ਨਵਾਜ਼ ਸ਼ਰੀਫ਼ ਨੇ ਆਜ਼ਾਦੀ ਦਿਵਸ 'ਤੇ ਚੁੱਕਿਆ ਕਸ਼ਮੀਰ ਮੁੱਦਾ
Posted on:- 15-08-2014
ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੇ ਕਸ਼ਮੀਰ ਮੁੱਦਾ ਉਠਾਉਂਦਿਆਂ ਕਿਹਾ ਹੈ ਕਿ ਭਾਰਤ ਅਤੇ ਪਾਕਿਸਤਾਨ ਦੇ ਰਿਸ਼ਤਿਆਂ 'ਚ ਤਣਾਅ ਦਾ ਇਹ ਮੁੱਖ ਸਰੋਤ ਹੈ। ਉਨ੍ਹਾ ਨੇ ਦੁਵੱਲੇ ਸੰਬੰਧਾਂ ਨੂੰ ਮਜ਼ਬੂਤ ਕਰਨ ਲਈ ਨਵੇਂ ਤਰੀਕੇ ਲੱਭਣ ਲਈ ਇਸ ਮੁੱਦੇ ਦੇ ਸ਼ਾਂਤੀਪੂਰਨ ਹੱਲ ਦੀ ਵਕਾਲਤ ਕੀਤੀ ਹੈ।ਇਸਲਾਮਾਬਾਦ 'ਚ ਅੱਧੀ ਰਾਤ ਤੋਂ ਬਾਅਦ ਆਜ਼ਾਦੀ ਦਿਵਸ ਪ੍ਰੇਡ ਨੂੰ ਸੰਬੋਧਨ ਕਰਦਿਆਂ ਨਵਾਜ਼ ਸ਼ਰੀਫ਼ ਨੇ ਕਿਹਾ ਹੈ ਕਿ ਅਸੀਂ ਆਪਣੀ ਪੂਰੀ ਗੰਭੀਰਤਾ ਨਾਲ ਕਸ਼ਮੀਰ ਮੁੱਦੇ ਦਾ ਸ਼ਾਂਤੀਪੂਰਨ ਹੱਲ ਚਾਹੁੰਦੇ ਹਾਂ, ਤਾਂ ਕਿ ਤਣਾਅ ਦੇ ਇਸ ਮੁੱਖ ਸਰੋਤ ਨੂੰ ਖ਼ਤਮ ਕਰਕੇ ਪਾਕਿਸਤਾਨ ਅਤੇ ਭਾਰਤ ਆਪਣੇ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਦੇ ਨਵੇਂ ਤਰੀਕੇ ਲੱਭ ਸਕਣ।
ਨਵਾਜ਼ ਸ਼ਰੀਫ਼ ਦਾ ਇਹ ਬਿਆਨ ਉਸ ਵੇਲੇ ਆਇਆ ਹੈ, ਜਦੋਂ ਦੋ ਦਿਨ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਭਾਸ਼ਣ 'ਚ ਪਾਕਿਸਤਾਨ ਉੱਪਰ ਭਾਰਤ ਵਿਰੁੱਧ ਅੱਤਵਾਦ ਦੀ ਲੁਕਵੀਂ ਜੰਗ 'ਚ ਸ਼ਾਮਲ ਹੋਣ ਦੇ ਦੋਸ਼ ਲਾਏ ਸਨ। ਭਾਰਤ ਅਤੇ ਪਾਕਿਸਤਾਨ ਵਿਚਾਲੇ ਇੱਕ ਦੂਜੇ ਉੱਪਰ ਦੋਸ਼ ਲਾਉਣ ਦਾ ਦੌਰ ਚੱਲ ਰਿਹਾ ਹੈ। ਭਾਰਤ ਦਾ ਕਹਿਣਾ ਹੈ ਕਿ ਚਿੰਤਾ ਤਾ ਮੁੱਖ ਕਾਰਨ ਅੱਤਵਾਦ ਹੈ। ਪਾਕਿਸਤਾਨ ਨੇ ਮੋਦੀ ਦੇ ਬਿਆਨ ਅਤੇ ਦੋਸ਼ਾਂ ਨੂੰ ਅਧਾਰਹੀਣ ਅਤੇ ਮੰਦਭਾਗਾ ਕਰਾਰ ਦਿੱਤਾ ਸੀ। ਭਾਰਤ ਨੇ ਪਿਛਲੇ ਹਫ਼ਤਿਆਂ ਦੌਰਾਨ ਪਾਕਿਸਤਾਨ ਵੱਲੋਂ ਗੋਲੀਬੰਦੀ ਦੀਆਂ ਲਗਾਤਾਰ ਵੱਧ ਰਹੀਆਂ ਘਟਨਾਵਾਂ ਬਾਰੇ ਚਿੰਤਾ ਜ਼ਾਹਿਰ ਕੀਤੀ ਹੈ।
ਨਵਾਜ਼ ਸ਼ਰੀਫ਼ ਨੇ ਆਪਣੇ ਭਾਸ਼ਣ 'ਚ ਕਿਹਾ ਹੈ ਕਿ ਗਵਾਂਢੀਆਂ ਨਾਲ ਸ਼ਾਂਤੀਪੂਰਨ ਰਿਸ਼ਤਿਆਂ ਨੂੰ ਹੱਲਾਸ਼ੇਰੀ ਦੇਣਾ ਉਨ੍ਹਾ ਦੀ ਵਿਦੇਸ਼ ਨੀਤੀ ਦਾ ਪ੍ਰਮੁੱਖ ਸਿਧਾਂਤ ਹੈ। ਉਨ੍ਹਾ ਕਿਹਾ ਕਿ ਪਾਕਿਸਤਾਨ ਸ਼ਾਂਤੀਪੂਰਨ ਹੈ ਅਤੇ ਦੇਸ਼ ਸ਼ਾਂਤੀ ਵੱਲ ਵਧ ਰਿਹਾ ਹੈ ਅਤੇ ਆਪਣੀਆਂ ਸਰਹੱਦਾਂ 'ਤੇ ਸ਼ਾਂਤੀ ਚਾਹੁੰਦਾ ਹੈ। ਸ਼ਰੀਫ਼ ਨੇ ਅਫ਼ਗਾਨਿਸਤਾਨ 'ਚ ਸਥਾਈ ਸ਼ਾਂਤੀ ਦੀ ਵਕਾਲਤ ਕੀਤੀ ਹੈ, ਤਾਂ ਕਿ ਸਮੁੱਚੇ ਖਿੱਤੇ ਦਾ ਵਿਕਾਸ ਹੋ ਸਕੇ। ਸੰਸਦ ਕੰਪਲੈਕਸ 'ਚ ਰੱਖੇ ਗਏ ਸਮਾਗਮ 'ਚ ਤਿੰਨਾਂ ਫ਼ੌਜਾਂ ਦੇ ਮੁਖੀ, ਕਈ ਮੰਤਰੀ ਅਤੇ ਸੀਨੀਅਰ ਅਫ਼ਸਰ ਹਾਜ਼ਰ ਸਨ। ਸ਼ਰੀਫ਼ ਨੇ ਕਿਹਾ ਕਿ ਉਹ ਆਪਣੇ ਗਵਾਂਢੀ ਮੁਲਕਾਂ ਨਾਲ ਬਿਹਤਰ ਸੰਬੰਧ ਚਾਹੁੰਦੇ ਹਨ।