵਿੱਚ ਆਏ ਅਮਿਤ ਸ਼ਾਹ ਨੇ ਇਹ ਧਿਆਨ ਰੱਖਿਆ ਹੈ ਕਿ ਕਾਰਜਕੁਸ਼ਲਤਾ ਅਤੇ ਸੰਗਠਨਾਤਮਕ ਸਮਰੱਥਾ ਦੀ ਕਸੌਟੀ ’ਤੇ ਪਰਖ਼ੇ ਲੋਕਾਂ ਨੂੰ ਵੀ ਟੀਮ ਵਿੱਚ ਜਗ੍ਹਾ ਦਿੱਤੀ ਜਾਵੇ। ਛੱਤੀਸਗੜ੍ਹ ਦਾ ਕਾਰਜਭਾਰ ਦੇਖਦੇ ਰਹੇ ਜੇਪੀ ਨੱਢਾ, ਮਹਾਰਾਸ਼ਟਰ ਦੇ ਜਨਰਲ ਸਕੱਤਰ ਰਹੇ ਰਾਜੀਵ ਪ੍ਰਤਾਪ ਰੂਡੀ ਨੂੰ ਉਸੇ ਅਹੁਦੇ ’ਤੇ ਰੱਖਿਆ ਗਿਆ ਹੈ। ਸੰਘ ਵਿੱਚ ਆਏ ਰਾਮ ਮਾਧਵ ਨੂੰ ਵੀ ਜਨਰਲ ਸਕੱਤਰ ਦੇ ਅਹੁਦੇ ਦੀ ਅਹਿਮ ਜ਼ਿੰਮੇਵਾਰੀ ਦਿੱਤੀ ਗਈ ਹੈ। ਸੰਘ ਦੇ ਕੋਟੇ ਵਿੱਚੋਂ ਰਾਜਨਾਥ ਸਿੰਘ ਦੇ ਕਾਰਜਕਾਲ ਵਿੱਚ ਮਹਾਂ ਮੰਤਰੀ ਬਣੇ ਮੁਰਲੀਧਰ ਰਾਓ ਦਾ ਵੀ ਸਥਾਨ ਰੱਖਿਆ ਗਿਆ ਹੈ। ਉਪ ਪ੍ਰਧਾਨ ਮੁਖਤਿਆਰ ਅਬਾਸ ਨਕਵੀ, ਬੁਲਾਰੇ ਸ਼ਾਹ ਨਵਾਜ਼ ਹੁਸੈਨ ਅਤੇ ਸ਼ਿਧਾਂਸ਼ੂ ਤਿ੍ਰਵੇਦੀ ’ਤੇ ਵੀ ਸ਼ਾਹ ਨੇ ਵਿਸ਼ਵਾਸ ਪ੍ਰਗਟ ਕੀਤਾ ਹੈ। ਮੁਖਤਿਆਰ ਨੇ ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਪਾਰਟੀ ਦੇ ਪੂਰੇ ਕੰਮ ਕਾਜ ਦਾ ਜ਼ਿੰਮੇਵਾਰੀ ਸੰਭਾਲੀ ਸੀ ਤਾਂ ਸ਼ਾਹ ਨਵਾਜ਼ ਅਤੇ ਸ਼ਿਧਾਂਸ਼ੂ ਨੇ ਬਤੌਰ ਬੁਲਾਰੇ ਵਜੋਂ ਹਰ ਮੁੱਦੇ ’ਤੇ ਮੋਰਚਾ ਸੰਭਾਲਿਆ ਸੀ। ਇਸ ਵਾਰ ਸ਼ਿਧਾਂਸੂ ਨੂੰ ਸਕੱਤਰ ਦਾ ਅਹੁਦਾ ਨਹੀਂ ਮਿਲਿਆ। ਸ਼ਾਹ ਨਵਾਜ ਲਗਾਤਾਰ 10 ਸਾਲਾਂ ਤੋਂ ਬੁਲਾਰੇ ਦੇ ਅਹੁਦੇ ’ਤੇ ਬਰਕਰਾਰ ਹਨ। ਅਹੁਦਾ ਨਾ ਮਿਲਣ ’ਤੇ ਆਪਣੀ ਸਫ਼ਾਈ ਦਿੰਦੇ ਹੋਏ ਵਰੁਣ ਗਾਂਧੀ ਨੇ ਕਿਹਾ ਕਿ ਨਵੇਂ ਬੰਦਿਆਂ ਨੂੰ ਵੀ ਮੌਕਾ ਮਿਲਣਾ ਚਾਹੀਦਾ ਹੈ।